ਨਰਸਿੰਗ ਸਟਾਫ ਵਲੋਂ ਪਿਛਲੇ ਸੋਲਵੇ ਦਿਨ ਤੋਂ ਤਿੰਨੇ ਸ਼ਿਫਟਾਂ ਦਾ ਕੰਮ ਠੱਪ
ਪਟਿਆਲਾ (ਮਧੂਸਾਰ ਬਿਊਰੋ )
ਰਜਿੰਦਰਾ ਹਸਪਤਾਲ ਪਟਿਆਲਾ, ਮੈਡੀਕਲ ਕਾਲਜ ਪਟਿਆਲਾ, ਟੀ.ਬੀ. ਹਸਪਤਾਲ ਪਟਿਆਲਾ ਦੇ ਸਮੂੰਹ ਸਟਾਫ ਨਰਸਿੰਗ ਸਟਾਫ ਵਲੋਂ ਪਿਛਲੇ ਸੋਲਵੇ ਦਿਨ ਤੋਂ ਤਿੰਨੇ ਸ਼ਿਫਟਾਂ ਦਾ ਕੰਮ ਠੱਪ ਰਿਹਾ ਅਤੇ ਐਮਰਜੰਸੀ ਸੇਵਾਵਾਂ ਵੀ ਬੰਦ ਰਹੀਆਂ।
ਓ.ਪੀ.ਡੀ. ਦੇ ਸਾਹਮਣੇ ਸ਼ਾਤਮਈ ਢੰਗ ਨਾਲ ਰੋਸ ਧਰਨਾ ਦਿੱਤਾ ਗਿਆ। ਕਰਮਜੀਤ ਕੌਰ ਔਲਖ ਨੇ ਕਿਹਾ ਕਿ ਕਰਵਾਚੋਥ ਦਾ ਤਿਉਹਾਰ ਅਸੀਂ ਓ.ਪੀ.ਡੀ. ਦੇ ਸਾਹਮਣੇ ਹੀ ਮਨਾਇਆ। ਨੰਨੀਆਂ ਛਾਵਾਂ ਨੇ ਓ.ਪੀ.ਡੀ. ਦੇ ਸਾਹਮਣੇ ਸੜਕ ਤੇ ਬੈਠ ਕੇ ਪੰਡਿਤ ਤੋਂ ਕਹਾਣੀ ਸੁਣੀ ਗਈ। ਹਰਸਿਮਰਤ ਬਾਦਲ ਦਾਅਵੇ ਕਰਦੀ ਹੈ ਕਿ ਨੰਨੀਆਂ ਛਾਵਾਂ ਨੂੰ ਕੁੱਖ ਵਿੱਚ ਨਾ ਮਾਰੋ, ਉਨ੍ਹਾਂ ਨੂੰ ਪੜਾਓ, ਲਿਖਾਓ, ਅਤੇ ਉਨ੍ਹਾਂ ਦੀਆਂ ਪੜੀਆਂ ਲਿਖੀਆਂ ਨੰਨੀਆਂ ਛਾਵਾਂ ਸਟਾਫ ਨਰਸਾਂ ਅੱਜ ਸੜਕ ਤੇ ਬੈਠ ਕੇ ਵਰਤ ਦੀ ਕਹਾਣੀ ਸੁਣ ਰਹੀਆਂ ਹਨ। ਇਸ ਮੌਕੇ ਦੱਸਿਆ ਕਿ 23 ਨਵੰਬਰ 2016 ਤੱਕ ਜੇਕਰ ਲਿਖਤੀ ਰੂਪ ਵਿੱਚ ਰੈਗੂਲਰ ਦੀ ਲਿਖਤੀ ਰੂਪ ਵਿੱਚ ਨੋਟੀਫਿਕੇਸ਼ਨ ਜਾਰੀ ਨਾ ਕੀਤੀ ਗਈ ਜਾਂ ਮੁੱਖ ਮੰਤਰੀ / ਉਪ ਮੁੱਖ ਮੰਤਰੀ ਨਾਲ ਮੀਟਿੰਗ ਨਾ ਹੋਈ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਨਰਸਿੰਗ ਸਟਾਫ ਨੇ ਮੰਗ ਕੀਤੀ ਕਿ ਆਉਣ ਵਾਲੀ ਕੈਬਨਿਟ ਦੀ ਮੀਟਿੰਗ ਵਿੱਚ ਸਾਡੀ ਰੈਗੂਲਰ ਦੀ ਮੰਗ ਨੂੰ ਲਿਖਤੀ ਰੂਪ ਵਿੱਚ ਲਾਗੂ ਕੀਤਾ ਜਾਵੇ। ਜੇਕਰ ਅਜਿਹਾ ਨਾ ਹੋਇਆ ਤਾਂ ਅਣਮਿੱਥੇ ਸਮੇਂ ਲਈ ਹਾਈਵੇਅ ਨੂੰ ਪੱਕੇ ਤੌਰ ਤੇ ਜਾਮ ਕੀਤਾ ਜਾਵੇਗਾ ਜਾਂ ਮੁੱਖ ਮੰਤਰੀ ਸਾਹਿਬ ਦੇ ਘਰ ਚੰਡੀਗੜ੍ਹ ਦਾ ਘਿਰਾਓ ਕੀਤਾ ਜਾਵੇਗਾ। ਇਸ ਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ, ਪ੍ਰਸ਼ਾਸ਼ਨ ਅਤੇ ਉੱਚ ਅਧਿਕਾਰੀਆਂ ਦੀ ਹੋਵੇਗੀ। ਇਸ ਮੌਕੇ ਤੇ ਮਨਪ੍ਰੀਤ ਕੌਰ ਚੰਦੜ, ਜਸਮੀਤ ਕੌਰ, ਰਿੰਤੂ ਬਾਲਾ, ਮਨਪ੍ਰੀਤ ਕੌਰ ਮੋਗਾ, ਅਮਨਦੀਪ ਕੌਰ ਸੰਧੂ, ਹਰਜੀਤ ਕੌਰ, ਅੰਮ੍ਰਿਤ, ਮਨਪ੍ਰੀਤ ਮੋਗਾ, ਆਦਿ ਸ਼ਾਮਲ ਸਨ।

