ਪੰਜਾਬ ਕਾਂਗਰਸ ਦੇ ਸਾਬਕਾ ਸਕੱਤਰ ਭੁਪਿੰਦਰ ਸਿੰਘ ਬਿੱਟੂ ਅਤੇ ਸਾਬਕਾ ਡਿਪਟੀ ਐਡਵੋਕੇਟ ਜਨਰਲ (ਪੰਜਾਬ) ਗੁਲਸ਼ਨ ਸ਼ਰਮਾ ਨੇ ਆਪ ਦਾ ਪੱਲਾ ਫੜਿਆ
ਬਿਟੂ ਨੇ ਖਡੂਰ ਸਾਹਿਬ ਜਿਮਨੀ ਚੋਣ ਅਜਾਦ ਉਮੀਦਵਾਰ ਵਜੋਂ ਲੜਕੇ 18 ਹਜਾਰ ਵੋਟਾਂ ਪ੍ਰਾਪਤ ਕੀਤੀਆਂ ਸਨ
ਸਾਬਕਾ ਮੰਤਰੀ ਪੰਡਿਤ ਬਾਲ ਮੁਕੰਦ ਸ਼ਰਮਾ ਦੇ ਸਪੁੱਤਰ ਗੁਲਸ਼ਨ ਸ਼ਰਮਾ 1990 ਤੋਂ 1992 ਤੱਕ ਪੰਜਾਬ ਦੇ ਡਿਪਟੀ ਐਡਵੋਕੇਟ ਜਨਰਲ ਰਹੇ
ਚੰਡੀਗੜ (ਮਧੂਸਾਰ ਬਿਊਰੋ) ਪੰਜਾਬ ਕਾਂਗਰਸ ਦੇ ਸਾਬਕਾ ਸਕੱਤਰ ਭੁਪਿੰਦਰ ਸਿੰਘ ਬਿਟੂ ਜਿੰਨਾਂ ਨੇ ਖਡੂਰ ਸਾਹਿਬ ਜਿਮਨੀ ਚੋਣ ਅਜਾਦ ਉਮੀਦਵਾਰ ਵਜੋਂ ਲੜਕੇ 18 ਹਜਾਰ ਵੋਟਾਂ ਪ੍ਰਾਪਤ ਕੀਤੀਆਂ ਸਨ ਅਤੇ ਪੰਜਾਬ ਦੇ ਸਾਬਕਾ ਡਿਪਟੀ ਐਡਵੋਕੇਟ ਜਨਰਲ ਗੁਲਸ਼ਨ ਸ਼ਰਮਾ ਨੇ ਅੱਜ ਆਮ ਆਦਮੀ ਪਾਰਟੀ ਦੇ ਸੂਬਾ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਦੀ ਹਾਜਰੀ ਵਿਚ ਆਪ ਦਾ ਪੱਲਾ ਫੜ ਲਿਆ।
ਬਿਟੂ 1998 ਵਿਚ ਖਡੂਰ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਰਹੇ ਅਤੇ ਗ੍ਰਾਮ ਸਭਾ ਖਵਾਸਪੁਰ ਦੇ ਸਰਪੰਚ ਰਹੇ। ਇਸ ਤੋਂ ਬਿਨਾ ਉਹ 2008 ਤੋਂ 2013 ਮਾਰਕਿਟ ਕਮੇਟੀ ਖਡੂਰ ਸਾਹਿਬ ਦੇ ਚੇਅਰਮੈਨ ਵੀ ਰਹੇ।
ਗੁਲਸ਼ਨ ਸ਼ਰਮਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਪੰਜਾਬ ਵਲੋਂ ਡਿਪਟੀ ਐਡਵੋਕੇਟ ਜਨਰਲ ਵਜੋਂ 1990 ਤੋਂ 1992 ਤੱਕ ਸੇਵਾਵਾਂ ਦੇ ਚੁੱਕੇ ਹਨ। ਉਨਾਂ ਦੇ ਪਿਤਾ ਪੰਡਿਤ ਬਾਲ ਮੁਕੰਦ ਸ਼ਰਮਾ ਫਿਰੋਜਪੁਰ ਤੋਂ 5 ਵਾਰ ਐਮ.ਐਲ.ਏ ਰਹਿ ਚੁੱਕੇ ਹਨ ਅਤੇ ਬੇਅੰਤ ਸਿੰਘ ਦੀ ਸਰਕਾਰ ਵਿਚ ਮੰਤਰੀ ਵਜੋਂ ਜਿਮੇਵਾਰੀ ਨਿਭਾ ਚੁੱਕੇ ਹਨ।
ਪਾਰਟੀ ਵਿਚ ਬਿਟੂ ਅਤੇ ਗੁਲਸ਼ਨ ਦਾ ਸਵਾਗਤ ਕਰਦਿਆਂ ਗੁਰਪ੍ਰੀਤ ਵੜੈਚ ਨੇ ਕਿਹਾ ਕਿ ਪੰਜਾਬ ਦੇ ਲੋਕ ਮੌਜੂਦਾ ਸਿਆਸੀ ਪਾਰਟੀਆਂ ਤੋਂ ਅੱਕ ਚੁੱਕੇ ਹਨ ਅਤੇ ਸੂਬੇ ਵਿਚੋਂ ਬੇਰੋਜਗਾਰੀ ਭ੍ਰਿਸ਼ਟਾਚਾਰ, ਨਸ਼ਾ ਅਤੇ ਹੋਰ ਬਿਮਾਰੀਆਂ ਨੂੰ ਖਤਮ ਕਰਨ ਲਈ ਆਪ ਦਾ ਝਾੜੂ ਫੜ ਰਹੇ ਹਨ। ਕਾਂਗਰਸ ਲਿਡਰਸ਼ਿਪ ਦੀ ਆਲੋਚਨਾ ਕਰਦਿਆਂ ਬਿਟੂ ਨੇ ਕਿਹਾ ਕਿ ਕਾਂਗਰਸ ਪਾਰਟੀ ਵਿਚ ਇਕ ਵਿਰੋਧੀ ਧਿਰ ਵਜੋਂ ਆਪਣੀ ਭੂਮਿਕਾ ਨਿਭਾਉਣ ਵਿਚ ਪੂਰੀ ਤਰਾ ਫੇਲ ਰਹੀ ਹੈ ਅਤੇ ਉਹ ਲੋਕਾਂ ਦੀ ਅਵਾਜ ਚੁਕਣ ਵਿਚ ਅਸਫਲ ਰਹੀ ਹੈ। ਉਨਾਂ ਨੇ ਕਿਹਾ ਕਿ ਕਾਂਗਰਸ ਨੇ ਲੱਖਾਂ ਨੌਜਵਾਨਾਂ ਦੇ ਪੰਜਾਬ ਨੂੰ ਬਦਲਣ ਦੇ ਸੁਪਨੇ ਨੂੰ ਚਕਨਾ ਚੂਰ ਕੀਤਾ ਹੈ। ਗੁਲਸ਼ਨ ਸ਼ਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਨੂੰ ਬਚਾਉਣ ਦਾ ਇਕ ਆਖਿਰੀ ਉਪਰਾਲਾ ਹੈ ਅਤੇ ਉਹ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿਚ ਇਕ ਨਵੇਂ ਸਮਾਜ ਨੂੰ ਸਿਰਜਣ ਲਈ ਜੀ ਤੋੜ ਮਿਹਨਤ ਕਰਨਗੇ।
ਆਪ ਦੇ ਜਨਰਲ ਸਕਤੱਰ ਗੁਲਸ਼ਨ ਛਾਬੜਾ, ਉਪ ਪ੍ਰਧਾਨ ਡਾ. ਬਲਬੀਰ ਸਿੰਘ ਸੈਣੀ, ਪ੍ਰਿੰਸੀਪਲ ਬਲਦੇਵ ਸਿੰਘ ਅਜਾਦ, ਬੂਟਾ ਸਿੰਘ ਅਸ਼ਾਂਤ, ਕਰਨਲ ਸੀਐਮ ਲਖਨਪਾਲ, ਦਲਬੀਰ ਸਿੰਘ ਢਿੱਲੋਂ, ਸਾਬਕਾ ਫੌਜੀ ਵਿੰਗ ਦੇ ਮੁੱਖੀ ਕੈਪਟਨ ਬਿਕਰਮਜੀਤ ਸਿੰਘ ਪਾਹੂਵਿੰਡੀਆ, ਨੈਸ਼ਨਲ ਕਾਉਸਲ ਮੈਂਬਰ ਹਰਿੰਦਰ ਸਿੰਘ ਅਤੇ ਸਕੱਤਰ ਮੇਜਰ ਸਿੰਘ ਇਸ ਮੌਕੇ ਹਾਜਰ ਸਨ।

