ਬਾਦਲ ਵੱਲੋਂ ਸੂਬੇ ਵਿੱਚ ਝੀਂਗਾ ਮੱਛੀ ਦੇ ਉਤਪਾਦਨ ‘ਤੇ 50 ਫੀਸਦੀ ਦੇਣ ਦਾ ਐਲਾਨ
ਮੁੱਖ ਮੰਤਰੀ ਨੇ ਝੀਂਗਾ ਮੱਛੀ ਦੇ ਉਤਪਾਦਨ ਨੂੰ ਹੁਲਾਰਾ ਦੇਣ ਲਈ ‘ਝੀਂਗਾ ਉਤਪਾਦਕ ਸੁਸਾਇਟੀ’ ਬਣਾਉਣ ਲਈ ਆਖਿਆ
ਅਗਾਂਹਵਧੂ ਮੱਛੀ ਪਾਲਕ ਲਖਵਿੰਦਰ ਸਿੰਘ ਨੂੰ ਗਣਤੰਤਰ ਦਿਵਸ ਮੌਕੇ ਸਨਮਾਨਿਤ ਕਰਨ ਲਈ ਵਿਭਾਗ ਨੂੰ ਨਾਮ ਭੇਜਣ ਲਈ ਆਖਿਆ
ਚੰਡੀਗੜ੍ਹ, 20 ਅਕਤੂਬਰ (ਮਧੂਸਾਰ ਬਿਊਰੋ)
ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਸੂਬੇ ਵਿੱਚ ਝੀਂਗਾ ਮੱਛੀ ਦੇ ਉਤਪਾਦਨ ਨੂੰ ਉਤਸ਼ਾਹਿਤ ਕਰਨ ਲਈ ਇਸ ‘ਤੇ 50 ਫੀਸਦੀ ਸਬਸਿਡੀ ਦੇਣ ਦਾ ਐਲਾਨ ਕੀਤਾ ਹੈ।
ਇਹ ਫੈਸਲਾ ਸ. ਬਾਦਲ ਨੇ ਅੱਜ ਸਵੇਰੇ ਆਪਣੇ ਨਿਵਾਸ ਸਥਾਨ ‘ਤੇ ਅਗਾਂਹਵਧੂ ਮੱਛੀ ਪਾਲਕਾਂ ਤੇ ਮੱਛੀ ਮਾਹਿਰਾਂ ਦੇ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਲਿਆ।
Îਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਅਗਾਂਹਵਧੂ ਕਿਸਾਨਾਂ ਨੂੰ ਮੱਛੀ ਪਾਲਕਾਂ, ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇਸੰਜ਼ ਯੂਨੀਵਰਿਸਟੀ (ਗਡਵਾਸੂ), ਮੱਛੀ ਮਾਹਿਰਾਂ ਅਤੇ ਸੂਬੇ ਦੇ ਮੱਛੀ ਪਾਲਣ ਵਿਭਾਗ ਦੇ ਅਧਿਕਾਰੀਆਂ ਦੀ ਢੁਕਵੀਂ ਨੁਮਾਇੰਦਗੀ ਵਾਲੀ ‘ਝੀਂਗਾ ਉਤਪਾਦਕ ਸੁਸਾਇਟੀ’ ਬਣਾਉਣ ਲਈ ਆਖਿਆ ਤਾਂ ਜੋ ਝੀਂਗਾ ਦੇ ਉਤਪਾਦਨ ਨੂੰ ਵਿਗਿਆਨਕ ਲੀਹਾਂ ‘ਤੇ ਵਧਾਇਆ ਜਾ ਸਕੇ।
ਸ. ਬਾਦਲ ਨੇ ਵਧੀਕ ਮੁੱਖ ਸਕੱਤਰ (ਪਸ਼ੂ ਪਾਲਣ, ਡੇਅਰੀ ਤੇ ਮੱਛੀ ਪਾਲਣ) ਨੂੰ ਨਿਰਦੇਸ਼ ਦਿੱਤੇ ਕਿ ਉਹ ਇਛੁੱਕ ਮੱਛੀ ਪਾਲਕਾਂ ਨੂੰ ਭਾਰਤੀ ਖੇਤੀ ਖੋਜ ਪ੍ਰਸ਼ੀਦ (ਆਈ.ਸੀ.ਏ.ਆਰ.), ਮੱਛੀ ਪਾਲਣ ਸਿੱਖਿਆ ਦੀ ਕੇਂਦਰੀ ਸੰਸਥਾ (ਸੀ.ਆਈ. ਐਫ.ਈ.) ਰੋਹਤਕ (ਹਰਿਆਣਾ) ਵਿਖੇ ਝੀਂਗਾ ਉਤਪਾਦਨ ਦੀਆਂ ਨਵੀਆਂ ਤਕਨੀਕਾਂ ਬਾਰੇ ਗਿਆਨ ਹਾਸਲ ਕਰਨ ਲਈ ਸਿਖਲਾਈ ‘ਤੇ ਭੇਜਣ। ਇਸੇ ਤਰ੍ਹਾਂ ਹੀ ਮੁੱਖ ਮੰਤਰੀ ਨੇ ਮੱਛੀ ਪਾਲਣ ਵਿਭਾਗ ਨੂੰ ਵੀ ਸੂਬੇ ਦੇ ਅਗਾਂਹਵਧੂ ਮੱਛੀ ਪਾਲਕਾਂ ਦਾ ਵਫ਼ਦ ਆਂਧਰਾ ਪ੍ਰਦੇਸ਼ ਵਿੱਚ ਝੀਂਗਾ ਮੱਛੀ ਦੇ ਪਾਲਣ ਬਾਰੇ ਅਤੀ ਆਧੁਨਿਕ ਤਕਨੀਕਾਂ ਦੀ ਜਾਣਕਾਰੀ ਹਾਸਲ ਕਰਨ ਲਈ ਭੇਜਣ ਲਈ ਆਖਿਆ। ਸ. ਬਾਦਲ ਨੇ ਮੱਛੀ ਪਾਲਣ ਵਿਭਾਗ, ਗਡਵਾਸੂ ਨੂੰ ਨਿਯਮਤ ਅਧਾਰਿਤ ਪਾਣੀ ਦੇ ਮਿਆਰ ਦੀ ਪਰਖ ਲਈ ਸੁਸਾਇਟੀ ਦੇ ਨਾਲ ਤਾਲਮੇਲ ਕਰਨ ਲਈ ਆਖਿਆ ਤਾਂ ਜੋ ਝੀਂਗਾ ਮੱਛੀ ਦਾ ਮਿਆਰ ਤੇ ਮਿਕਦਾਰ ਦੇ ਪੱਖ ਤੋਂ ਵੱਧ ਤੋਂ ਵੱਧ ਉਤਪਾਦਨ ਯਕੀਨੀ ਬਣਾਇਆ ਜਾ ਸਕੇ।
ਮੁੱਖ ਮੰਤਰੀ ਨੇ ਸੂਬੇ ਵਿੱਚ ਮੱਛੀ ਦੇ ਉਤਪਾਦਨ ਵਿੱਚ ਹੁਲਾਰਾ ਦੇਣ ਲਈ ਭਾਰਤ ਸਰਕਾਰ ਕੋਲ ਪੰਜਾਬ ਵਿੱਚ ਹਰਿਆਣਾ ਦੇ ਰੋਹਤਕ ਵਰਗਾ ਆਈ.ਸੀ.ਏ.ਆਰ.-ਸੀ.ਆਈ.ਐਫ.ਈ. ਸੈਂਟਰ ਅਲਾਟ ਕਰਨ ਦਾ ਮਾਮਲਾ ਉਠਾਉਣ ਦਾ ਅਗਾਂਹਵਧੂ ਮੱਛੀ ਪਾਲਕਾਂ ਨੂੰ ਭਰੋਸਾ ਦਿਵਾਇਆ। ਸ. ਬਾਦਲ ਨੇ ਉਮੀਦ ਜ਼ਾਹਰ ਕੀਤੀ ਕਿ ਇਹ ਸੈਂਟਰ ਲਾਜ਼ਮੀ ਤੌਰ ‘ਤੇ ਸੂਬੇ ਵਿੱਚ ਮੱਛੀ ਦਾ ਉਤਪਾਦਨ ਵਧਾਉਣ ਲਈ ਮੀਲ ਦਾ ਪੱਥਰ ਸਾਬਤ ਹੋਵੇਗਾ। ਮੁੱਖ ਮੰਤਰੀ ਨੇ ਝੀਂਗਾ ਮੱਛੀ ਨੂੰ ਮੱਛੀ ਫਾਰਮਾਂ ਤੋਂ ਨੇੜੇ ਦੀਆਂ ਮੱਛੀ ਮਾਰਕੀਟਾਂ ਵਿੱਚ ਲਿਜਾਣ ਲਈ ਆਵਾਜਾਈ ਦੇ ਸਾਧਨ ਮੁੱਹਈਆ ਕਰਵਾਉਣ ਵਾਸਤੇ ਵਿਭਾਗ ਨੂੰ ਇਕ ਗੱਡੀ ਖਰੀਦਣ ਦੀ ਆਗਿਆ ਦੇ ਦਿੱਤੀ ਹੈ। ਉਨ੍ਹਾਂ ਨੇ ਵਾਰਡਨ ਤੇ ਡਾਇਰੈਕਟਰ ਮੱਛੀ ਪਾਲਣ ਨੂੰ ਨਿਰਦੇਸ਼ ਦਿੱਤੇ ਕਿ ਉਹ ਉੱਘੀਆਂ ਕੰਪਨੀਆਂ ਦੇ ਨਾਲ ਤਾਲਮੇਲ ਰੱਖਣ ਤਾਂ ਜੋ ਮੱਛੀ ਪਾਲਕਾਂ ਨੂੰ ਮੱਛੀਆਂ ਦੇ ਖਾਣ ਲਈ ਮਿਆਰੀ ਖੁਰਾਕ ਮੁਹੱਈਆ ਕਰਵਾਈ ਜਾ ਸਕੇ ਅਤੇ ਉਹ ਆਪਣੇ ਇਸ ਵਪਾਰ ਤੋਂ ਵੱਧ ਤੋਂ ਵੱਧ ਲਾਭ ਹਾਸਲ ਕਰ ਸਕਣ।
ਮੁੱਖ ਮੰਤਰੀ ਨੇ ਵਧੀਕ ਮੁੱਖ ਸਕੱਤਰ (ਪਸ਼ੂ ਪਾਲਣ, ਡੇਅਰੀ ਤੇ ਮੱਛੀ ਪਾਲਣ) ਨੂੰ ਸੂਬੇ ਦੇ ਮੱਛੀ ਪਾਲਕਾਂ ਵਾਸਤੇ ਮਾਰਕੀਟ ਯਕੀਨੀ ਬਣਾਉਣ ਲਈ ਆਖਿਆ ਹੈ ਤਾਂ ਜੋ ਉਹ ਕਣਕ-ਝੋਨੇ ਦੇ ਰਵਾਇਤੀ ਚੱਕਰਾਂ ਵਿੱਚੋਂ ਨਿਕਲ ਕੇ ਬਦਲਵੇਂ ਕਿੱਤੇ ਵਜੋਂ ਮੱਛੀ ਪਾਲਣ ਨੂੰ ਉਤਸ਼ਾਹ ਨਾਲ ਅਪਣਾ ਸਕਣ। ਉਨ੍ਹਾਂ ਨੇ ਉਮੀਦ ਪ੍ਰਗਟ ਕੀਤੀ ਕਿ ਇਹ ਸੂਬੇ ਲਈ ਬਹੁਤ ਜ਼ਿਆਦਾ ਮਦਦਗਾਰ ਹੋਵੇਗਾ ਅਤੇ ਇਸ ਨਾਲ ਖੇਤੀ ਵਿਭਿੰਨਤਾ ਵੱਲ ਵਧਿਆ ਜਾ ਸਕੇ ਜੋ ਕਿ ਸਮੇਂ ਦੀ ਲੋੜ ਹੈ।
ਸ. ਬਾਦਲ ਨੇ ਮੱਛੀ ਪਾਲਣ ਵਿਭਾਗ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਰੱਤਾ ਖੇੜਾ ਪਿੰਡ ਦੇ ਅਗਾਂਹਵਧੂ ਮੱਛੀ ਪਾਲਕ ਲਖਵਿੰਦਰ ਸਿੰਘ ਨੂੰ ਆਉਂਦੇ ਗਣਤੰਤਰ ਦਿਵਸ ਮੌਕੇ ਰਾਜ ਪੱਧਰੀ ਐਵਾਰਡ ਨਾਲ ਸਨਮਾਨਿਤ ਕਰਨ ਸਬੰਧੀ ਕੇਸ ਸੂਬਾ ਸਰਕਾਰ ਨੂੰ ਭੇਜਣ ਲਈ ਆਖਿਆ ਤਾਂ ਜੋ ਸੂਬੇ ਵਿੱਚ ਮੱਛੀ ਪਾਲਣ ਨੂੰ ਹੁਲਾਰਾ ਦੇਣ ਲਈ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਮਾਨਤਾ ਦਿੱਤੀ ਜਾ ਸਕੇ।
ਇਸ ਮੌਕੇ ਹਾਜ਼ਰ ਹੋਰਨਾਂ ਵਿੱਚ ਵਧੀਕ ਮੁੱਖ ਸਕੱਤਰ ਪਸ਼ੂ ਪਾਲਣ, ਡੇਅਰੀ ਤੇ ਮੱਛੀ ਪਾਲਣ ਸ੍ਰੀ ਮਨਦੀਪ ਸਿੰਘ ਸੰਧੂ, ਸਲਾਹਕਾਰ ਪਸ਼ੂ ਪਾਲਣ ਡਾ. ਬੀ.ਕੇ. ਉੱਪਲ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੱਖ ਸਕੱਤਰ ਡਾ. ਐਸ. ਕਰੁਣਾ ਰਾਜੂ, ਵਾਰਡਨ ਤੇ ਡਾਇਰੈਕਟਰ ਮੱਛੀ ਪਾਲਣ ਪੰਜਾਬ ਡਾ. ਮਦਨ ਲਾਲ, ਗਡਵਾਸੂ ਦੇ ਡੀਨ ਡਾ. ਆਸ਼ਾ ਧਵਨ ਅਤੇ ਸਹਾਇਕ ਪ੍ਰੋਫੈਸਰ ਡਾ. ਪ੍ਰਭਜੀਤ ਸਿੰਘ, ਸ੍ਰੀ ਵੀ. ਹਰੀ ਕ੍ਰਿਸ਼ਨ ਅਤੇ ਅਗਾਂਹਵਧੂ ਮੱਛੀ ਪਾਲਕ ਸ਼ਾਮਲ ਸਨ।

