ਪੰਜਾਬ

ਸਾਇੰਸ ਆਡੀਟੋਰੀਅਮ ਵਿੱਖੇ 16ਵੀਂ ਸਾਲਾਨਾ ਕਾਨਫਰੰਸ ਆਰੰਭ

ਬੁੱਧ ਧਰਮ ਨੂੰ ਸਿੱਖਇਜ਼ਮ, ਜੈਨਇਜ਼ਮ ਅਤੇ ਸੂਫੀਇਜ਼ਮ ਦੇ ਅਧਿਐਨ ਤੋਂ ਬਿਨਾਂ ਨਹੀਂ ਸਮਝਿਆ ਜਾ ਸਕਦਾ : ਡਾ. ਗੁਰਨਾਮ ਸਿੰਘ
ਪਟਿਆਲਾ, 21 ਅਕਤੂਬਰ (ਮਧੂਸਾਰ ਬਿਊਰੋ)
ਇੰਡੀਅਨ ਸੋਸਾਇਟੀ ਫਾਰ ਬੁਧਿਸਟ ਸਟੱਡੀਜ਼ ਅਤੇ ਇੰਡੀਅਨ ਕਾਊਂਸਿਲ ਆਫ ਹਿਸਟੋਰੀਕਲ ਰਿਸਰਚ, ਨਵੀਂ ਦਿੱਲੀ ਵਲੋਂ ਪੰਜਾਬੀ ਯੂਨੀਵਰਸਿਟੀ ਦੇ ਮਿਊਜ਼ੀਅਮ ਅਤੇ ਆਰਟ ਗੈਲਰੀ ਦੇ ਸਹਿਯੋਗ ਨਾਲ ਯੂਨੀਵਰਸਿਟੀ ਦੇ ਸਾਇੰਸ ਆਡੀਟੋਰੀਅਮ ਵਿੱਖੇ 16ਵੀਂ ਸਾਲਾਨਾ ਕਾਨਫਰੰਸ ਆਰੰਭ ਹੋਈ ਜਿਸ ਦਾ ਉਦਘਾਟਨ ਪੰਜਾਬੀ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਡਾ. ਗੁਰਨਾਮ ਸਿੰਘ ਨੇ ਕੀਤਾ।
ਉਦਘਾਟਨੀ ਸ਼ਬਦ ਸਾਂਝੇ ਕਰਦਿਆਂ ਡਾ. ਗੁਰਨਾਮ ਸਿੰਘ ਨੇ ਕਿਹਾ ਕਿ ਬੁੱਧ ਧਰਮ ਨੂੰ ਸਿੱਖਇਜ਼ਮ, ਜੈਨਇਜ਼ਮ ਅਤੇ ਸੂਫੀਇਜ਼ਮ ਦੇ ਅਧਿਐਨ ਤੋਂ ਬਿਨਾਂ ਨਹੀਂ ਸਮਝਿਆ ਜਾ ਸਕਦਾ। ਉਨ੍ਹਾਂ ਅਜੋਕੇ ਸਮੇਂ ਵਿੱਚ ਬੁੱਧ ਧਰਮ ਦੇ ਸਿਧਾਂਤਾਂ ਤੇ ਚੱਲਣ ਦੀ ਲੋੜ ਤੇ ਜ਼ੋਰ ਦਿੱਤਾ। ਇਸ ਮੌਕੇ ਤੇ ਆਏ ਮਹਿਮਾਨਾਂ ਨੂੰ ਸਨਮਾਨ ਚਿੰਨ ਦੇ ਕੇ ਨਿਵਾਜਿਆ ਗਿਆ।
ਸਮਾਰੋਹ ਦੇ ਮੁੱਖ ਮਹਿਮਾਨ ਡਾ. ਕੁਲਦੀਪ ਚੰਦ ਅਗਨੀਹੋਤਰੀ, ਵਾਈਸ-ਚਾਂਸਲਰ, ਹਿਮਾਚਲ ਪ੍ਰਦੇਸ਼ ਸੈਂਟਰਲ ਯੂਨੀਵਰਸਿਟੀ, ਧਰਮਸ਼ਾਲਾ ਨੇ ਕਿਹਾ ਕਿ ਬੁੱਧ ਧਰਮ ਸਮੇਤ ਸਾਰੇ ਧਰਮ ਮਾਨਵਤਾ ਦਾ ਸੰਦੇਸ਼ ਦਿੰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਬੁੱਧ ਧਰਮ ਦੀਆਂ ਸਿਖਿਆਵਾਂ ਨੂੰ ਅਮਲੀ ਜਾਮਾ ਪਹਿਨਾਉਣ ਦੀ ਲੋੜ ਹੈ। ਪ੍ਰੋ. ਅੰਗਰਾਜ ਚੌਧਰੀ ਅਤੇ ਪ੍ਰੋ. ਐਸ.ਪੀ. ਸ਼ਰਮਾ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ਤੇ ਬੁਧਿਸਟ ਅਧਿਐਨ ਦੇ ਉਘੇ ਵਿਦਵਾਨ ਪ੍ਰੋ. ਸਾਗਰ ਮੱਲ ਜੈਨ ਨੂੰ ਮੰਜੂਸ਼ਿਰੀ ਸਨਮਾਨ ਅਤੇ ਕਮਲਾ ਦੇਵੀ ਸਨਮਾਨ ਪ੍ਰਦਾਨ ਕੀਤੇ ਗਏ।
ਇਸ ਤੋਂ ਪਹਿਲਾਂ ਡਾ. ਅੰਬਾਲਿਕਾ ਸੂਦ ਜੈਕਬ, ਇੰਚਾਰਜ, ਮਿਊਜ਼ੀਅਮ ਅਤੇ ਆਰਟ ਗੈਲਰੀ ਨੇ ਆਏ ਮਹਿਮਾਨਾਂ ਦਾ ਸੁਆਗਤੀ ਸ਼ਬਦ ਸਾਂਝੇ ਕੀਤੇ। ਡਾ. ਬੈਦਯਨਾਥ ਲਾਭ, ਸਕੱਤਰ, ਇੰਡੀਅਨ ਸੋਸਾਇਟੀ ਫਾਰ ਬੁਧਿਸਟ ਸਟੱਡੀਜ਼ ਨੇ ਕਾਨਫਰੰਸ ਦੇ ਵਿਸ਼ੇ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਤੇ “ਬੁੱਕ ਆਫ ਦਿ ਐਬਸਟਰੈਕਟਸ ਆਫ ਪੇਪਰਜ਼ ਫਾਰ ਦਿ ਸਿਕਸਟੀਨਥ ਐਨੂਅਲ ਕਾਨਫਰੰਸ“ ਅਤੇ “ਦਿ ਓਸ਼ਨ ਆਫ ਬੁਧਿਸਟ ਵਿਜ਼ਡਮ, ਵੋਲਿਊਮ 8“ “ਇਤਿਹਾਸ ਸ਼ੋਧ ਪੱਤਰਿਕਾ“ ਪੁਸਤਕਾਂ ਲੋਕ ਅਰਪਣ ਕਰਨ ਦੀ ਰਸਮ ਵੀ ਅਦਾ ਕੀਤੀ ਗਈ। ਮਿਊਜ਼ੀਅਮ ਅਤੇ ਆਰਟ ਗੈਲਰੀ ਦੀ ਫਾਊਂਡਰ ਮੈਂਬਰ ਡਾ. ਸਰੋਜ ਰਾਣੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਸ਼੍ਰੀ ਪਵਨ ਪੁਰੀ ਦੀ ਕੁਲੈਕਸ਼ਨ ਤੇ ਆਧਾਰਿਤ ਸਿੱਕਿਆਂ ਅਤੇ ਮੈਡਲਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਇਹ ਪ੍ਰਦਰਸ਼ਨੀ 04 ਨਵੰਬਰ ਤੱਕ ਚੱਲਦੀ ਰਹੇਗੀ।

Leave a Reply

Your email address will not be published. Required fields are marked *