ਸੇਵਾ ਕੇਂਦਰਾਂ ਨਾਲ ਪ੍ਰਸ਼ਾਸ਼ਕੀ ਸੇਵਾਵਾਂ ਵਿੱਚ ਇਨਕਲਾਬੀ ਸੁਧਾਰ ਆਵੇਗਾ-ਰੱਖੜਾ
ਰੱਖੜਾ ਵੱਲੋਂ ਗਾਜੇਵਾਸ ਸੇਵਾ ਕੇਂਦਰ ਦੇ ਉਦਘਾਟਨ ਨਾਲ ਪਟਿਆਲਾ
ਜ਼ਿਲ੍ਹੇ ਦੇ 112 ਦਿਹਾਤੀ ਸੇਵਾ ਕੇਂਦਰਾਂ ਵੱਲੋਂ ਸੇਵਾਵਾਂ ਦੀ ਸ਼ੁਰੂਆਤ
ਸਮਾਣਾ (ਪਟਿਆਲਾ), 4 ਨਵੰਬਰ (ਮਧੂਸਾਰ ਬਿਊਰੋ)
ਪੰਜਾਬ ਸਰਕਾਰ ਵੱਲੋਂ ਰਾਜ ਦੇ ਲੋਕਾਂ ਨੂੰ ਉਹਨਾਂ ਦੇ ਘਰਾਂ ਦੇ ਨੇੜੇ ਹੀ ਸਮਾਂਬੱਧ ਅਤੇ ਸਾਫ ਸੁਥਰੀਆਂ ਸੇਵਾਵਾਂ ਮੁਹੱਈਆ ਕਰਾਉਣ ਲਈ ਖੋਲ੍ਹੇ ਗਏ ਸੇਵਾ ਕੇਂਦਰਾਂ ਨਾਲ ਪ੍ਰਸ਼ਾਸ਼ਕੀ ਸੇਵਾਵਾਂ ਵਿੱਚ ਇਨਕਲਾਬੀ ਸੁਧਾਰ ਆਵੇਗਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇੱਥੇ ਪੰਜਾਬ ਦੇ ਕੈਬਨਿਟ ਮੰਤਰੀ ਸ: ਸੁਰਜੀਤ ਸਿੰਘ ਰੱਖੜਾ ਨੇ ਸਮਾਣਾ ਸਬ ਡਵੀਜ਼ਨ ਦੇ ਪਿੰਡ ਗਾਜੇਵਾਸ ਵਿਖੇ ਦਿਹਾਤੀ ਸੇਵਾ ਕੇਂਦਰ ਦਾ ਉਦਘਾਟਨ ਕਰਕੇ ਪਟਿਆਲਾ ਜ਼ਿਲ੍ਹੇ ਵਿੱਚ ਬਣਾਏ 112 ਦਿਹਾਤੀ ਸੇਵਾ ਕੇਂਦਰਾਂ ਦੀਆਂ ਸੇਵਾਵਾਂ ਦੀ ਰਸਮੀ ਤੌਰ ‘ਤੇ ਸ਼ੁਰੂਆਤ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਸ: ਰੱਖੜਾ ਨੇ ਦੱਸਿਆ ਕਿ ਇਹਨਾਂ ਸੇਵਾ ਕੇਂਦਰਾਂ ਰਾਹੀਂ ਨਾਗਰਿਕਾਂ ਨੂੰ 82 ਜਰੂਰੀ ਸੇਵਾਵਾਂ ਮੁਹੱਈਆ ਹੋਣਗੀਆਂ। ਇਹਨਾਂ ਸੇਵਾ ਕੇਂਦਰਾਂ ਦੀ ਸਥਾਪਨਾ ਕਾਰਨ ਹੁਣ ਨਾਗਰਿਕਾਂ ਨੂੰ ਆਪਣੇ ਰੋਜ਼ਮਰਾਂ ਦੇ ਜਰੂਰੀ ਕੰਮਾਕਾਰਾਂ ਲਈ ਦੂਰ ਦੁਰਾਡੇ ਜਾਣ ਦੀ ਬਜਾਏ ਉਹਨਾਂ ਦੇ ਘਰਾਂ ਦੇ ਨੇੜੇ ਹੀ ਇਹ ਸੇਵਾਵਾਂ ਮੁਹੱਈਆ ਹੋ ਗਈਆਂ ਹਨ।
ਪਿੰਡ ਗਾਜੇਵਾਸ ਵਿਖੇ ਇਲਾਕਾ ਨਿਵਾਸੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸ: ਰੱਖੜਾ ਨੇ ਦੱਸਿਆ ਪਟਿਆਲਾ ਜ਼ਿਲ੍ਹੇ ਵਿੱਚ ਤਕਰੀਬਨ 3330 ਲੱਖ ਰੁਪਏ ਦੀ ਲਾਗਤ ਨਾਲ 144 ਸੇਵਾ ਕੇਂਦਰਾਂ ਦੀ ਸਥਾਪਨਾ ਕੀਤੀ ਗਈ ਹੈ। ਜਿਹਨਾ ਵਿਚੋਂ 575 ਲੱਖ ਰੁਪਏ ਦੀ ਲਾਗਤ ਨਾਲ ਉਸਾਰੇ 31 ਸੇਵਾ ਕੇਂਦਰਾਂ ਨੇ ਸ਼ਹਿਰੀ ਖੇਤਰਾ ਵਿੱਚ ਪਹਿਲਾਂ ਹੀ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਹਨ ਜਦ ਕਿ 2755 ਲੱਖ ਰੁਪਏ ਦੀ ਲਾਗਤ ਨਾਲ ਪੇਂਡੂ ਖੇਤਰਾਂ ਵਿੱਚ ਉਸਾਰੇ 112 ਸੇਵਾ ਕੇਂਦਰਾਂ ਵੱਲੋਂ ਨਾਗਰਿਕਾਂ ਨੂੰ ਅੱਜ ਤੋਂ ਸੇਵਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਮਾਣਾ ਸਬ ਡਵੀਜਨ ਵਿੱਚ 14 ਸੇਵਾ ਕੇਂਦਰ ਬਣਾਏ ਗਏ ਹਨ ਜਿਹਨਾਂ ਵਿਚੋਂ 10 ਪੇਂਡੂ ਖੇਤਰਾਂ ਵਿੱਚ ਅਤੇ 4 ਸ਼ਹਿਰੀ ਖੇਤਰਾਂ ਵਿੱਚ ਬਣਾਏ ਗਏ ਹਨ। ਪਾਤੜਾਂ ਸਬ ਡਵੀਜਨ ਵਿੱਚ 17 ਸੇਵਾ ਕੇਂਦਰ ਬਣਾਏ ਗਏ ਹਨ ਜਿਹਨਾਂ ਵਿਚੋਂ 12 ਪੇਂਡੂ ਖੇਤਰਾਂ ਵਿੱਚ ਅਤੇ 5 ਸ਼ਹਿਰੀ ਖੇਤਰਾਂ ਵਿੱਚ, ਨਾਭਾ ਸਬ ਡਵੀਜਨ ਵਿੱਚ 26 ਸੇਵਾ ਕੇਂਦਰ ਬਣਾਏ ਗਏ ਹਨ ਜਿਹਨਾ ਵਿਚੋਂ 21 ਪੇਂਡੂ ਖੇਤਰਾਂ ਅਤੇ 5 ਸ਼ਹਿਰੀ ਖੇਤਰਾਂ ਵਿੱਚ, ਰਾਜਪੁਰਾ ਸਬ ਡਵੀਜਨ ਵਿੱਚ 34 ਸੇਵਾ ਕੇਂਦਰ ਬਣਾਏ ਗਏ ਹਨ ਜਿਹਨਾਂ ਵਿਚੋਂ 29 ਪੇਂਡੂ ਖੇਤਰਾਂ ਵਿੱਚ 5 ਸ਼ਹਿਰੀ ਖੇਤਰਾਂ ਵਿੱਚ ਅਤੇ ਪਟਿਆਲਾ ਸਬ ਡਵੀਜਨ ਵਿੱਚ 53 ਸੇਵਾ ਕੇਂਦਰ ਬਣਾਏ ਗਏ ਹਨ ਜਿਹਨਾਂ ਵਿਚੋਂ 41 ਦਿਹਾਤੀ ਖੇਤਰਾਂ ਵਿੱਚ ਅਤੇ 12 ਪੇਂਡੂ ਖੇਤਰਾਂ ਵਿੱਚ ਬਣਾਏ ਗਏ ਹਨ।
ਕੈਬਨਿਟ ਮੰਤਰੀ ਸ: ਰੱਖੜਾ ਨੇ ਦੱਸਿਆ ਕਿ ਇਹਨਾਂ ਸੇਵਾ ਕੇਂਦਰਾਂ ਰਾਹੀਂ ਕੋਈ ਵੀ ਨਾਗਰਿਕ ਜਮੀਨ ਦੀ ਨਿਸ਼ਾਨਦੇਹੀ, ਆਸ਼ਰਿਤ ਸਰਟੀਫਿਕੇਟ, ਅੰਗਹੀਣ ਸਰਟੀਫਿਕੇਟ, ਬੁਢਾਪਾ, ਅਪੰਗ ਅਤੇ ਵਿਧਵਾ ਪੈਨਸ਼ਨ, ਸੀਨੀਅਰ ਸਿਟੀਜਨਾਂ ਦੇ ਸ਼ਨਾਖਤੀ ਕਾਰਡ, ਜਾਤੀ ਸਰਟੀਫਿਕੇਟ, ਜਨਮ ਅਤੇ ਮੌਤ ਦੇ ਸਰਟੀਫਿਕੇਟ, ਪਾਣੀ ਅਤੇ ਸੀਵਰੇਜ ਦੇ ਨਵੇਂ ਕੂਨੈਕਸ਼ਨ, ਹਾਊਸਿੰਗ ਵਿਭਾਗ ਵੱਲੋਂ ਜਾਰੀ ਕੀਤੇ ਜਾਂਦੇ ਐਨ.ਓ.ਸੀ., ਮਕਾਨਾਂ ਦੀ ਉਸਾਰੀ ਲਈ ਨਕਸ਼ੇ, ਸਟਰੀਟ ਲਾਇਟ ਨੂੰ ਬਦਲਣ ਸਬੰਧੀ, ਸ਼ਗਨ ਸਕੀਮ, ਮੇਲੇ, ਨੁਮਾਇਸ਼ਾਂ ਅਤੇ ਖੇਡ ਮੇਲਿਆਂ ਲਈ ਐਨ.ਓ.ਸੀ., ਨਵੇਂ ਹਥਿਆਰਾਂ ਲਈ ਲਾਇਸੰਸ, ਹਥਿਆਰਾਂ ਦੇ ਲਾਇਸੰਸਾਂ ਨੂੰ ਰੀਨਿਊ ਕਰਾਉਣਾ, ਵਿਆਹ ਦੀ ਰਿਜਸ਼ਟ੍ਰੇਸ਼ਨ, ਰਿਹਾਇਸ਼ ਦਾ ਸਰਟੀਫਿਕੇਟ, ਪੇਂਡੂ ਇਲਾਕੇ ਦਾ ਸਰਟੀਫਿਕੇਟ, ਬੀਜ/ਖਾਦ/ਕੀਟਨਾਸ਼ਕ ਦਵਾਈਆਂ ਦੇ ਲਾਇਸੰਸ ਆਦਿ ਵਰਗੀਆਂ 82 ਸੇਵਾਵਾਂ ਹਾਸਲ ਕਰ ਸਕੇਗਾ।
ਸੇਵਾ ਕੇਂਦਰਾਂ ਦੇ ਉਦਘਾਟਨ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪਟਿਆਲਾ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਸ: ਰਣਧੀਰ ਸਿੰਘ ਰੱਖੜਾ, ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਅਮਰਜੀਤ ਸਿੰਘ ਟੋਡਰਪੁਰ, ਸਰਕਲ ਗਾਜੇਵਾਸ ਦੇ ਪ੍ਰਧਾਨ ਸ: ਗੁਰਦੀਪ ਸਿੰਘ, ਸਰਕਲ ਸਮਾਣਾ ਦੇ ਪ੍ਰਧਾਨ ਜਥੇਦਾਰ ਜਸਬੀਰ ਸਿੰਘ ਤਲਵੰਡੀ, ਮਾਰਕੀਟ ਕਮੇਟੀ ਸਮਾਣਾ ਦੇ ਚੇਅਰਮੈਨ ਸ: ਬਲਵਿੰਦਰ ਸਿੰਘ ਦਾਨੀਪੁਰ, ਸ: ਅਮਰਜੀਤ ਸਿੰਘ ਪੰਜਰਥ, ਐਸ.ਡੀ.ਐਮ ਸਮਾਣਾ ਸ਼੍ਰੀ ਅਮਰੇਸ਼ਵਰ ਸਿੰਘ, ਨਗਰ ਕੌਂਸਲ ਸਮਾਣਾ ਦੇ ਪ੍ਰਧਾਨ ਸ਼੍ਰੀ ਕਪੂਰ ਚੰਦ ਬਾਂਸਲ, ਪੀ.ਏ. ਸ਼੍ਰੀ ਰਾਮ ਗੋਪਾਲ, ਪਿੰਡ ਗਾਜੇਵਾਸ ਦੇ ਸਰਪੰਚ ਸ: ਸੁਖਵਿੰਦਰ ਸਿੰਘ, ਮੈਂਬਰ ਜ਼ਿਲ੍ਹਾ ਪ੍ਰੀਸ਼ਦ ਸ: ਗੁਲਾਬ ਸਿੰਘ, ਡਾਇਰੈਕਟਰ ਸਹਿਕਾਰੀ ਬੈਂਕ ਸ਼੍ਰੀ ਜੋਗਿੰਦਰ ਸਿੰਘ, ਸਾਬਕਾ ਚੇਅਰਮੈਨ ਲੈਂਡ ਮਾਰਟਗੇਜ ਬੈਂਕ ਸ: ਦੀਦਾਰ ਸਿੰਘ, ਮੈਂਬਰ ਬਲਾਕ ਸੰਮਤੀ ਸ: ਜੋਗਾ ਸਿੰਘ ਧਰਮੇੜੀ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਵੀ ਹਾਜ਼ਰ ਸਨ।

