ਪੰਜਾਬ

ਖ਼ਾਲਸਾ ਕਾਲਜ ਵਿਖੇ ਸਿੱਖ ਮਾਰਸ਼ਲ ਆਰਟ ਗਤਕਾ ਵਿਦਿਆਰਥੀਆਂ ਦੀ ਹੋਈ ਪਰਖ

‘ਖ਼ਾਲਸਾ ਮੈਨੇਜ਼ਮੈਂਟ-ਸਰਬੱਤ ਦਾ ਭਲਾ’ ਵਿਚਾਲੇ ‘ਗਤਕੇ’ ਨੂੰ ਪ੍ਰਫ਼ੁਲਿੱਤ ਕਰਨ ਲਈ ਹੋਇਆ ਸੀ ਸਮਝੌਤਾ
ਓਬਰਾਏ ਨੇ ਗਤਕੇ ਦੀਆਂ ਕਲਾਸਾਂ ਲਈ 11 ਲੱਖ ਦਾ ਚੈੱਕ ਪ੍ਰਿੰ: ਡਾ. ਮਹਿਲ ਸਿੰਘ ਨੂੰ ਕੀਤਾ ਭੇਟ
ਅੰਮ੍ਰਿਤਸਰ, 4 ਨਵੰਬਰ (ਰਾਜਨ ਮਾਨ/ਮਧੂਸਾਰ ਬਿਊਰੋ )
ਪੁਰਾਤਨ ਅਮੀਰ ਪੰਜਾਬ ਦੇ ਵਿਰਸੇ ਨੂੰ ਦਰਸਾਉਂਦੀ ਯੁੱਧ ਕਲਾ ‘ਗਤਕਾ’ ਨੂੰ ਬਚਾਉਣ ਅਤੇ ਪ੍ਰਫ਼ੁਲਿੱਤ ਕਰਨ ਦੇ ਮਕਸਦ ਤਹਿਤ ਅੱਜ ਪ੍ਰਸਿੱਧ ਉਦਯੋਗਪਤੀ ਅਤੇ ਦੁਬਈ ਦੀ ਉੱਘੀ ਗੈਰ-ਸਰਕਾਰੀ ਸੰਸਥਾ ਸਰਬੱਤ ਦਾ ਭਲਾ ਦੇ ਮੁੱਖੀ ਡਾ. ਐੱਸ. ਪੀ. ਸਿੰਘ ਓਬਰਾਏ ਨੇ ਸਿੱਖ ਮਾਰਸ਼ਲ ਆਰਟ ਗਤਕਾ ਦੇ ਵਿਦਿਆਰਥੀਆਂ ਦੀ ਕਾਬਲੀਅਤ ਨੂੰ ਖੋਖਿਆ। ਜਿਸ ‘ਚ ਵਿਦਿਆਰਥੀਆਂ ਨੇ ਗਤਕੇ ਦੇ ਵੱਖ-ਵੱਖ ਜੌਹਰ ਰਾਹੀਂ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ।
ਅਜੋਕੇ ਸਮੇਂ ‘ਚ ਨਿਘਾਰ ਨੂੰ ਜਾ ਰਹੇ ਗਤਕੇ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੇ ਮਕਸਦ ਤਹਿਤ ਦੁਬਈ ਦੀ ਉੱਘੀ ਗੈਰ–ਸਰਕਾਰੀ ਸੰਸਥਾ ਸਰਬੱਤ ਦਾ ਭਲਾ ਟਰੱਸਟ ਦੇ ਮੁੱਖੀ ਡਾ. ਐੱਸ. ਪੀ. ਸਿੰਘ ਓਬਰਾਏ ਅਤੇ ਇਤਿਹਾਸਕ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਦੀ ਮੌਜ਼ੂਦਗੀ ‘ਚ ਇਕ ਅਹਿਮ ਸਮਝੌਤਾ ਖ਼ਾਲਸਾ ਕਾਲਜ ਪਿੰ੍ਰਸੀਪਲ ਡਾ. ਮਹਿਲ ਸਿੰਘ ਦਰਮਿਆਨ ਹੋਇਆ ਸੀ। ਜਿਸਦੇ ਤਹਿਤ ਕਾਲਜ ਵਿਖੇ ਇਕ ਸਾਲ ਦਾ ‘ਡਿਪਲੋਮਾ ਕੋਰਸ ਇਨ ਗਤਕਾ’ ਦਾ ਅਗਾਜ਼ ਇਸੇ ਹੀ ਵਿੱਦਿਅਕ ਸ਼ੈਸ਼ਨ ਤੋਂ ਕੀਤਾ ਗਿਆ ਹੈ।
ਇਸ ਵਿੱਦਿਅਕ ਪੱਖ ਨੂੰ ਉਜਾਗਰ ਕਰਨ ਤੋਂ ਇਲਾਵਾ ਇਸ ਡਿਪਲੋਮੇ ਨੂੰ ਸ਼ੁਰੂ ਕਰਨ ਨਾਲ ਇਸ ਪੁਰਾਤਨ ਕਲਾ ਦੀਆਂ ਖੇਡਾਂ ਪ੍ਰਤੀ ਰੁਝਾਨ ਅਤੇ ਖੂਬੀਆਂ ਨੂੰ ਜਗ–ਜਾਹਿਰ ਕਰਨਾ ਹੈ। ਇਹ ਡਿਪਲੋਮਾ 12ਵੀਂ ਕਰਨ ਜਾਂ ਇਸ ਤੋਂ ਵਧੇਰੇ ਵਿੱਦਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਲਈ ਲਾਹੇਵੰਦ ਸਾਬਤ ਹੋਵੇਗਾ, ਜਿਸ ਨਾਲ ਉਹ ਧਰਮ ਤੇ ਵਿਰਸੇ ਨਾਲ ਜੁੜਣਗੇ। ਇਹ ਡਿਪਲੋਮਾ ਬਿਲਕੁਲ ਮੁਫ਼ਤ ਹੋਵੇਗਾ, ਕਿਉਂਕਿ ਟਰੱਸਟ ਵੱਲੋਂ ਫ਼ੀਸ ਦਾ ਵਡੇਰੇ ਹਿੱਸਾ ਸਪਾਂਨਸਰ ਕੀਤਾ ਜਾਣਾ ਹੈ, ਜਿਸਦੇ ਚਲਦਿਆਂ ਅੱਜ ਐੱਸ. ਪੀ. ਓਬਰਾਏ ਨੇ 11 ਲੱਖ ਦੇ ਕਰੀਬ ਦਾ ਚੈੱਕ ਪ੍ਰਿੰ: ਡਾ. ਮਹਿਲ ਸਿੰਘ ਨੂੰ ਭੇਂਟ ਕੀਤਾ। ਗਤਕੇ ਨੂੰ ਬੜ੍ਹਾਵਾ ਦੇਣ ਲਈ ਬਕਾਇਆ ਰਹਿੰਦਾ ਖਰਚ ਖਾਲਸਾ ਕਾਲਜ ਮੈਨੇਜ਼ਮੈਂਟ ਕਰੇਗੀ।
ਇਸ ਦੌਰਾਨ ਸ: ਛੀਨਾ ਨੇ ਕਿਹਾ ਕਿ ਗਤਕਾ ਭਾਰਤ ਅਤੇ ਪੰਜਾਬ ਦੀ ਵਿਰਾਸਤ ਦਾ ਬਹੁਮੁੱਲਾ ਅੰਗ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਦੇ ਵੇਲੇ ਇਸ ਪੁਰਾਤਨ ਧਾਰਮਿਕ ਅਤੇ ਯੁੱਧ ਕਲਾ ਆਪਣੀ ਚਰਮਸੀਮਾ ‘ਤੇ ਪਹੁੰਚੀ, ਜਿਸਦੀ ਦੀ ਰਾਖੀ ਕਰਨਾ ਸਾਡਾ ਸਭਨਾ ਦਾ ਫਰਜ਼ ਹੈ।
ਸ: ਓਬਰਾਏ ਨੇ ਕਿਹਾ ਕਿ ਉਨ੍ਹਾਂ ਦਾ ਟਰੱਸਟ ਹਮੇਸ਼ਾਂ ਹੀ ਧਾਰਮਿਕ ਅਤੇ ਵਿੱਦਿਅਕ ਰਵਾਇਤਾਂ ਨੂੰ ਸੰਭਾਲਣ ਦਾ ਹਾਮੀ ਰਿਹਾ ਹੈ ਅਤੇ ਇਸ ਕਾਰਜ ਨਾਲ ਵਿੱਤੀ ਤੌਰ ‘ਤੇ ਕਮਜ਼ੋਰ ਵਿਦਿਆਰਥੀਆਂ ਨੂੰ ਇਹ ਕਲਾ ਸਿੱਖਣ ‘ਚ ਮਦਦਗਾਰ ਸਾਬਤ ਹੋਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਹ ਸਿਰਮੌਰ ਵਿੱਦਿਅਕ ਸੰਸਥਾ ਨਾਲ ਮਿਲ ਕੇ ਇਸ ਉਪਰਾਲੇ ਨੂੰ ਕਾਮਯਾਬੀ ਨਾਲ ਨੇਪਰੇ ਚਾੜ੍ਹਣ ‘ਚ ਸਫ਼ਲ ਹੋਏ ਹਨ। ਡਾ. ਮਹਿਲ ਸਿੰਘ ਨੇ ਕਿਹਾ ਕਿ ਗਤਕੇ ‘ਤੇ ਡਿਪਲੋਮੇ ਦੀ ਸ਼ੁਰੂਆਤ ਇਸੇ ਸ਼ੈਸ਼ਨ ਤੋਂ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਪਾਸੋਂ ਇਸ ਡਿਪਲੋਮੇ ਦੀ ਕੋਈ ਫ਼ੀਸ ਨਹੀਂ ਲਵੇਗੀ ਅਤੇ ਡਿਪਲੋਮਾ ਕਰਨ ਤੋਂ ਬਾਅਦ ਵਿਦਿਆਰਥੀਆਂ ਨੂੰ ਨੌਕਰੀਆਂ ਪ੍ਰਾਪਤ ਕਰਨ ਦੇ ਬਹੁਤ ਸਾਰੇ ਅਵਸਰ ਹੋਣਗੇ, ਕਿਉਂਕਿ ਗਤਕੇ ਦੇ ਇਨਸਟਕਟਰਾਂ ਦੀ ਪੂਰੀ ਦੁਨੀਆ ‘ਚ ਘਾਟ ਮਹਿਸੂਸ ਕੀਤੀ ਜਾ ਰਹੀ ਹੈ।
ਇਸ ਮੌਕੇ ਟਰੱਸਟ ਦੇ ਮਾਝਾ ਜ਼ੋਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਜਨਰਲ ਸਕੱਤਰ ਸੁਖਦੀਪ ਸਿੰਘ ਸਿੱਧੂ, ਮੀਤ ਪ੍ਰਧਾਨ ਮਨਪ੍ਰੀਤ ਸਿੰਘ ਸੰਧੂ, ਕੈਸ਼ੀਅਰ ਸ: ਹਰਜਿੰਦਰ ਸਿੰਘ ਹੇਰ, ਮੈਂਬਰ ਨਵਜੀਤ ਸਿੰਘ ਘਈ, ਅੰਡਰ ਸੈਕਟਰੀ ਡੀ. ਐੱਸ. ਰਟੌਲ, ਮੀਡੀਆ ਸਲਾਹਕਾਰ ਸ: ਰਵਿੰਦਰ ਸਿੰਘ ਰੌਬਿਨ, ਆਦਿ ਵੀ ਹਾਜ਼ਰ ਸਨ।

Leave a Reply

Your email address will not be published. Required fields are marked *