ਪੰਜਾਬ

ਕਿਸਾਨਾਂ ਨਾਲ ਝੂੱਠੀ ਹਮਦਰਦੀ ਦਾ ਵਿਖਾਵਾ ਨਾ ਕਰੇ ਘੁੱਗੀ :ਸ਼੍ਰੋਮਣੀ ਅਕਾਲੀ ਦਲ

(ਕਿਸਾਨ ਝੋਨੇ ਦੀ ਖਰੀਦ ਤੋਂ ਪੂਰਨ ਤੌਰ ‘ਤੇ ਸੰਤੂਸ਼ਟ)
(ਘੁੱਗੀ ਨੂੰ ਕਿਹਾ, ਸਪਸ਼ਟ ਕਰੋ ਕੀ ਤੂਸੀ ਐਸ.ਵਾਈ.ਐਲ ਮੁੱਦੇ ‘ਤੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦਾ ਸਾਥ ਦਿਉਗੇ ਜਾਂ ਦਿੱਲੀ ਵਿਚਲੇ ਆਪਣੇ ਸਿਆਸੀ ਆਕਾਵਾਂ ਦਾ)
ਚੰਡੀਗੜ੍ਹ 6 ਨਵੰਬਰ (ਮਧੂਸਾਰ ਬਿਊਰੋ)
ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਇੰਜ ਜਾਪਦਾ ਹੈ ਕਿ ਆਪ ਆਗੂ ਗੁਰਪ੍ਰੀਤ ਸਿੰਘ ਵਡੈਚ (ਘੁੱਗੀ) ਸੁਪਨਿਆਂ ਦੀ ਦੁਨੀਆਂ ਵਿਚ ਜਿਉਂ ਰਹੇ ਹਨ ਅਤੇ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਪੰਜਾਬ ਦੇ ਕਿਸਾਨ ਸੂਬੇ ਵਿਚ ਝੋਨੇ ਦੀ ਖਰੀਦ ਪ੍ਰਕ੍ਰਿਆ ਤੋਂ ਪੂਰੀ ਤਰ੍ਹਾਂ ਖੁਸ਼ ਅਤੇ ਸੰਤੂਸ਼ਟ ਹਨ।
‘ਆਪ’ ਵਲੋ ਮੰਡੀਆਂ ਵਿਚ ਕਿਸਾਨਾ ਨਾਲ ਕਲ੍ਹ ਕੀਤੀ ਜਾਣ ਵਾਲੀ ਸੰਭਾਵੀ ਮੁਲਾਕਾਤ ਨੂੰ ਡਰਾਮਾ ਅਤੇ ਮਹਿਜ ਫੋਟੋ ਖਿਚਾਉਣ ਦੀ ਕਾਰਵਾਈ ਕਰਾਰ ਦਿੰਦੇ ਹੋਏ ਸੀਨੀਅਰ ਅਕਾਲੀ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ‘ਤੂਸੀਂ ਕਲ੍ਹ ਮੰਡੀਆਂ ਵਿਚ ਦੌਰਾ ਕਰਨ ਜਾ ਰਹੇ ਹੋ ਅਤੇ ਅਜੇ ਕੁਝ ਹੀ ਦਿਨ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਮੰਡੀਆਂ ਵਿਚ ਹੋ ਕੇ ਗਏ ਹਨ। ਕਾਂਗਰਸੀ ਆਗੂ ਨੂੰ ਉਸ ਸਮੇਂ ਸਿਰ ‘ਤੇ ਪੈਰ ਰਖ ਕੇ ਭੱਜਣਾ ਪਿਆ ਜਦੋਂ ਉਸ ਨੂੰ ਇਹ ਪਤਾ ਲੱਗਿਆ ਕਿ ਮੰਡੀਆਂ ਵਿਚ ਪਿਆ ਝੋਨੇ ਦੇ ਹਰ ਇਕ ਹਿੱਸੇ ਦੀ ਖਰੀਦ ਹੋ ਚੁੱਕੀ ਹੈ । ਇਸ ਦੇ ਬਾਵਜੂਦ ਵੀ ਤੂਸੀ ਕਲ੍ਹ ਇਕ ਡਰਾਮਾ ਕਰਨ ਜਾ ਰਹੇ ਹੋ ਤਾਂ ਜੋ ਮੀਡੀਆ ਦੀਆਂ ਸੁਰਖਿਆਂ ਬਟੋਰ ਸਕੋ ਅਤੇ ਦਿੱਲੀ ਵਿਚ ਬੈਠੇ ਆਪਣੇ ਸਿਆਸੀ ਆਕਾਵਾਂ ਤਕ ਆਪਣੀ ਇਸ ਡਰਾਮੇਬਾਜੀ ਦੀ ਪੂਰੀ ਸੂਚਨਾ ਭੇਜ ਸਕੋ’।
ਸ. ਗਰੇਵਾਲ ਨੇ ਘੁੱਗੀ ਨੂੰ ਆਪਣੇ ਉਸ ਦਾਅਵੇ ਦੀ ਹਿਮਾਇਤ ਵਿਚ ਉਨ੍ਹਾਂ ਕਿਸਾਨਾਂ ਦੇ ਨਾਵਾਂ ਸਮੇਤ ਇਕ ਹਲਫਨਾਮਾ ਵੀ ਦਾਇਰ ਕਰਨ ਲਈ ਕਿਹਾ ਜਿਨ੍ਹਾਂ ਤੋਂ ਘੁੱਗੀ ਮੁਤਾਬਿਕ ਝੋਨੇ ਦੀ ਖਰੀਦ ਲਈ 100 ਰੁਪਏ ਪ੍ਰਤੀ ਕੁਇੰਟਲ ਦੀ ਮੰਗ ਕੀਤੀ ਗਈ ਸੀ। ਸ. ਗਰੇਵਾਲ ਨੇ ਅੱਗੇ ਕਿਹਾ ਕਿ ‘ਜੇਕਰ ਤੂਸੀ ਇਸ ਤਰ੍ਹਾਂ ਨਹੀਂ ਕਰ ਸਕਦੇ ਤਾਂ ਤੁਹਾਨੂੰ ਉਨ੍ਹਾਂ ਸਰਕਾਰੀ ਅਧਿਕਾਰੀਆਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ ਜਿਨ੍ਹਾਂ ‘ਤੇ ਇਲਜਾਮਬਾਜੀ ਕਰਕੇ ਤੂਸੀਂ ਸੂਬਾ ਸਰਕਾਰ ਦੇ ਖਿਲਾਫ਼ ਸਿਆਸੀ ਲਾਹਾ ਖੱਟਣਾ ਚਾਹੁੰਦੇ ਸੀ।’ ਸ. ਗਰੇਵਾਲ ਨੇ ਕਿਹਾ ਕਿ ਇਸ ਸਬੰਧੀ ਕਿਸੇ ਵੀ ਕਿਸਾਨ ਨੇ ਇਕ ਵੀ ਸ਼ਿਕਾਇਤ ਦਰਜ਼ ਨਹੀਂ ਕਰਵਾਈ ਅਤੇ ਘੁੱਗੀ ਜਾਂ ਤਾਂ ਮੁਆਫੀ ਮੰਗੇ ਜਾਂ ਆਪਣੇ ਦੁਆਰਾ ਲਾਏ ਗਏ ਇਲਜ਼ਾਮਾਂ ਸਬੰਧੀ ਸਬੂਤ ਪੇਸ਼ ਕਰੇ।
ਅਕਾਲੀ ਆਗੂ ਨੇ ਅੱਗੇ ਕਿਹਾ ਕਿ ਆਪ ਨੂੰ ਪਹਿਲਾ ਕਿਸਾਨੀ ਭਾਈਚਾਰੇ ਦੇ ਮੁੱਦੇ ‘ਤੇ ਆਪਣੇ ਪਿਛੋਕੜ ਦਾ ਖੁਲਾਸਾ ਕਰਨਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ‘ਕੀ ਇਹ ਸੱਚ ਨਹੀਂ ਕਿ ਤੁਹਾਡੀ ਪਾਰਟੀ ਦੀ ਚੋਟੀ ਦੀ ਲੀਡਰਸ਼ਿਪ ਨੇ ਇਕ ਕਿਸਾਨ ਗਜੇਂਦਰ ਸਿੰਘ ਨੂੰ ਆਪਣੀ ਜਿੰਦਗੀ ਖਤਮ ਕਰਨ ਲਈ ਉਕਸਾਇਆ? ਕੀ ਇਹ ਵੀ ਇਕ ਸੱਚਾਈ ਨਹੀਂ ਕਿ ਤੁਹਾਡੇ ਆਗੂ ਅਰਵਿੰਦ ਕੇਜਰੀਵਾਲ ਨੇ ਪਹਿਲਾਂ ਤਾਂ ਪੰਜਾਬ ਦੇ ਕਿਸਾਨਾਂ ਨੂੰ ਐਸ.ਵਾਈ.ਐਲ ਮੁੱਦੇ ‘ਤੇ ਸਮਰਥਨ ਦਾ ਭਰੋਸਾ ਦਿੱਤਾ, ਪਰ ਬਾਅਦ ਵਿਚ ਉਨ੍ਹਾਂ ਦੇ ਹਿੱਤਾਂ ਨਾਲ ਖਿਲਵਾੜ ਕਰਦੇ ਹੋਏ ਉਨ੍ਹਾਂ ਨੂੰ ਧੋਖਾ ਦਿੱਤਾ?
ਅਕਾਲੀ ਆਗੂ ਨੇ ਘੁੱਗੀ ਨੂੰ ਐਸ.ਵਾਈ.ਐਲ ਮੁੱਦੇ ‘ਤੇ ਆਪਣਾ ਸਟੈਂਡ ਸਪਸ਼ਟ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ‘ਤੂਸੀਂ ਕਿਸਾਨਾਂ ਨੂੰ ਇਹ ਦੱਸੋ ਕਿ ਤੂਸੀ ਪੰਜਾਬ ਵਿਰੋਧੀ ਸੁਰ ਅਖਤਿਆਰ ਕਰੋਗੇ ਜਾਂ ਆਪਣੀ ਅੰਤਰਆਤਮਾ ਦੀ ਆਵਾਜ ਸੁਣਦੇ ਹੋਏ ਪੰਜਾਬ ਦੇ ਕਿਸਾਨਾਂ ਦੇ ਪੱਖ ਵਿਚ ਖੜੇ ਹੋ ਕੇ ਸੂਬੇ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦਾ ਸਾਥ ਦਿਉਗੇ ਅਤੇ ਐਸ.ਵਾਈ.ਐਲ ਨਹਿਰ ਤੋਂ ਪੰਜਾਬ ਦਾ ਇਕ ਵੀ ਬੂੰਦ ਪਾਣੀ ਸੂਬੇ ਤੋਂ ਬਾਹਰ ਨਹੀਂ ਜਾਣ ਦਿਉਗੇ।’

Leave a Reply

Your email address will not be published. Required fields are marked *