ਬੀ.ਵਾਕ. ਫੂਡ ਪ੍ਰੋਸੈਸਿੰਗ ਐਂਡ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਦਾ ਅਕਾਦਮਕ ਦੌਰਾ
ਪਟਿਆਲਾ (ਮਧੂਸਾਰ ਬਿਊਰੋ)
ਖ਼ਾਲਸਾ ਕਾਲਜ, ਪਟਿਆਲਾ ਵਿਖੇ ਦੀਨ ਦਿਆਲ ਉਪਾਧਿਆਏ ਕੌਸ਼ਲ ਕੇਂਦਰ ਅਧੀਨ ਚਲ ਰਹੇ ਬੀ.ਵਾਕ. ਫੂਡ ਪ੍ਰੋਸੈਸਿੰਗ ਐਂਡ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਵੱਲੋਂ ਮਿਸਜ਼ ਬੈਕਟਰ ਫੂਡ ਸਪੈਸ਼ੇਲੀਟੀਜ਼ ਲਿਮਟਿਡ, ਫਿਲੌਰ ਦਾ ਇੱਕ ਰੋਜ਼ਾ ਦੌਰਾ ਕੀਤਾ ਗਿਆ।
ਇਸ ਮੌਕੇ ‘ਤੇ ਮਿਸ ਜਯੋਤਸਨਾ ਐਚ.ਆਰ. ਨੇ ਫੂਡ ਇੰਡਸਟਰੀ ਵਿੱਚ ਜਾਣ ਤੋਂ ਪਹਿਲਾ ਵਿਦਿਆਰਥੀਆਂ ਨੂੰ ਭੋਜਨ ਸੁਰੱਖਿਆ ਅਤੇ ਸਾਫ ਸਫਾਈ ਦੇ ਨਿਯਮਾਂ ਤੋਂ ਜਾਣੂ ਕਰਵਾਇਆ। ਇਸ ਮੌਕੇ ਸ਼੍ਰੀਮਾਨ ਅਸ਼ੀਸ਼, ਕੁਆਲਿਟੀ ਐਗਜਿਕਿਊਟਿਵ ਨੇ ਬਿਸਕੁਟਾਂ ਦੀ ਪ੍ਰੋਸੈਸਿੰਗ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਬਿਸਕੁਟ ਬਣਾਉਣ ‘ਚ ਵਰਤੀਆਂ ਜਾਣ ਵਾਲੀਆਂ ਵਿਧੀਆਂ ਜਿਵੇਂ ਕਿ ਆਟੇ ਦਾ ਗੁੰਨਣਾ, ਸ਼ੀਟਿੰਗ, ਮੋਲਡਿੰਗ ਇਨ ਰੋਟਰੀ ਮੋਲਡਰ, ਸ਼ੇਪਿੰਗ ਐਂਡ ਬੇਕਿੰਗ ਤਕਨੀਕਾਂ ਬਾਰੇ ਦੱਸਿਆ।
ਵਿਦਿਆਰਥੀਆਂ ਨੂੰ ਕਰੀਮ ਵਾਲੇ ਬਿਸਕੁਟਾਂ, ਵੱਡੀਆਂ ਮਸ਼ੀਨਾਂ ਦੀ ਸਾਫ਼ ਸਫ਼ਾਈ ਅਤੇ ਦੇਖ-ਰੇਖ ਬਾਰੇ ਵੀ ਦੱਸਿਆ। ਉਨ੍ਹਾਂ ਵਿਦਿਆਰਥੀਆਂ ਨੂੰ ਐਚ.ਏ.ਸੀ.ਸੀ.ਪੀ. ਦੇ ਅਧੀਨ ਬਿਸਕੁਟ ਫੈਕਟਰੀ ‘ਚ ਲੱਗਣ ਵਾਲੇ ਸੀ.ਸੀ.ਪੀ.(ਕਰਿਟੀਕਲ ਕੰਟਰੋਲ ਪੁਆਇੰਟ) ਬਾਰੇ ਦੱਸਿਆ।
ਕਾਲਜ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਵਿਭਾਗ ਦੇ ਇਸ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਵਿਦਿਅਕ ਟੂਰ ਨਾ ਕੇਵਲ ਡਿਗਰੀ ਕਰ ਰਹੇ ਵਿਦਿਆਰਥੀਆਂ ਲਈ ਸਿਧਾਂਤਕ ਜਾਣਕਾਰੀ ਦੇ ਪੱਖ ਤੋਂ ਲਾਭਕਾਰੀ ਹਨ ਸਗੋਂ ਉਨ੍ਹਾਂ ਦੇ ਵਿਹਾਰਕ ਗਿਆਨ ਵਿੱਚ ਵੀ ਭਰਪੂਰ ਵਾਧਾ ਕਰਦੇ ਹਨ।
ਇਸ ਮੌਕੇ ਕੋਰਸ ਦੇ ਨੋਡਲ ਅਫਸਰ ਪ੍ਰੋ. ਰਾਜਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਪੰਜਾਬ ਵਿੱਚ ਫੂਡ ਪ੍ਰੋਸੈਸਿੰਗ ਦੇ ਖੇਤਰ ਵਿੱਚ ਤਰੱਕੀ ਲਈ ਇਹ ਜ਼ਰੂਰੀ ਹੈ ਕਿ ਇਸ ਖੇਤਰ ਨਾਲ ਸਬੰਧਤ ਵਿੱਦਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਦੇ ਹੁਨਰੀ ਵਿਕਾਸ ਵੱਲ ਵੱਧ ਤੋਂ ਵੱਧ ਧਿਆਨ ਦਿੱਤਾ ਜਾਵੇ। ਇਸ ਵਿੱਦਿਅਕ ਟੂਰ ਦੌਰਾਨ ਵਿਦਿਆਰਥੀਆਂ ਦੀ ਅਗਵਾਈ ਵਿਭਾਗ ਦੇ ਅਧਿਆਪਕ ਸਾਹਿਬਾਨ ਪ੍ਰੋ. ਰੋਜ਼ੀ ਬਾਂਸਲ ਅਤੇ ਡਾ. ਮਨਸਿਮਰਨ ਕੌਰ ਰੰਧਾਵਾ ਵੱਲੋਂ ਕੀਤੀ ਗਈ।

