ਪੰਜਾਬ ਸਰਕਾਰ ਨੇ ਹੁਨਰ ਵਿਕਾਸ ਲਈ 5 ਮਲਟੀ ਸਕਿਲ ਸੈਂਟਰ ਅਤੇ ਤਿੰਨ ਸਿਹਤ ਸੈਕਟਰ ਸਕਿਲ ਸੈਂਟਰ ਕੀਤੇ ਸਥਾਪਿਤ
ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਰਾਜੀਵ ਪ੍ਰਤਾਪ ਰੂਡੀ ਕਰਨਗੇ 13 ਨਵੰਬਰ ਨੂੰ ਉਦਘਾਟਨ
ਪੰਜਾਬ ਵਿਚ ਸਥਾਪਿਤ ਕੀਤੇ ਜਾਣਗੇ 200 ਰੂਰਲ ਸਕਿਲ ਸੈਂਟਰ
ਚੰਡੀਗੜ 12 ਨਵੰਬਰ (ਮਧੂਸਾਰ ਬਿਊਰੋ)
ਪੰਜਾਬ ਦੇ ਨੋਜਵਾਨਾਂ ਦੇ ਹੁਨਰ ਦੇ ਵਿਕਾਸ ਲਈ ਸੂਬੇ ਵਿਚ ਪੰਜ ਹੁਨਰ ਵਿਕਾਸ ਕੇਂਦਰ ਲੁਧਿਆਣਾ, ਅੰਮ੍ਰਿਤਸਰ, ਜਲੰਧਰ, ਹੁਸ਼ਿਆਰਪੁਰ ਅਤੇ ਬਠਿੰਡਾ ਵਿਖੇ ਖੋਲੇ ਗਏ ਹਨ। ਇਸ ਤੋਂ ਇਲਾਵਾ ਸੂਬੇ ਵਿਚ ਤਿੰਨ ਸਿਹਤ ਸੈਕਟਰ ਸਕਿਲ ਸੈਂਟਰ ਪਟਿਆਲਾ, ਅੰਮ੍ਰਿਤਸਰ ਅਤੇ ਫਰੀਦਕੋਟ ਵਿਖੇ ਸਥਾਪਿਤ ਕਿਤੇ ਗਏ ਹਨ। ਇਨ੍ਹਾਂ ਸਕਿਲ ਸੈਂਟਰਾਂ ਦੀ ਸਲਾਨਾ 12 ਤੋਂ 15 ਹਜਾਰ ਨੌਜਵਾਨਾਂ ਨੂੰ ਸਿਖਲਾਈ ਦੇਣ ਦੀ ਸਮਰੱਥਾ ਹੈ।
ਪੰਜਾਬ ਸਰਕਾਰ ਦੇ ਬੁਲਾਰੇ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਕੇਂਦਰਾ ਦਾ ਉਦਘਾਟਨ 13 ਨਵੰਬਰ ਨੂੰ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਰਾਜ ਮੰਤਰੀ ਸ੍ਰੀ ਰਾਜੀਵ ਪ੍ਰਤਾਪ ਰੂਡੀ ਕਰਨਗੇ। ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਕੇਂਦਰਾਂ ਵਿਚ ਅਤਿ ਆਧੁਨਿਕ ਸਿਖਲਾਈ ਨੌਜਵਾਨਾਂ ਨੂੰ ਦਿੱਤੀ ਜਾਵੇਗੀ ਜਿਨ੍ਹਾਂ ਚਲਾਉਣ ਲਈ ਸਰਕਾਰ ਨੇ ਦਸ ਸਾਲ ਲਈ ਦੇਸ਼ ਦੀਆਂ ਨਾਮੀ ਕੰਪਨੀਆਂ ਨਾਲ ਪੀ.ਪੀ.ਪੀ ਅਧਾਰ ‘ਤੇ ਕਰਾਰ ਕੀਤਾ ਹੈ।
ਮਲਟੀ ਸਕਿਲ ਕੇਂਦਰਾਂ ਵਿਚ ਅਪੈਰਲ, ਇਲੈਕਟਰਿਕ, ਆਟੋਮੋਟਿਵ, ਟੈਲੀਕਾਮ,ਬੈਂਕਿੰਗ, ਸਿਹਤ, ਟ੍ਰਾਂਸਪੋਰਟ ਵੇਅਰਹਾਉਸਿੰਗ ਅਤੇ ਫੂਡ ਪ੍ਰੋਸੈਸਿੰਗ ਆਦਿ ਖੇਤਰਾਂ ਬਾਰੇ ਟ੍ਰੇਨਿੰਗ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਹੈਲਥ ਸੈਕਟਰ ਸਕਿਲ ਸੈਂਟਰਾਂ ਵਿਚ ਜਨਰਲ ਡਿਊਟੀ ਅਸਿਟੈਂਟ, ਹੋਮ ਹੈਲਥ ਏਡ, ਡੈਂਟਲ ਅਸਿਟੈਂਟ ਆਦਿ ਦੀ ਸਿਖਲਾਈ ਦਿੱਤੀ ਜਾਵੇਗੀ।
ਬੁਲਾਰੇ ਨੇ ਨਾਲ ਹੀ ਦੱਸਿਆ ਕਿ ਪੰਜਾਬ ਸਰਕਾਰ ਵਲੋਂ 200 ਪੇਂਡੂ ਸਕਿਲ ਸੈਂਟਰ ਸਥਾਪਿਤ ਕੀਤੇ ਜਾਣਗੇ ਤਾਂ ਜੋ ਪਿੰਡਾਂ ਦੇ ਨੌਜਵਾਨਾਂ ਨੂੰ ਉਨ੍ਹਾਂ ਦੀਆਂ ਬਰੂਹਾਂ ‘ਤੇ ਸਿਖਲਾਈ ਕਰਨ ਲਈ ਵੱਡਾ ਉਪਰਾਲਾ ਹੈ। ਇਨ੍ਹਾਂ ਸਿਖਲਾਈ ਕੇਂਦਰਾਂ ਵਿਚ ਨੌਜਵਾਨਾਂ ਨੂੰ ਬਿਲਕੁਲ ਮੁਫਤ ਸਿਖਲਾਈ ਦਿੱਤੀ ਜਾਵੇਗੀ। ਸਥਾਪਿਤ ਕੀਤੇ ਜਾਣ ਵਾਲੇ ਪੇਂਡੂ ਸਿਖਲਾਈ ਕੇਂਦਰਾਂ ਵਿਚ ਹਰ ਸਾਲ 40000 ਨੌਜਵਾਨਾਂ ਨੂੰ ਸਿਖਲਾਈ ਦਿੱਤੀ ਜਾਵੇਗੀ। ਬੁਲਾਰੇ ਨੇ ਦੱਸਿਆ ਕਿ ਲੜਕੀਆਂ ਦੇ ਸ਼ਕਤੀਕਰਨ ਦੇ ਮਕਸਦ ਨਾਲ 200 ਵਿਚੋਂ 25 ਕੇਂਦਰ ਲੜਕੀਆਂ ਨੂੰ ਸਿਖਲਾਈ ਦੇਣ ਲਈ ਸਥਾਪਿਤ ਕੀਤੇ ਜਾਣਗੇ ਜਿੰਨ੍ਹਾਂ ਨੂੰ ਨੰਨੀ ਛਾਂ ਸਕਿਲ ਸੈਂਟਰ ਦਾ ਨਾਮ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕੇਂਦਰਾਂ ਵਿਚ ਸਿਖਲਾਈ ਦੇਣ ਲਈ ਨਾਮੀ ਜਾਵੇਦ ਹਵੀਬ ਅਤੇ ਊਸ਼ਾ ਇੰਟਰਨੈਸ਼ਨਲ ਨਾਲ ਕਰਾਰ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਇਮਪੈਨਲ ਕੀਤੇ ਭਾਈਵਾਲਾਂ ਵਲੋਂ ਵੀ ਜਿਲ੍ਹਾ ਅਤੇ ਸਬਡਵੀਜਨ ਹੈਡਕੁਆਟਰਾਂ ‘ਤੇ 35 ਸਕਿਲ ਸੈਂਟਰ ਸਥਾਪਿਤ ਕੀਤੇ ਜਾਣਗੇ। ਜਿੱਥੇ 35000 ਨੌਜਵਾਨਾਂ ਨੂੰ ਸਿਖਲਾਈ ਦੇਣ ਦੀ ਸਮਰੱਥਾ ਹੋਵੇਗੀ।

