ਬਾਦਲ ਖੁਦ ਕੇਂਦਰ ਸਰਕਾਰ ਦਾ ਹਿੱਸਾ, ਮੋਦੀ ਨੂੰ ਕਹਿ ਕੇ ਤੁਰੰਤ ਪੰਜਾਬ ਦੇ ਪਾਣੀਆਂ ਦੀ ਕੀਮਤ ਗੁਆਂਢੀ ਰਾਜਾਂ ਤੋਂ ਲਵੇ-ਆਪ
ਚੰਡੀਗੜ੍ਹ, 16 ਨਵੰਬਰ (ਮਧੂਸਾਰ ਬਿਊਰੋ )
ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਅਤੇ ਐਚ.ਐਸ ਫੂਲਕਾ ਨੇ ਪੰਜਾਬ ਵਿਧਾਨ ਸਭਾ ਵਲੋਂ ਪਾਣੀਆਂ ਸੰਬੰਧੀ ਪਾਸ ਕੀਤੇ ਗਏ ਮਤਿਆਂ ਬਾਰੇ ਅੱਜ ਇੱਥੇ ਪੰਜਾਬ ਰਾਜ ਭਵਨ ਦੇ ਬਾਹਰ ਪੱਤਰਕਾਰਾਂ ਨੂੰ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਇਹ ਫੈਸਲਾ ਬਹੁਤ ਪਹਿਲਾਂ ਹੀ ਲੈਣਾ ਚਾਹੀਦਾ ਸੀ।
ਉਨਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਲਏ ਗਏ ਫੈਸਲੇ ਸਹੀ ਹਨ ਪਰ ਫੈਸਲੇ ਲੈਣ ਵਾਲਿਆਂ ਦੀ ਨੀਅਤ ਵਿਚ ਖੋਟ ਸਾਫ ਸਾਫ ਨਜਰ ਆ ਰਿਹਾ ਹੈ। ਉਨਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਸਰਕਾਰ ਵਲੋਂ 2007 ਦੇ ਆਪਣੇ ਚੋਣ ਮਨੋਰਥ ਪੱਤਰ ਵਿਚ ਪੰਜਾਬ ਟਰਮੀਨੇਸ਼ਨ 2004 ਦੀ ਧਾਰਾ 5 ਨੂੰ ਰੱਦ ਕਰਨ ਬਾਰੇ ਵਾਅਦਾ ਕੀਤਾ ਗਿਆ ਸੀ ਜੋ ਸਾਢੇ 9 ਸਾਲ ਤੱਕ ਬਾਦਲ ਨੂੰ ਯਾਦ ਨਹੀਂ ਆਇਆ। ਜਦਕਿ 1997 ਤੋਂ 2002 ਤੱਕ ਬਾਦਲ ਦੀ ਪੰਜਾਬ ਵਿਚ ਸਰਕਾਰ ਸੀ। ਉਨਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਹਮੇਸ਼ਾ ਕੇਂਦਰ ਵਿਚ ਵਿਰੋਧੀ ਸਰਕਾਰ ਹੋਣ ਦਾ ਬਹਾਨਾ ਲਾ ਕੇ ਪੰਜਾਬ ਦੇ ਹੱਕ ਨਾ ਮਿਲਣ ਦੀ ਗੱਲ ਕਰਦੇ ਆਏ ਹਨ ਪਰੰਤੂ ਇਸ ਸਮੇਂ ਤਾਂ ਕੇਂਦਰ ਵਿਚ ਵੀ ਅਕਾਲੀ ਬੀਜੇਪੀ ਦੀ ਸਰਕਾਰ ਹੈ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ ਹਰਸਿਮਰਤ ਕੌਰ ਬਾਦਲ ਉਸ ਵਿਚ ਮੰਤਰੀ ਵੀ ਹੈ।
ਇਸ ਮੌਕੇ ਪੰਜਾਬ ਡਾਇਲਾਗ ਕਮੇਟੀ ਦੇ ਚੈਅਰਮੈਨ ਕੰਵਰ ਸੰਧੂ, ਦਿੱਲੀ ਤੋਂ ਵਿਧਾਇਕ ਅਤੇ ਪੰਜਾਬ ਮਾਮਲਿਆਂ ਦੇ ਕੋ-ਇੰਚਾਰਜ ਜਰਨੈਲ ਸਿੰਘ, ਜਨਰਲ ਸਕੱਤਰ ਗੁਲਸ਼ਨ ਛਾਬੜਾ, ਉਪ ਪ੍ਰਧਾਨ ਬੂਟਾ ਸਿੰਘ ਅਸ਼ਾਂਤ, ਆਪ ਆਗੂ ਗੁਰਪ੍ਰੀਤ ਸਿੰਘ ਭੱਟੀ ਅਤੇ ਮੀਡੀਆ ਕੋ-ਕੋਆਰਡੀਨੇਟਰ ਮਨਜੀਤ ਸਿੰਘ ਸਿੱਧੂ ਵੀ ਮੌਜੂਦ ਸਨ।

