ਆਪ ਨੇ ਅਪਰਾਧੀਆਂ ਨਾਲ ਸਾਂਝ ਪਾ ਕੇ ਹਾਰ ਸਵੀਕਾਰੀ-ਸ੍ਰੋਮਣੀ ਅਕਾਲੀ ਦਲ
ਆਪ-ਇਨਸਾਫ਼ ਪਾਰਟੀ ਗੱਠਜੋੜ ਦੋ ਟੀਸੀ ਦੇ ਮੌਕਾਪ੍ਰਸਤਾਂ ਵਿਚਾਲੇ ਮਜਬੂਰੀ ਦਾ ਵਿਆਹ
ਚੰਡੀਗੜ੍ਹ, 21 ਨਵੰਬਰ (ਮਧੂਸਾਰ ਬਿਊਰੋ)
ਸ੍ਰੋਮਣੀ ਅਕਾਲੀ ਦਲ ਨੇ ਅੱਜ ਇੱਥੇ ਆਖਿਆ ਕਿ ਆਮ ਆਦਮੀ ਪਾਰਟੀ ਨੇ ਅਪਰਾਧੀਆਂ ਨਾਲ ਸਾਂਝ ਪਾ ਕੇ ਆਪਣੀ ਹਾਰ ਕਬੂਲ ਕਰ ਲਈ ਹੈ ਅਤੇ ਦਰਸਾ ਦਿੱਤਾ ਕਿ ਪਾਰਟੀ ਕਿਸੇ ਵੀ ਨੈਤਿਕਤਾ ਜਾਂ ਕਦਰਾਂ ਕੀਮਤਾਂ ਦੀ ਧਾਰਨੀ ਨਹੀਂ।
ਜਾਰੀ ਬਿਆਨ ਵਿੱਚ ਸ੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਆਖਿਆ ਕਿ ਇਹ ਸਪੱਸ਼ਟ ਹੋ ਗਿਆ ਹੈ ਕਿ ਆਪ ਦਾ ਆਪਣੇ ਦਮ ‘ਤੇ ਚੋਣ ਲੜਨ ਦਾ ਮਾਦਾ ਨਹੀਂ ਪਰ ਇਸ ਤੋਂ ਵੀ ਜ਼ਿਆਦਾ ਧੱਕਾ ਇਸ ਗੱਲ ਨਾਲ ਲੱਗਾ ਹੈ ਕਿ ਆਪ ਨੇ ਉਨ੍ਹਾਂ ਦੋ ਭਰਾਵਾਂ-ਸਿਮਰਜੀਤ ਸਿੰਘ ਤੇ ਬਲਵਿੰਦਰ ਸਿੰਘ ਨਾਲ ਗਠਜੋੜ ਕੀਤਾ ਹੈ, ਜਿਨ੍ਹਾਂ ਖਿਲਾਫ਼ ਦਰਜਨ ਤੋਂ ਵੀ ਜ਼ਿਆਦਾ ਅਪਰਾਧਿਕ ਮਾਮਲੇ ਹਨ। ਧੱਕੇਸ਼ਾਹੀ ਅਤੇ ਹਿੰਸਾ ਨਾਲ ਪਹਿਚਾਣੇ ਜਾਂਦੇ ਅਜਿਹੇ ਬੰਦਿਆਂ ਨਾਲ ਸਾਂਝ-ਭਿਆਲੀ ਪਾ, ਆਪ ਨੇ ਆਪਣੇ ਲੁਕੇ ਚਿਹਰੇ ਨੂੰ ਵੀ ਜੱਗ ਜਾਹਿਰ ਕਰ ਦਿੱਤਾ ਹੈ।
ਆਮ ਆਦਮੀ ਪਾਰਟੀ ਅਤੇ ਇਨਸਾਫ਼ ਪਾਰਟੀ ਵਿਚਾਲੇ ਹੋਏ ਗਠਜੋੜ ਨੂੰ ਮੌਕਾਪ੍ਰਸਤਾਂ ਵਿਚਾਲੇ ਮਜਬੂਰੀ ਦਾ ਵਿਆਹ ਕਰਾਰ ਦਿੰਦਿਆਂ ਆਖਿਆ ਕਿ ਦੋਵੇਂ ਧਿਰਾਂ ਆਪਣੀ ਰਾਜਨੀਤਕ ਹੌਂਦ ਨੂੰ ਬਚਾਉਣ ਲਈ ਅਜਿਹਾ ਕਰ ਰਹੀਆਂ ਹਨ।
ਆਪ ਦੇ ਪੰਜਾਬ ਇੰਚਾਰਜ ਸੰਜੇ ਸਿੰਘ ਅਤੇ ਸੂਬਾਈ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਉਰਫ਼ ਘੁੱਗੀ ਅੱਜ ਆਪਣੇ ਉਨ੍ਹਾਂ ਅਹਿਦਨਾਮਿਆਂ ਕਿ ਕਿਸੇ ਵੀ ਪਾਰਟੀ ਨਾਲ ਗਠਜੋੜ ਨਹੀਂ ਕੀਤਾ ਜਾਵੇਗਾ, ਤੋਂ ਮੁਕਰਨ ਬਾਅਦ, ਮੀਡੀਆ ਵੱਲੋਂ ਪੁੱਛੇ ਸੁਆਲਾਂ ਤੋਂ ਭੱਜਦੇ ਨਜ਼ਰ ਆਏ। ਉਨ੍ਹਾਂ ਆਖਿਆ ਕਿ ਦੋਵਾਂ ਆਗੂਆਂ ਨੇ ਮੀਡੀਆਂ ਵੱਲੋਂ ਆਪਣੇ ਪੁਰਾਣੇ ਸਟੈਂਡ ਤੋਂ ਥਿੜਕਣ ਦੇ ਸੁਆਲਾਂ ਦੇ ਜੁਆਬ ਦੇਣ ਦੀ ਥਾਂਵੇਂ ਉੱਥੋਂ ਭੱਜਣਾ ਬੇਹਤਰ ਸਮਝਿਆ। ਉਨ੍ਹਾਂ ਆਖਿਆ ਕਿ ਆਪ ਵਿੱਚ ਪਸਰੀ ਨਿਰਾਸ਼ਾ ਦਾ ਅੱਜ ਇੱਥੋਂ ਹੀ ਪ੍ਰਮਾਣ ਮਿਲ ਗਿਆ ਹੈ ਕਿ ਪੰਜਾਬ ਵਿੱਚ ਰਾਜਸੀ ਪੱਖ ਤੋਂ ਪਤਲੀ ਪਈ ਪਾਰਟੀ ਨੇ ਆਪਣੀ ਹੌਂਦ ਬਚਾਉਣ ਲਈ ਦੋ ਆਦਮੀਆਂ ਦੀ ਪਾਰਟੀ ਨੂੰ ਪੰਜ ਸੀਟਾਂ ਦੇਣ ਦੀ ਮਜਬੂਰੀ ਵਾਲਾ ਸਮਝੌਤਾ ਕਰਨਾ ਪਿਆ।
ਬੈਂਸ ਭਰਾਵਾਂ ਅਤੇ ਉਨ੍ਹਾਂ ਦੀ ਇਨਸਾਫ਼ ਪਾਰਟੀ ‘ਤੇ ਤਨਜ਼ ਕਸਦਿਆਂ ਡਾ. ਚੀਮਾ ਨੇ ਆਖਿਆ ਕਿ ਆਪ ਨਾਲ ਗਠਜੋੜ ਬਾਅਦ ਸ੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਨੂੰ ਨਿਸ਼ਾਨਾ ਬਣਾ ਰਹੇ ਦੋਵੇਂ ਭਰਾਵਾਂ ਦੀ ਪਿਛਲੇ ਸਮੇਂ ਵਿੱਚ ਦੋਵਾਂ ਪਾਰਟੀਆਂ ਵਿੱਚ ਆਉਣ ਲਈ ਕੀਤੀ ਕੋਸ਼ਿਸ਼ ਕਿਸੇ ਤੋਂ ਗੁੱਝੀ ਨਹੀਂ ਹੈ। ‘ਬੈਂਸ ਭਰਾਵਾਂ ਨੇ 2012 ਦੀਆਂ ਵਿਧਾਨ ਸਭਾ ਚੋਣਾਂ ਬਾਅਦ ਸ੍ਰੋਮਣੀ ਅਕਾਲੀ ਦਲ ਵਿੱਚ ਸਮਾਉਣ ਦਾ ਯਤਨ ਕੀਤਾ ਪਰ ਸ੍ਰੋਮਣੀ ਅਕਾਲੀ ਦਲ ਵੱਲੋਂ ਉਨ੍ਹਾਂ ਦੀ ਬਲੈਕ ਮੇਲਿੰਗ ਸਿਆਸਤ ਅੱਗੇ ਝੁਕਣ ਤੋਂ ਇਨਕਾਰ ਕਰ ਦਿੱਤਾ ਗਿਆ। ਉਸ ਤੋਂ ਬਾਅਦ ਪਿਛਲੇ ਦਿਨਾਂ ਵਿੱਚ ਬੈਂਸ ਭਰਾਵਾਂ ਵੱਲੋਂ ਕਾਂਗਰਸ ਨਾਲ ਜੁੜਨ ਦੀ ਲਾਲਸਾ ਨੂੰ ਜਦੋਂ ਫਲ ਨਾ ਪਿਆ ਤਾਂ ਉਨ੍ਹਾਂ ਨੇ ਅੱਜ ਆਪ ਵੱਲ ਹੱਥ ਵਧਾ ਲਿਆ।’ ਉਨ੍ਹਾਂ ਆਖਿਆ ਕਿ ਸ੍ਰੋਮਣੀ ਅਕਾਲੀ ਦਲ ਵਿੱਚ ਅਜਿਹੇ ਉੱਚ ਦਰਜੇ ਦੇ ਮੌਕਾਪ੍ਰਸਤਾਂ ਜਿਨ੍ਹਾਂ ਦਾ ਇਤਿਹਾਸ ਡਰਾਉਣ-ਧਮਕਾਉਣ ਤੇ ਉਸ ਤੋਂ ਵੀ ਅੱਗੇ ਹਿੰਸਕ ਢੰਗ ਨਾਲ ਆਪਣੇ ਨਾਪਾਕ ਟੀਚਿਆਂ ਦੀ ਪ੍ਰਾਪਤੀ ਦੀ ਚਾਹਨਾ ਰੱਖਦੇ ਹਨ, ਦੀ ਕੋਈ ਥਾਂ ਹੋਣ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਉਨ੍ਹਾਂ ਆਖਿਆ ਕਿ ਹੁਣ ਆਪ ਨੂੰ ਇਸ ਨਾਪਾਕ ਗਠਜੋੜ ਦੇ ਸਿੱਟੇ ਭੁਗਤਣ ਲਈ ਵੀ ਤਿਆਰ ਰਹਿਣਾ ਪਵੇਗਾ।

