ਪੰਜਾਬ

ਬਾਦਲ ਅਤੇ ਕੈਪਟਨ ਇੱਕ-ਦੂਜੇ ਦੇ ਵਪਾਰ ਅਤੇ ਸਿਆਸੀ ਹਿੱਤਾਂ ਨੂੰ ਬਚਾਉਣ ਲਈ ਮਿਲੇ ਹੋਏ ਹਨ – ਕੇਜਰੀਵਾਲ

ਦਿੜਬਾ (ਸੁਨਾਮ), 23 ਨਵੰਬਰ (madhusar)
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਪ੍ਰਕਾਸ਼ ਸਿੰਘ ਬਾਦਲ ਅਤੇ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਇੱਕ ਦੂਜੇ ਦੇ ਵਪਾਰ ਅਤੇ ਸਿਆਸੀ ਹਿੱਤਾਂ ਨੂੰ ਬਚਾਉਣ ਲਈ ਆਪਸ ਵਿੱਚ ਮਿਲੇ ਹੋਏ ਹਨ।

ਆਪਣੇ 11 ਦਿਨਾ ਪੰਜਾਬ ਦੌਰੇ ਦੇ ਚੌਥੇ ਦਿਨ ਦਿੜਬਾ ਵਿਖੇ ਬੋਲਦਿਆਂ ਕੇਜਰੀਵਾਲ ਨੇ ਕਿਹਾ ਕਿ ਹਾਲ ਹੀ ਵਿੱਚ ਲਗਭਗ ਇੱਕ ਮਹੀਨਾ ਪਹਿਲਾਂ ਬਾਦਲ ਸਰਕਾਰ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਭ੍ਰਿਸ਼ਟਾਚਾਰ ਦਾ ਕੇਸ ਵਾਪਿਸ ਲੈ ਲਿਆ ਹੈ। ਉਨਾਂ ਕਿਹਾ ਕਿ ਬਾਦਲ ਸਰਕਾਰ ਵੱਲੋਂ ਇਹ ਇਸ ਲਈ ਕੀਤਾ ਗਿਆ ਹੈ, ਕਿਉਂਕਿ ਬਹੁ-ਕਰੋੜੀ ਡਰੱਗ ਮਾਮਲੇ ਵਿੱਚ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਸੀਬੀਆਈ ਜਾਂਚ ਦਾ ਕੈਪਟਨ ਅਮਰਿੰਦਰ ਸਿੰਘ ਨੇ ਵਿਰੋਧ ਕੀਤਾ ਸੀ। ਕੇਜਰੀਵਾਲ ਨੇ ਕਿਹਾ ਕਿ ਇਸੇ ਤਰਾਂ 2002 ਤੋਂ ਲੈ ਕੇ 2007 ਤੱਕ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸਨ, ਤਾਂ ਉਨਾਂ ਨੇ ਭ੍ਰਿਸ਼ਟਾਚਾਰ ਦੇ ਕੇਸਾਂ ਵਿੱਚ ਬਾਦਲਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ।
ਕੇਜਰੀਵਾਲ ਨੇ ਕਿਹਾ ਕਿ ਪੂਰੀ ਦੁਨੀਆਂ ਜਾਣਦੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਉਸਦੇ ਪਰਿਵਾਰ ਨੇ ਸਵਿਸ ਬੈਂਕ ਵਿੱਚ ਕਾਲਾ ਧਨ ਜਮਾ ਕੀਤਾ ਹੋਇਆ ਹੈ, ਪਰ 10 ਸਾਲ ਦੇ ਕਾਰਜਕਾਲ ਦੌਰਾਨ ਮੁੱਖ ਮੰਤਰੀ ਬਾਦਲ ਨੇ ਕਦੇ ਵੀ ਅਮਰਿੰਦਰ ਸਿੰਘ ਖਿਲਾਫ ਕਾਰਵਾਈ ਨਹੀਂ ਕੀਤੀ। ਕੇਜਰੀਵਾਲ ਨੇ ਕਿਹਾ ਕਿ ਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਕੈਪਟਨ ਅਤੇ ਬਾਦਲ ਦੋਵੇਂ ਇੱਕ-ਦੂਜੇ ਨੂੰ ਬਚਾਉਣ ਵਿੱਚ ਲੱਗੇ ਹੋਏ ਹਨ।
ਦਿੱਲੀ ਦੇ ਮੁੱਖ ਮੰਤਰੀ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਭ੍ਰਿਸ਼ਟਾਚਾਰ ਨੂੰ ਕਦੇ ਬਰਦਾਸ਼ਤ ਨਹੀਂ ਕਰੇਗੀ। ਉਨਾਂ ਕਿਹਾ ਕਿ ਦਿੱਲੀ ਵਿੱਚ ਉਨਾਂ ਦੀ ਸਰਕਾਰ ਨੇ ਭ੍ਰਿਸ਼ਟਾਚਾਰੀ ਸਿਆਸਤਾਦਾਨਾਂ ਅਤੇ ਸਰਕਾਰੀ ਦਫਤਰਾਂ ਵਿੱਚ ਭ੍ਰਿਸ਼ਟਾਚਾਰ ਦੇ ਖਿਲਾਫ ਕੰਮ ਕੀਤਾ ਹੈ।
ਕੇਜਰੀਵਾਲ ਨੇ ਕਿਹਾ, “ਜਦੋਂ ਮੈਨੂੰ ਪਤਾ ਲੱਗਾ ਕਿ ਮੇਰਾ ਇੱਕ ਮੰਤਰੀ 6 ਲੱਖ ਰੁਪਏ ਦੀ ਰਿਸ਼ਵਤ ਮੰਗ ਰਿਹਾ ਹੈ, ਤਾਂ ਮੈਂ ਉਸਨੂੰ ਤੁਰੰਤ ਕੈਬਿਨੇਟ ਤੋਂ ਬਾਹਰ ਕਰ ਦਿੱਤਾ।“ ਉਨਾਂ ਕਿਹਾ ਕਿ ਭਾਵੇਂ ਵਿਰੋਧੀ ਧਿਰ ਹੋਵੇ ਜਾਂ ਮੀਡੀਆ, ਆਮ ਆਦਮੀ ਪਾਰਟੀ ਦੇ ਉਸ ਮੰਤਰੀ ਬਾਰੇ ਭ੍ਰਿਸ਼ਟਾਚਾਰ ਦਾ ਕੋਈ ਸਬੂਤ ਪੇਸ਼ ਨਹੀਂ ਕਰ ਸਕੇ।
ਦੂਜੇ ਪਾਸੇ ਅਕਾਲੀ ਮੰਤਰੀ ਤੋਤਾ ਸਿੰਘ ਬੀਜ ਘੋਟਾਲੇ ਅਤੇ ਬਿਕਰਮ ਸਿੰਘ ਮਜੀਠੀਆ ਭ੍ਰਿਸ਼ਟਾਚਾਰ ਅਤੇ ਡਰੱਗਸ ਮਾਮਲਿਆਂ ਵਿੱਚ ਦੋਸ਼ੀ ਹਨ, ਪਰ ਬਾਦਲ ਉਨਾਂ ਖਿਲਾਫ ਕਾਰਵਾਈ ਕਰਨ ਵਿੱਚ ਅਸਫਲ ਰਹੇ ਹਨ। ਉਨਾਂ ਕਿਹਾ ਕਿ ਇਹ ਆਮ ਜਾਣਕਾਰੀ ਦੀ ਗੱਲ ਹੈ ਕਿ ਕਾਂਗਰਸ ਲੀਡਰ ਸੱਜਣ ਕੁਮਾਰ ਅਤੇ ਜਗਦੀਸ਼ ਟਾਇਟਲਰ ਦਿੱਲੀ ਵਿੱਚ 1984 ਸਿੱਖ ਕਤਲੇਆਮ ਦੇ ਦੋਸ਼ੀ ਹਨ, ਪਰ ਇਸਦੇ ਬਾਵਜੂਦ ਕਾਂਗਰਸ ਉਨਾਂ ਖਿਲਾਫ ਕਾਰਵਾਈ ਕਰਨ ਵਿੱਚ ਅਸਫਲ ਹੋਈ ਹੈ, ਜਦਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਿਨਾਂ ਸੋਚੇ-ਸਮਝੇ ਜਗਦੀਸ਼ ਟਾਇਟਲਰ ਅਤੇ ਕਮਲ ਨਾਥ ਨੂੰ ਕਲੀਨ ਚਿਟ ਦੇ ਦਿੱਤੀ ਗਈ।
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਕਿਸੇ ਵੀ ਭ੍ਰਿਸ਼ਟ ਆਗੂ ਨੂੰ ਬਖਸ਼ਿਆ ਨਹੀਂ ਜਾਵੇਗਾ, ਭਾਵੇਂ ਉਹ ਕਿੰਨਾ ਹੀ ਵੱਡਾ ਕਿਓਂ ਨਾ ਹੋਵੇ। ਉਨਾਂ ਕਿਹਾ ਕਿ ਪੂਰੇ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਵਿੱਚ ਧੱਕਣ ਵਾਲੇ ਮਜੀਠੀਆ ਨੂੰ ਲੋਕ ਖੁਦ ਜੇਲ ਪਹੁੰਚਾਉਣਗੇ।
ਕੇਜਰੀਵਾਲ ਨੇ ਕਿਹਾ ਕਿ ਭ੍ਰਿਸ਼ਟ ਮੰਤਰੀਆਂ ਦੇ ਖਿਲਾਫ ਮਾਮਲੇ ਦਰਜ ਕਰਨ ਦੀ ਬਜਾਏ, ਸ਼ਾਂਤਮਈ ਤਰੀਕੇ ਨਾਲ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਆਂਗਨਵਾੜੀ ਵਰਕਰਾਂ, ਅਧਿਆਪਕਾਂ ਅਤੇ ਕਾਮਿਆਂ ਉਤੇ ਬਾਦਲ ਸਰਕਾਰ ਵੱਲੋਂ ਲਾਠੀਆਂ ਵਰਸਾਈਆਂ ਜਾ ਰਹੀਆਂ ਹਨ ਅਤੇ ਉਨਾਂ ਖਿਲਾਫ ਝੂਠੇ ਮਾਮਲੇ ਦਰਜ ਕੀਤੇ ਜਾ ਰਹੇ ਹਨ।

Leave a Reply

Your email address will not be published. Required fields are marked *