ਕਿਸਾਨਾਂ ਨਾਲ ਠੱਗੀ ਮਾਰਨ ਵਾਲਿਆਂ ਖਿਲਾਫ਼ ਧਰਨਾ ਜਾਰੀ
ਪਟਿਆਲਾ (ਮਧੂਸਾਰ ਬਿਊਰੋ)
ਚਨਾਰਥਲ ਖੁਰਦ ਦੇ ਕਿਸਾਨਾਂ ਨਾਲ ਵੱਡੀ ਠੱਗੀ ਕਰਕੇ ਉਨ੍ਹਾ ਵਿੱਚੋਂ ਕੁਝ ਕਿਸਾਨਾਂ ਦੀ ਜਮੀਨ ਵਿਕਵਾ ਕੇ ਸਾਰੀ ਰਕਮ ਹੜੱਪ ਕਰ ਗਏ ਸਨ। ਜਿਨ੍ਹਾਂ ਕਿਸਾਨਾਂ ਨਾਲ ਠੱਗੀ ਹੋਈ ਹੈ।
ਉਨ੍ਹਾਂ ਕਿਸਾਨਾਂ ਦੇ ਹੱਕ ਵਿੱਚ ਪਿਛਲੇ ਲੰਮੇ ਸਮੇਂ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਗਰੀਬ ਕਿਸਾਨਾਂ ਦੇ ਹੱਕ ਵਿੱਚ ਪਿਛਲੇ 6 ਅਕਤੂਬਰ ਤੋਂ ਭਾਦਸੋਂ ਰੋਡ ਤੇ ਲਗਾਤਾਰ ਧਰਨਾ ਦੇ ਕੇ ਸੰਘਰਸ਼ ਲੜਿਆ ਜਾ ਰਿਹਾ ਹੈ। ਉਸ ਵੇਲੇ ਇਸ ਸੰਘਰਸ਼ ਨੂੰ ਹੋਰ ਬੱਲ ਮਿਲਿਆ ਜਦੋਂ ਜਿਲ੍ਹਾ ਪਟਿਆਲਾ ਦੀਆਂ ਵੱਖ-ਵੱਖ ਭਰਾਤਰੀ ਜਥੇਬੰਦੀਆਂ ਇਸ ਸੰਘਰਸ਼ ਵਿੱਚ ਸ਼ਾਮਿਲ ਹੋ ਗਈਆਂ। ਇਨ੍ਹਾਂ ਵਿੱਚ ਇਸਤਰੀ ਜਾਗ੍ਰਤੀ ਮੰਚ ਦੀ ਪੰਜਾਬ ਦੀ ਜਨਰਲ ਸਕੱਤਰ ਅਮਨ ਦਿਓਲ ਲੋਕ ਸੰਗਰਾਮ ਮੰਚ ਦੇ ਰਣਜੀਤ ਸਿੰਘ ਸਵਾਜਪੁਰ, ਦਿਹਾਤੀ ਮਜਦੂਰ ਸਭਾ ਪੰਜਾਬ ਦੇ ਪੂਰਨ ਚੰਦ ਨਨਹੇੜਾ, ਟੈਕਨੀਕਲ ਸਰਵਿਸ ਯੂਨੀਅਨ ਹਰਿਆਵਲ ਦਸਤਾ ਗਰੁੱਪ ਦੇ ਗੁਰਚਰਨ ਸਿੰਘ ਡਕੌਂਦਾ ਨੇ ਸ਼ਾਮਿਲ ਹੋ ਕੇ ਹਰ ਤਰ੍ਹਾਂ ਦਾ ਭਰੋਸਾ ਦੇ ਕੇ ਇਸ ਸੰਘਰਸ਼ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਸਾਂਝੇ ਤੌਰ ਤੇ ਸਾਰੀਆਂ ਜਥੇਬੰਦੀਆਂ ਨੇ ਅਮਨ ਵਿਹਾਰ ਧਰਨੇ ਵਾਲੀ ਜਗ੍ਹਾ ਤੋਂ ਮਾਰਚ ਕਰਕੇ ਟਿਵਾਣਾ ਚੌਂਕ ਤੇ ਜਾਮ ਲਾ ਦਿੱਤਾ। ਇਸ ਦੌਰਾਨ ਉਨ੍ਹਾਂ ਮੰਗ ਕਰਦਿਆਂ ਠੱਗੇ ਗਏ ਸਾਰੇ ਕਿਸਾਨਾਂ ਦੇ ਪੈਸੇ ਵਿਆਜ ਸਮੇਤ ਵਾਪਿਸ ਕਰਵਾਏ ਜਾਣ ਦੋਸ਼ੀਆਂ ਜ਼ਿਨ੍ਹਾਂ ਤੋਂ ਦੁਖੀ ਹੋ ਕੇ ਪੀੜਤ ਕਿਸਾਨ ਲਾਭ ਸਿੰਘ ਨੇ ਪਿਛਲੇ 30 ਤਾਰੀਕ ਨੂੰ ਧਰਨੇ ਦੌਰਾਨ ਹੀ ਖੁਦਕਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਜੋ ਅੱਜ ਤੱਕ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਆਈ.ਸੀ.ਯੂ ਵਿੱਚ ਵੈਟੀਂਲੇਟਰ ਤੇ ਜਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ ਉਸ ਦੇ ਇਲਾਜ ਦੀ ਐਸ.ਡੀ.ਐਮ ਪਟਿਆਲਾ ਨੇ ਜੋ ਜਿੰਮੇਵਾਰੀ ਲਈ ਸੀ ਉਸ ਤੇ ਪੂਰਾ ਉਤਰ ਕੇ ਕਿਸਾਨ ਦਾ ਪੂਰਾ ਇਲਾਜ ਪ੍ਰਸ਼ਾਸਨ ਵਲੋਂ ਕਰਵਾਇਆ ਜਾਵੇ ਅਤੇ ਦੋਸ਼ੀ ਆੜ੍ਹਤੀਆ ਦੇ ਸਾਰੇ ਪਰਿਵਾਰ ਨੂੰ ਸਖਤ ਸਜਾਵਾਂ ਅਧੀਨ ਧਾਰਾਵਾਂ ਲਾ ਕੇ ਜੇਲ੍ਹ ਵਿੱਚ ਸੁੱਟਿਆ ਜਾਵੇ ਤਾਂ ਜੋ ਅੱਗੇ ਤੋਂ ਕੋਈ ਹੋਰ ਅਜਿਹੀ ਘਿਨੌਣੀ ਹਰਕਤ ਕਰਨ ਤੋਂ ਹਿਚਕਿਚਾਵੇ। ਧਰਨੇ ਦੌਰਾਨ ਡੀ.ਐਸ.ਪੀ. ਸਿਟੀ ਟੂ ਪ੍ਰਸ਼ੋਤਮ ਸਿੰਘ ਬੱਲ ਨੇ ਧਰਨੇ ਦੌਰਾਨ ਨਾਅਰੇਬਾਜੀ ਕਰ ਰਹੇ ਕਿਸਾਨਾਂ ਨੂੰ ਦੱਸਿਆ ਕਿ ਅੱਜ ਹੀ ਦੋਸ਼ੀਆਂ ਦੇ ਖਿਲਾਫ ਮੁੱਲਾਂ ਪੁਰ ਠਾਣੇ ਵਿਖੇ ਧਾਰਾ 420, 406 ਅਧੀਨ ਪਰਚਾ ਦਰਜ ਕਰ ਦਿੱਤਾ ਗਿਆ ਹੈ ਜਲਦੀ ਹੀ ਦੋਸ਼ੀ ਆੜ੍ਹੀਆ ਦੇ ਸਾਰੇ ਪਰਿਵਾਰ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

