ਪੰਜਾਬ

‘ਬਾਣੀ ਕੰਠ ਸਦਾ ਬੈਕੁੰਠ’ ਮੁਤਾਬਕ ਵਿਦਿਆਰਥੀ ਬਾਣੀ ਨਾਲ ਜੋੜਾਂਗੇ-ਪ੍ਰੋ. ਬਡੂੰਗਰ

ਪਟਿਆਲਾ, 7 ਦਸੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ)
ਸਿੱਖ ਪਰੰਪਰਾ ਅਨੁਸਾਰ ਪ੍ਰਚਲਤ ਕਹਾਵਤ ‘ਬਾਣੀ ਕੰਠ ਸਦਾ ਬੈਕੁੰਠ’ ਤਹਿਤ ਵਿਦਿਆਰਥੀਆਂ ਨੂੰ ਗੁਰਬਾਣੀ ਕੰਠ ਕਰਨ ਵਲ ਪ੍ਰੇਰਿਤ ਕਰਨ ਦੇ ਮਿਥੇ ਨਿਸ਼ਾਨੇ ਨੂੰ ਪੂਰਾ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਾਕਾ ਚਮਕੌਰ ਸਾਹਿਬ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਸ੍ਰੀ ਜਪੁਜੀ ਸਾਹਿਬ ਦਾ ਪਾਠ ਕੰਠ ਕਰਵਾਇਆ ਜਾਵੇਗਾ।

22 ਦਸੰਬਰ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਦੇ ਸ਼ਹੀਦੀ ਦਿਵਸ ਤੋਂ ਪਹਿਲਾਂ-ਪਹਿਲਾਂ ਸਕੂਲਾਂ, ਕਾਲਜਾਂ ਦੇ ਵਿਦਿਆਰਥੀਆਂ ਨੂੰ ਸ੍ਰੀ ਜਪੁਜੀ ਸਾਹਿਬ ਕੰਠ ਕਰਵਾਉਣ ਲਈ ਬੜੂ ਸਾਹਿਬ, ਨਿਹੰਗ ਸਿੰਘ ਜਥੇਬੰਦੀ ਬੁੱਢਾ ਦਲ ਤੇ ਹੋਰਨਾਂ ਜਥੇਬੰਦੀਆਂ ਦਾ ਵੀ ਸਹਿਯੋਗ ਲਿਆ ਜਾ ਰਿਹਾ ਹੈ।
ਇਸੇ ਦੌਰਾਨ ਇਕ ਵਿਸ਼ੇਸ਼ ਮੁਲਾਕਾਤ ਦੌਰਾਨ ਅਕਾਲ ਅਕੈਡੀਆਂ ਦੇ ਸਮੂਹ ਬੜੂ ਸਾਹਿਬ ਦੇ ਮੁਖੀ ਬਾਬਾ ਇਕਬਾਲ ਸਿੰਘ ਅਤੇ ਨਿਹੰਗ ਸਿੰਘ ਜਥੇਬੰਦੀ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੂੰ ਇਸ ਮਕਸਦ ਨੂੰ ਪੂਰਾ ਕਰਨ ਲਈ ਅਪਣੀਆਂ ਸੰਸਥਾਵਾਂ ਵਲੋਂ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ ਹੈ। ਇਸ ਮੁਲਾਕਾਤ ਦੌਰਾਨ ਪ੍ਰੋ. ਬਡੂੰਗਰ ਨੇ ਸ਼੍ਰੋਮਣੀ ਕਮੇਟੀ, ਬੜੂ ਸਾਹਿਬ, ਬੁੱਢਾ ਦਲ ਦੇ ਪ੍ਰਬੰਧ ਹੇਠਲੇ ਸਕੂਲਾਂ ਅਤੇ ਕਾਲਜਾਂ ਸਮੇਤ ਹੋਰਨਾਂ ਵਿਦਿਅਕ ਅਦਾਰਿਆਂ ‘ਚ ਪੜਦੇ ਕਰੀਬ ਵਿਦਿਆਰਥੀਆਂ ਨੂੰ ਸ੍ਰੀ ਜਪੁਜੀ ਸਾਹਿਬ ਦਾ ਪਾਠ ਕੰਠ ਕਰਵਾਉਣ ਬਾਰੇ ਜਾਣੂ ਕਰਵਾਇਆ।
ਉਨ੍ਹਾਂ ਦਸਿਆ ਕਿ ਸ੍ਰੀ ਜਪੁਜੀ ਸਾਹਿਬ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਸਿੱਖੀ ਦਾ ਮੂਲ ਸਿਧਾਂਤ ਹੈ ਇਸ ਲਈ ਇਹ ਬਾਣੀ ਸਾਡੇ ਬੱਚਿਆਂ ਨੂੰ ਲਾਜਮੀ ਕੰਠ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਬੜੂ ਸਾਹਿਬ ਤੇ ਬੁੱਢਾ ਦਲ ਸਮੇਤ ਹੋਰਨਾਂ ਜਥੇਬੰਦੀਆਂ ਤੋਂ ਵੀ ਇਸ ਬਾਬਤ ਸਹਿਯੋਗ ਮੰਗਿਆ। ਪ੍ਰੋ. ਬਡੂੰਗਰ ਨੇ ਇਸੇ ਦੌਰਾਨ ਕਿਹਾ ਕਿ ਸਮੂਹ ਸਿੱਖ ਜਗਤ ਅਪਣੇ ਬੱਚਿਆਂ ਨੂੰ ਅਪਣੇ ਸਿੱਖ ਇਤਿਹਾਸ ਤੇ ਵਿਰਸੇ ਤੋਂ ਜਾਣੂ ਕਰਵਾਉਣ ਲਈ ਯਤਨ ਕਰੇ ਅਤੇ ਬਾਣੀ ਕੰਠ ਸਦਾ ਬੈਕੁੰਠ ਤਹਿਤ ਬੱਚਿਆਂ ਦੇ ਉਜਵਲ ਭਵਿਖ ਲਈ ਉਨ੍ਹਾਂ ਨੂੰ ਸ੍ਰੀ ਜਪੁਜੀ ਸਾਹਿਬ ਦੀ ਬਾਣੀ ਯਾਦ ਕਰਨ ਲਈ ਪ੍ਰੇਰਤ ਵੀ ਕਰੇ।

Leave a Reply

Your email address will not be published. Required fields are marked *