ਪੰਜਾਬ

ਅੰਮ੍ਰਿਤਸਰ ਦੇ ਪੱਤਰਕਾਰ ਭਾਈਚਾਰੇ ਨੂੰ ਮਿਲਿਆ ਨਵੇਂ ਸਾਲ ਦਾ ਬਿਹਤਰੀਨ ਤੋਹਫ਼ਾ

ਮਜੀਠੀਆ ਵੱਲੋਂ ਅਤਿ-ਆਧੁਨਿਕ ਅੰਮ੍ਰਿਤਸਰ ਪ੍ਰੈੱਸ ਕਲੱਬ ਦਾ ਉਦਘਾਟਨ
ਅੰਮ੍ਰਿਤਸਰ, 21 ਦਸੰਬਰ (ਮਧੂਸਾਰ ਬਿਊਰੋ )
ਪੰਜਾਬ ਦੇ ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਵਾਅਦੇ ਪੂਰੇ ਕਰਨ ‘ਚ ਵਿਸ਼ਵਾਸ ਰੱਖਦਾ ਹੈ, ਜਦਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਸਿਰਫ਼ ਝੂਠੇ ਵਾਅਦੇ ਕਰਨ ਤੱਕ ਹੀ ਸੀਮਿਤ ਹਨ। ਉਨ੍ਹਾਂ ਕਿਹਾ ਕਿ ਸੱਤਾਧਾਰੀ ਗੱਠਜੋੜ ਕਰਾਏ ਗਏ ਵਿਕਾਸ ਦੇ ਏਜੰਡੇ ‘ਤੇ ਆਗਾਮੀ ਵਿਧਾਨ ਸਭਾ ਚੋਣਾਂ ਲੜੇਗਾ ਅਤੇ ਜਿੱਤ ਹਾਸਲ ਕਰ ਕੇ ਲਗਾਤਾਰ ਤੀਜੀ ਵਾਰ ਸਰਕਾਰ ਬਣਾਏਗੀ।

ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਨੇ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਵਿਕਸਤ ਕਰਕੇ ਜਿੱਥੇ ਸੂਬੇ ਨੂੰ ਵਾਧੂ ਬਿਜਲੀ ਵਾਲਾ ਤੇ ਵਧੀਆ ਸੜਕੀ ਤੇ ਹਵਾਈ ਸੰਪਰਕ ਵਾਲਾ ਬਣਾਇਆ ਹੈ, ਉੱਥੇ ਹੀ ਕਿਸਾਨ ਅਤੇ ਦਲਿਤ ਵਰਗ ਨੂੰ ਸਹੂਲਤਾਂ ਦੇ ਗੱਫੇ ਦਿੱਤੇ ਗਏ ਅਤੇ ਵਿਸ਼ਾਲ ਯਾਦਗਾਰਾਂ ਸਥਾਪਿਤ ਕਰਦਿਆਂ ਆਉਣ ਵਾਲੀਆਂ ਪੀੜੀਆਂ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜਨ ਦਾ ਹੰਭਲਾ ਮਾਰਿਆ ਗਿਆ।
ਸ. ਮਜੀਠੀਆ ਨੇ ਇਹ ਪ੍ਰਗਟਾਵਾ ਅੱਜ ਇੱਥੇ ਪੰਜਾਬ ਸਰਕਾਰ ਵੱਲੋਂ ਨਿਊ ਅੰਮ੍ਰਿਤਸਰ ਵਿਖੇ 2.50 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਆਲੀਸ਼ਾਨ ਅਤੇ ਅਤਿ-ਆਧੁਨਿਕ ਸਹੂਲਤਾਂ ਵਾਲੇ ਅੰਮ੍ਰਿਤਸਰ ਪ੍ਰੈੱਸ ਕਲੱਬ ਦਾ ਉਦਘਾਟਨ ਕਰਦਿਆਂ ਅੰਮ੍ਰਿਤਸਰ ਦੇ ਪੱਤਰਕਾਰ ਭਾਈਚਾਰੇ ਨੂੰ ਨਵੇਂ ਸਾਲ ਦਾ ਬਿਹਤਰੀਨ ਤੋਹਫ਼ਾ ਦੇਣ ਮੌਕੇ ਕੀਤਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਮਜੀਠੀਆ ਨੇ ਕਿਹਾ ਕਿ ਐੱਸ ਵਾਈ ਐਲ ਅਤੇ 27 ਹਜ਼ਾਰ ਮੁਲਾਜ਼ਮਾਂ ਨੂੰ ਪੱਕੇ ਕਰਨ ਵਰਗੇ ਗੰਭੀਰ ਮੁੱਦਿਆਂ ‘ਤੇ ਕਾਂਗਰਸ ਅਤੇ ‘ਆਪ’ ਦੋਵਾਂ ਪਾਰਟੀਆਂ ਦਾ ਪੰਜਾਬ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਅਰਵਿੰਦ ਕੇਜਰੀਵਾਲ ਲੋਕਾਂ ਨਾਲ ਕੀਤੇ ਵਾਅਦੇ ਨਾ ਪੂਰੇ ਕਰਕੇ ਪਹਿਲਾਂ ਹੀ ਬੇਨਕਾਬ ਹੋ ਚੁੱਕੇ ਹਨ। ਸ. ਨਵਜੋਤ ਸਿੰਘ ਸਿੱਧੂ ਨੂੰ ਮੌਕਾਪ੍ਰਸਤ ਕਰਾਰ ਦਿੰਦਿਆਂ ਉਨ੍ਹਾਂ ਵਿਅੰਗ ਕੱਸਦਿਆਂ ਕਿਹਾ ਕਿ ਉਨ੍ਹਾਂ ਦਾ ਕਾਂਗਰਸ ਨਾਲ ਸੌਦਾ ਨੇਪਰੇ ਚੜ ਗਿਆ ਹੈ।ਘੱਟੋ ਘਟ ਸਿੱਧੂ ਬਾਰੇ ਲੋਕਾਂ ਨੂੰ ਇਹ ਤਾਂ ਪਤਾ ਚਲ ਗਿਆ ਹੈ ਕਿ ਕਿਨ੍ਹਾਂ ਸਿਧਾਂਤਾਂ ਦੀ ਗਲ ਕਰਦਾ ਸੀ ਤੇ ਕਿਨ੍ਹਾਂ ਨਾਲ ਜਾ ਰਲਿਆ।ਉਹਨਾਂ ਕਿਹਾ ਕਿ ਇਹ ਤਾਂ ਸ਼ੁਰੂਆਤ ਹੈ ਅਭੀ ਪਿਕਚਰ ਬਾਕੀ ਹੈ ਦੋਸਤੋ।। ਉਹਨਾਂ ਕਿਹਾ ਕਿ ਕੇਜਰੀਵਾਲ ਅਤੇ ਉਸ ਦੀ ਜੁੰਡਲੀ ਜੋ ਵੀ ਬਿਆਨ ਦਿੰਦੀ ਹੈ ਉਸ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਇਹ ਲੋਕ ਬੇਸ਼ਰਮੀ ਨਾਲ ਵਾਰ ਵਾਰ ਸਟੈਂਡ ਬਦਲਣ ਵਿੱਚ ਮਾਹਿਰ ਹਨ। ਭਗਵੰਤ ਮਾਨ ਦਾ ਤਾਂ ਇਹ ਵੀ ਪਤਾ ਨਹੀਂ ਲਗਦਾ ਕਿ ਉਹ ਸੋਫ਼ੀ ਸੀ ਜਾਂ ਕੁੱਝ ਹੋਰ।
ਕਾਂਗਰਸ ਅਤੇ ਕੇਜਰੀਵਾਲ ਦੇ ਚੋਣ ਸਲੋਗਨਾਂ ਬਾਰੇ ਪੁੱਛੇ ਜਾਣ ‘ਤੇ ਸ: ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਅਜਿਹੇ ਸਲੋਗਨਾਂ ਦੀ ਕੋਈ ਜ਼ਰੂਰਤ ਨਹੀਂ ਅਕਾਲੀ ਦਲ ਕੰਮ ਕਰਨ ਅਤੇ ਵਿਕਾਸ ਦੀ ਰਾਜਨੀਤੀ ਵਿੱਚ ਵਿਸ਼ਵਾਸ ਰੱਖਦਾ ਹੈ।
ਇਸ ਮੌਕੇ ਉਹਨਾਂ ਕੇਂਦਰੀ ਖ਼ਜ਼ਾਨਾ ਮੰਤਰੀ ਸ੍ਰੀ ਅਰੁਣ ਜੇਤਲੀ ਨੂੰ ਨਾ ਜਿਤਾ ਸਕਣ ਦਾ ਅਫ਼ਸੋਸ ਜ਼ਾਹਿਰ ਕਰਦਿਆਂ ਸਵਾਲ ਕੀਤਾ ਕਿ ਦੱਸਿਆ ਜਾਵੇ ਕਿ ਅੱਜ ਕੈਪਟਨ ਅਮਰਿੰਦਰ ਸਿੰਘ ਕਿੱਥੇ ਗਿਆ।ਜਿਸ ਨੇ ਕਿ ਕਲੱਬ ਲਈ ਇੱਕ ਦੁਆਨੀ ਨਹੀਂ ਦਿੱਤੀ।
ਇਸ ਤੋਂ ਪਹਿਲਾਂ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸ. ਮਜੀਠੀਆ ਨੇ ਪੱਤਰਕਾਰਾਂ ਨਾਲ ਦਿਲ ਦੀਆਂ ਗੱਲਾਂ ਖੁੱਲ ਕੇ ਸਾਂਝੀਆਂ ਕੀਤੀਆਂ ਅਤੇ ਪੂਰਾ ਸਮਾਂ ਉਹਨਾਂ ਨਾਲ ਹਾਸਾ ਮਜ਼ਾਕ ਚਲਦਾ ਰਿਹਾ। ਉਹਨਾਂ ਕਿਹਾ ਕਿ ਪੱਤਰਕਾਰਾਂ ਦੀਆਂ ਮੁਸ਼ਕਲਾਂ ਨੂੰ ਉਹ ਭਲੀਭਾਂਤ ਸਮਝ ਦੇ ਹਨ ਤੇ ਜਦ ਵੀ ਲੋੜ ਪਈ ਉਹਨਾਂ ਅੱਗੇ ਹੋਕੇ ਪੱਤਰਕਾਰਾਂ ਦੇ ਹੱਕਾਂ ਹਿਤਾਂ ਲਈ ਵਕਾਲਤ ਕੀਤੀ।

Leave a Reply

Your email address will not be published. Required fields are marked *