ਆਪ ਦੀ ਸਰਕਾਰ ਆਉਣ ‘ਤੇ ਗਰੀਬ ਬਸਤੀਆਂ ਦੀ ਬਦਲੀ ਜਾਵੇਗੀ ਨੁਹਾਰ-ਰਾਹੁਲ ਬਲਬੀਰ ਸਿੰਘ
ਪਟਿਆਲਾ, 22 ਦਸੰਬਰ, (ਕੰਵਰ ਬੇਦੀ/ਮਧੂਸਾਰ ਬਿਊਰੋ)
ਆਮ ਆਦਮੀ ਪਾਰਟੀ ਦੇ ਪਟਿਆਲਾ ਸ਼ਹਿਰੀ ਤੋਂ ਉਮੀਦਵਾਰ ਡਾ. ਬਲਬੀਰ ਸਿੰਘ ਦੀ ਚੋਣ ਪ੍ਰਚਾਰ ਮੁਹਿੰਮ ਨੂੰ ਸ਼ਹਿਰ ਨਿਵਾਸੀਆਂ ਵਲੋਂ ਵੱਡਾ ਹੁੰਘਾਰਾ ਮਿਲ ਰਿਹਾ ਹੈ।
ਸ਼ਹਿਰ ਦੀਆਂ ਗਰੀਬ ਬਸਤੀਆਂ ਦਾ ਦੌਰਾ ਕਰਦਿਆਂ ਆਪ ਦੇ ਨੌਜਵਾਨ ਨੇਤਾ ਰਾਹੁਲ ਬਲਬੀਰ ਸਿੰਘ ਨੇ ਕਿਹਾ ਕਿ ਅਜ਼ਾਦੀ ਮਿਲਣ ਤੋਂ ਬਾਅਦ ਅੱਜ ਤੱਕ ਇਨ੍ਹਾਂ ਬਸਤੀਆਂ ਨੂੰ ਕਦੇ ਇਨਸਾਫ ਨਹੀਂ ਮਿਲ ਸਕਿਆ। ਇਨ੍ਹਾਂ ਬਸਤੀਆਂ ਦੇ ਬਸ਼ਿੰਦੇ ਦਹਾਕਿਆਂ ਤੋਂ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਸਿਆਸੀ ਪਾਰਟੀਆਂ ਵਾਰੋ ਵਾਰੀ ਆਪਣਾ ਰਾਜ ਕਰਨ ਦਾ ਮਕਸਦ ਪੂਰਾ ਕਰਕੇ ਤੁਰ ਜਾਂਦੀਆਂ ਹਨ ਪਰ ਇਨ੍ਹਾਂ ਗਰੀਬ ਲੋਕਾਂ ਦੇ ਵਿਕਾਸ ਵੱਲ ਕਦੇ ਧਿਆਨ ਨਹੀਂ ਦਿੱਤਾ ਗਿਆ।
ਇਨ੍ਹਾਂ ਬਸਤੀਆਂ ਦੇ ਲੋਕ ਗੰਦਾ ਪਾਣੀ ਪੀਣ ਲਈ ਮਜਬੂਰ ਹਨ। ਸਿਹਤ ਸਹੂਲਤਾਂ ਦੀ ਘਾਟ ਹੋਣ ਕਾਰਨ ਇਨ੍ਹਾਂ ਬਸਤੀਆਂ ‘ਚ ਰਹਿੰਦੇ ਕਈ ਲੋਕ ਆਪਣੀਆਂ ਕੀਮਤੀ ਜਾਨਾਂ ਗੁਆ ਚੁੱਕੇ ਹਨ। ਇਨ੍ਹਾਂ ਗਰੀਬ ਲੋਕਾਂ ਦੇ ਬੱਚੇ ਸਕੂਲ ਜਾਣ ਦੀ ਥਾਂ ਮਜਦੂਰੀ ਕਰਦਿਆਂ ਆਪਣਾ ਬਚਪਨ ਗੁਜ਼ਾਰ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਵਲੋਂ ਗਰੀਬਾਂ ਦੀ ਭਲਾਈ ਲਈ ਕੀਤੇ ਜਾ ਰਹੇ ਵਾਅਦੇ ਸਿਰਫ ਸਟੇਜਾਂ ‘ਤੇ ਦਿੱਤੇ ਜਾਂਦੇ ਭਾਸ਼ਣਾ ਦਾ ਹੀ ਸ਼ਿੰਗਾਰ ਬਣ ਕੇ ਰਹਿ ਗਏ ਹਨ। ਅਸਲ ਸੱਚਾਈ ਇਨ੍ਹਾਂ ਵਾਅਦਿਆਂ ਤੋਂ ਕੋਹਾਂ ਦੂਰ ਹੈ। ਇਸ ਮੌਕੇ ਗਰੀਬ ਬਸਤੀਆਂ ਦੇ ਵਾਸੀਆਂ ਨੇ ਡਾ. ਬਲਬੀਰ ਸਿੰਘ ‘ਤੇ ਆਪਣੇ ਵਿਸ਼ਵਾਸ ਜਿਤਾਉਂਦਿਆਂ ਕਿਹਾ ਕਿ ਪਿਛਲੇ ਕਈ ਦਹਾਕਿਆਂ ਤੋਂ ਉਹ ਰਜਵਾੜਿਆਂ ਦੀਆਂ ਬਣਾਈਆਂ ਗਲਤ ਨੀਤੀਆਂ ਦਾ ਸ਼ਿਕਾਰ ਹੋ ਰਹੇ ਹਨ। ਪ੍ਰੰਤੂ ਇਸ ਵਾਰ ਉਹ ਬਦਲਾਅ ਚਾਹੁੰਦੇ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਬਲਬੀਰ ਸਿੰਘ ਨੂੰ ਪੂਰਾ ਸਹਿਯੋਗ ਦੇਣਗੇ ਅਤੇ ਪੰਜਾਬ ‘ਚ ਆਪ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦਾ ਸੁਪਨਾ ਸਾਕਾਰ ਹੋਵੇਗਾ।ਇਸ ਦੌਰੇ ਦੌਰਾਨ ਰਾਹੁਲ ਬਲਬੀਰ ਸਿੰਘ ਨੇ ਬਸਤੀ ਨਿਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਆਪ ਆਦਮੀ ਪਾਰਟੀ ਦੀ ਸਰਕਾਰ ਆਉਣ ‘ਤੇ ਪਹਿਲ ਦੇ ਆਧਾਰ ‘ਤੇ ਜੀਵਨ ਦੀਆਂ ਬੁਨਿਆਦੀ ਲੋੜਾਂ ਨੂੰ ਪੂਰਾ ਕੀਤਾ ਜਾਵੇਗਾ।ਜਿਥੇ ਸਰਕਾਰਾਂ ਇਨ੍ਹਾਂ ਬਸਤੀਆਂ ਨੂੰ ਉਜਾੜਨ ਦੀਆਂ ਨੀਤੀਆਂ ਬਣਾ ਰਹੀਆਂ ਨੇ ਉਥੇ ਆਮ ਆਦਮੀ ਪਾਰਟੀ ਇਨ੍ਹਾਂ ਬਸਤੀਆਂ ਦੇ ਲੋਕਾਂ ਲਈ ਪਹਿਲ ਦੇ ਆਧਾਰ ‘ਤੇ ਰਹਿਣ ਦਾ ਪੱਕਾ ਪ੍ਰਬੰਧ ਕਰੇਗੀ। ਪੀਣ ਵਾਲੇ ਸਾਫ ਪਾਣੀ, ਸੀਵਰੇਜ ਅਤੇ ਪਖਾਨਿਆਂ ਦਾ ਪ੍ਰਬੰਧ ਕੀਤਾ ਜਾਵੇਗਾ।ਦਿੱਲੀ ਦੀ ਤਰਜ਼ ‘ਤੇ ਹਰ ਬਸਤੀ ‘ਚ ਮੁਹੱਲਾ ਕੀਲੀਨਿਕ ਬਣਾ ਕੇ ਮੁਫਤ ਇਲਾਜ, ਦਵਾਈਆਂ ਤੇ ਟੈਸਟ ਵੀ ਮੁਫਤ ਕੀਤੇ ਜਾਣਗੇ। ਬੱਚਿਆਂ ਦੀ ਪੜ੍ਹਾਈ ਲਈ ਸਸਤੀ ਸਿੱਖਿਆ ਪ੍ਰਣਾਲੀ ਲਾਗੂ ਕੀਤੀ ਜਾਵੇਗੀ ਤੇ ਰੁਜ਼ਗਾਰ ਦੇ ਵਸੀਲੇ ਪੈਦਾ ਕੀਤੇ ਜਾਣਗੇ। ਇਸ ਮੌਕੇ ਕਿਰਪਾਲ ਸੈਣੀ, ਲਾਲ ਸਿੰਘ, ਜੇ ਪੀ ਸਿੰਘ, ਲਾਭ ਸਿੰਘ, ਕੁਲਵੰਤ ਸਿੰਘ, ਰਾਜਵੰਤ ਸਿੰਘ, ਗੱਜਣ ਸਿੰਘ, ਪ੍ਰਦੀਪ ਜੋਸਨ, ਗੁਰਿੰਦਰ ਸਿੰਘ, ਮਹਿੰਦਰ ਸਿੰਘ, ਮੋਹਨ ਲਾਲ ਅਤੇ ਰਮੇਸ਼ ਗੁਪਤਾ ਆਦਿ ਹਾਜ਼ਰ ਸਨ।

