‘ਵਹ ਪ੍ਰਗਟਿਓ ਮਰਦ ਅਗੰਮੜਾ’ ਵਿਸ਼ੇ ਤੇ 350 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿੰਨ ਰੋਜ਼ਾ ਸੈਮੀਨਾਰ ਸ਼ੁਰੂ
ਪਟਿਆਲਾ: 23 ਦਸੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ)
ਆਪਣੀ ਕੌਮ ਦੇ ਸਥਾਪਿਤ ਇਤਿਹਾਸਕ ਪ੍ਰਸੰਗਾਂ ਦੀ ਮਹਾਨਤਾ ਨੂੰ ਸਾਹਮਣੇ ਲਿਆਉਣਾ ਅਤੇ ਉਸਨੂੰ ਜਨ-ਸਧਾਰਨ ਦੀ ਚੇਤਨਾ ਦਾ ਹਿੱਸਾ ਬਣਾ ਦੇਣਾ ਜਾਗਦੀਆਂ ਕੌਮਾਂ ਦੀ ਨਿਸ਼ਾਨੀ ਹੁੰਦਾ ਹੈ ਅਤੇ ਇਸ ਭਾਵਨਾ ਵਿਚੋਂ ਹੀ ਵਿਰਾਸਤ ਦਾ ਫ਼ਖ਼ਰ ਉਜਾਗਰ ਹੁੰਦਾ ਹੈ।
ਇਹ ਇਕ ਇਤਿਹਾਸਕ ਤੱਥ ਹੈ ਕਿ ਜਿਹੜੀਆਂ ਵੀ ਕੌਮਾਂ ਨੇ ਆਪਣੀ ਵਿਰਾਸਤ ਦੇ ਫ਼ਖ਼ਰ ਨੂੰ ਲੋਕ-ਚੇਤਨਾ ਦਾ ਹਿੱਸਾ ਨਹੀਂ ਬਣਾਇਆ, ਉਹ ਕੌਮਾਂ ਅਤੇ ਧਰਮ ਦੁਨੀਆਂ ਦੇ ਨਕਸ਼ੇ ਤੋਂ ਹੌਲੀ-ਹੌਲੀ ਅਲੋਪ ਹੋ ਗਏ। ਇਸ ਲਈ ਆਪਣੇ ਧਰਮ ਅਤੇ ਸਭਿਆਚਾਰ ਦੇ ਜ਼ਰਖੇਜ਼ ਇਤਿਹਾਸਕ ਪ੍ਰਸੰਗਾਂ ਨੂੰ ਸਾਹਮਣੇ ਲਿਆਉਣ ਨਾਲ ਜਿੱਥੇ ਕੌਮੀਅਤਾਂ ਦਾ ਸੱਜਰਾ ਅਤੇ ਨਰੋਆ ਪ੍ਰਸੰਗ ਸਥਾਪਿਤ ਹੁੰਦਾ ਹੈ, ਉਥੇ ਸੰਸਾਰ ਦੀ ਬਿਹਤਰੀ ਲਈ ਇਹ ਮੀਲ-ਪੱਥਰ ਵੀ ਸਾਬਤ ਹੁੰਦਾ ਹੈ।
ਇਹ ਸ਼ਬਦ ਅੱਜ ਪੰਜਾਬੀ ਯੂਨੀਵਰਸਿਟੀ ਵੱਲੋਂ ਡਾ. ਸਰਬਜਿੰਦਰ ਸਿੰਘ, ਚੇਅਰਮੈਨ, ਭਾਈ ਗੁਰਦਾਸ ਚੇਅਰ ਦੀ ਅਗਵਾਈ ਵਿਚ ‘ਵਹ ਪ੍ਰਗਟਿਓ ਮਰਦ ਅਗੰਮੜਾ’ ਵਿਸ਼ੇ ਤੇ ਕਰਵਾਏ ਜਾ ਰਹੇ ਜਾ ਰਹੇ ਤਿੰਨ ਰੋਜ਼ਾ ਸੈਮੀਨਾਰ ਵਿਚ ਸ. ਸੁਖਦੇਵ ਸਿੰਘ ਢੀਂਡਸਾ ਨੇ ਕਹੇ। ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਨੇ ਕਿਹਾ ਕਿ ਆਪਣੇ ਵਿਰਾਸਤੀ ਜਲੌਅ ਦੀ ਤਰੋ-ਤਾਜ਼ਗੀ ਨੂੰ ਜਿਉਂ ਦਾ ਤਿਉਂ ਨਵਾਂ ਨਰੋਆ ਰੱਖਣ ਦੀ ਭਾਵਨਾ ਹਿੱਤ ਦਸਮ ਪਾਤਸ਼ਾਹ ਹਜ਼ੂਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ 350 ਸਾਲਾ ਪ੍ਰਕਾਸ਼ ਉਤਸਵ ਨੂੰ ਸਮੂਹ ਸਿੱਖ ਸੰਸਾਰ ਬਹੁਤ ਹੀ ਉਤਸ਼ਾਹ ਨਾਲ ਮਨਾ ਰਿਹਾ ਹੈ। ਇਹ ‘ਬਾਬਾਣੀਆ ਕਹਾਣੀਆ ਪੁਤ ਸਪੁਤ ਕਰੇਨਿ’ ਦਾ ਇਤਿਹਾਸਕ ਪ੍ਰਸੰਗ ਹੈ।
ਸੈਮੀਨਾਰ ਕੋਆਰਡੀਨੇਟਰ ਡਾ. ਸਰਬਜਿੰਦਰ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਕਾਲ (1666-1708 ਈ.) ਕੁਲ 42 ਸਾਲ ਹੈ, ਪਰ ਪੈਗੰਬਰੀ ਅਜ਼ਮਤ ਦੀ ਪਰਖ ਕਾਲ ਦੀਆਂ ਸੀਮਾਵਾਂ ਵਿਚ ਕੀਤੀ ਹੀ ਨਹੀਂ ਜਾ ਸਕਦੀ। ਡਾ. ਪ੍ਰਿਥੀਪਾਲ ਸਿੰਘ ਕਪੂਰ ਨੇ ਕਿਹਾ ਕਿ ਨੌਂ ਸਾਲ ਦੀ ਉਮਰ ਵਿਚ ਪਿਤਾ ਨੂੰ ‘ਦੂਸਰੇ ਦੇ ਸੱਚ’ ਲਈ ਸ਼ਹਾਦਤ ਵੱਲ ਤੋਰ ਦੇਣਾ ਅਤੇ (1688 ਤੋਂ ਲੈ ਕੇ 1699 ਈ.) ਪਹਾੜੀ ਰਾਜਿਆਂ ਅਤੇ ਮੁਗਲਈ ਸਲਤਨਤ ਦੀਆਂ ਦੰਭੀ ਚਾਲਾਂ ਦਾ ਜਵਾਬ ਦੇਣ ਲਈ ਜੰਗੇ ਮੈਦਾਨ ਵਿਚ ਉਤਰਨਾ ਅਤੇ 1699 ਈ. ਦੀ ਵਿਸਾਖੀ ਨੂੰ ਖਾਲਸੇ ਦੀ ਸਿਰਜਣਾ, ਸਿੱਖ ਧਰਮ ਦੀ ਵੱਖਰੀ ਤੇ ਨਿਵੇਕਲੀ ਪਹਿਚਾਣ ਦਾ ਮੂਲ ਆਧਾਰ ਹੈ।
ਡਾ. ਰਮਾਕਾਂਤ ਅੰਗਰਿਸ, ਪ੍ਰੋਫੈਸਰ ਆਫ ਐਮੀਰੇਟਸ ਨੇ ਕਿਹਾ ਕਿ ਖਾਲਸੇ ਦੀ ਸਿਰਜਣਾ ਤੋਂ ਲੈ ਕੇ 1708 ਈ. ਤੱਕ ਅਨੰਦਪੁਰ ਧਰਮ ਯੁੱਧਾਂ ਦਾ ਅਖਾੜਾ ਬਣਿਆ ਰਿਹਾ। ਗੁਰੂ ਸਾਹਿਬ ਨੇ ਆਪਣੇ ਸਾਜੇ ਖਾਲਸੇ ਨਾਲ ਦੁਸ਼ਟ ਦੋਖੀਆਂ ਦੇ ਖਾਤਮੇ ਅਤੇ ਧਰਮ ਦਾ ਰਾਜ ਸਥਾਪਿਤ ਕਰਨ ਲਈ ਹਿੰਦੂ ਰਾਜਿਆਂ ਅਤੇ ਮੁਗਲ ਹਕੂਮਤ ਨਾਲ ਸਖਤ ਟੱਕਰ ਲਈ। ਖਾਲਸੇ ਦੀ ਤਲਵਾਰ ਜ਼ੁਲਮ ਖਿਲਾਫ਼ ਉਠਦੀ ਸੀ ਨਾ ਕਿ ਕਿਸੇ ਧਰਮ, ਕੌਮ ਜਾਂ ਖਿੱਤੇ ਦੇ ਖਿਲਾਫ਼। ਇਸੇ ਕਰਕੇ ਹਰ ਧਰਮ ਦੇ ਇਨਸਾਫ਼ਪਸੰਦ ਯੋਧਿਆਂ ਨੇ ਗੁਰੂ ਜੀ ਦੀ ਤਰਫੋਂ ਜੂਝਦੇ ਹੋਏ ਸ਼ਹਾਦਤ ਦੇ ਜਾਮ ਪੀਤੇ, ਜਿਨ੍ਹਾਂ ਵਿਚੋਂ ਪੀਰ ਬੁੱਧੂ ਸ਼ਾਹ ਅਤੇ ਖਵਾਜਾ ਅਬਦੁੱਲਾ ਜ਼ਿਕਰਯੋਗ ਹਨ। ਡਾ. ਮੁਹੰਮਦ ਸੁਲੇਮਾਨ ਖੁਰਸ਼ੀਦ, ਆਲੀਆ ਯੂਨੀਵਰਸਿਟੀ, ਕੋਲਕਤਾ ਨੇ ਕਿਹਾ ਕਿ ਬੰਗਲਾ ਵਿਚ ਗੁਰੂ ਗੋਬਿੰਦ ਸਿੰਘ ਬਾਰੇ ਰਚੇ ਸਾਹਿਤ ‘ਤੇ ਪੂਰੀ ਗੰਭੀਰਤਾ ਨਾਲ ਨਿਰੀਖਣ ਕਰਨ ਦੀ ਲੋੜ ਹੈ।
ਇਸ ਸੈਮੀਨਾਰ ਦੇ ਉਦਘਾਟਨੀ ਸ਼ਬਦਾਂ ਵਿਚ ਡਾ. ਗੁਰਨਾਮ ਸਿੰਘ, ਡੀਨ, ਅਕਾਦਮਿਕ ਮਾਮਲੇ ਨੇ ਤਿੰਨ ਰੋਜ਼ਾ ਸੈਮੀਨਾਰ ਦੀ ਰੂਪ-ਰੇਖਾ ਨੂੰ ਸਾਹਮਣੇ ਰੱਖਿਆ। ਡਾ. ਗੁਰਮੀਤ ਸਿੰਘ ਸਿੱਧੂ ਨੇ ਧੰਨਵਾਦੀ ਮਤਾ ਪੇਸ਼ ਕੀਤਾ।

