ਮੁੱਖ ਮੰਤਰੀ ਵੱਲੋਂ ਵੱਖ-ਵੱਖ ਬੋਰਡਾਂ ਤੇ ਕਾਰਪੋਰੇਸ਼ਨਾਂ ਵਿੱਚ ਚੇਅਰਮੈਨ, ਉਪ ਚੇਅਰਮੈਨ ਅਤੇ ਮੈਂਬਰਾਂ ਦੀ ਨਿਯੁਕਤੀ ਨੂੰ ਪ੍ਰਵਾਨਗੀ
ਭੁਪਿੰਦਰ ਸਿੰਘ ਭਲਵਾਨ ਜ਼ਿਲ੍ਹਾ ਯੋਜਨਾ ਕਮੇਟੀ ਸੰਗਰੂਰ ਦੇ ਚੇਅਰਮੈਨ ਨਿਯੁਕਤ
ਵਿੱਕੀ ਸਹੋਤਾ ਦੀ ਸਫਾਈ ਕਰਮਚਾਰੀ ਭਲਾਈ ਕਮਿਸ਼ਨ ਦੇ ਉਪ ਚੇਅਰਮੈਨ ਵਜੋਂ ਨਿਯੁਕਤੀ
ਚੰਡੀਗੜ੍ਹ, 23 ਦਸੰਬਰ (ਮਧੂਸਾਰ ਬਿਊਰੋ)
ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਵੱਖ-ਵੱਖ ਬੋਰਡਾਂ ਤੇ ਕਾਰਪੋਰਸ਼ਨਾਂ ਵਿੱਚ ਚੇਅਰਮੈਨ, ਉਪ ਚੇਅਰਮੈਨ ਅਤੇ ਤਿੰਨ ਮੈਂਬਰਾਂ ਦੀ ਨਿਯੁਕਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ।ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਸ. ਬਾਦਲ ਨੇ ਅੱਜ ਸਵੇਰੇ ਇਸ ਸਬੰਧੀ ਫਾਈਲ ‘ਤੇ ਸਹੀ ਪਾ ਦਿੱਤੀ ਹੈ।
ਬੁਲਾਰੇ ਨੇ ਦੱਸਿਆ ਕਿ ਸ੍ਰੀ ਭੁਪਿੰਦਰ ਸਿੰਘ ਭਲਵਾਨ ਨੂੰ ਜ਼ਿਲ੍ਹਾ ਯੋਜਨਾ ਕਮੇਟੀ ਸੰਗਰੂਰ ਦਾ ਚੇਅਰਮੈਨ ਅਤੇ ਸ੍ਰੀ ਵਿੱਕੀ ਸਹੋਤਾ ਨੂੰ ਸਫਾਈ ਕਰਮਚਾਰੀ ਭਲਾਈ ਕਮਿਸ਼ਨ ਪੰਜਾਬ ਦਾ ਉਪ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਸ੍ਰੀ ਸੁਸ਼ੀਲ ਸ਼ਰਮਾ, ਸ੍ਰੀ ਸੁਲੱਖਣ ਸਿੰਘ ਅਤੇ ਤ੍ਰਿਭਾਵਨ ਗੁਪਤਾ ਨੂੰ ਕ੍ਰਮਵਾਰ ਸੂਬਾਈ ਯੂਥ ਵਿਕਾਸ ਬੋਰਡ, ਪੰਜਾਬ ਬਾਜ਼ੀਗਰ ਤੇ ਟੱਪਰੀਵਾਸ ਭਲਾਈ ਬੋਰਡ ਅਤੇ ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਤੇ ਵਿੱਤ ਨਿਗਮ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ।
ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਨਿਯੁਕਤੀਆਂ ਬਾਰੇ ਰਸਮੀ ਹੁਕਮ ਸਬੰਧਤ ਵਿਭਾਗਾਂ ਵੱਲੋਂ ਛੇਤੀ ਹੀ ਜਾਰੀ ਕੀਤੇ ਜਾਣਗੇ।

