ਸ਼੍ਰੋਮਣੀ ਅਕਾਲੀ ਦਲ ਨੂੰ ਝਟਕਾ : ਗੁਰਸੇਵ ਹਰਪਾਲਪੁਰ ਨੇ ਸਾਥੀਆਂ ਸਮੇਤ ਅਕਾਲੀ ਦਲ ਦੀ ਵਰਕਿੰਗ ਕਮੇਟੀ ਤੋਂ ਦਿੱਤਾ ਅਸਤੀਫਾ
ਪਟਿਆਲਾ, 10 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ)
ਸ਼੍ਰੋਮਣੀ ਅਕਾਲੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਟਕਸਾਲੀ ਆਗੂ ਗੁਰਸੇਵ ਸਿੰਘ ਹਰਪਾਲਪੁਰ ਨੇ ਅਕਾਲੀ ਦਲ ਦੀਆਂ ਪੰਥ ਵਿਰੋਧੀ, ਲੋਕ ਮਾਰੂ, ਭ੍ਰਿਸ਼ਟ ਨੀਤੀਆਂ ਅਤੇ ਬੇਅਦਬੀ ਦੇ ਰੋਸ ‘ਚ ਵਰਕਿੰਗ ਕਮੇਟੀ ਦੀ ਮੈਂਬਰੀ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਸਧਾਰਨ ਵਿਅਕਤੀ ਵਾਂਗ ਜ਼ਿੰਦਗੀ ‘ਚ ਵਿਚਰਨ ਦਾ ਫੈਸਲਾ ਕੀਤਾ ਹੈ। ਹਰਪਾਲਪੁਰ ਨੇ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਪੰਥ ਦੇ ਨਾਂ ‘ਤੇ ਵੋਟਾਂ ਲੈ ਕੇ ਬਣੀ ਅਕਾਲੀ ਸਰਕਾਰ ਨੇ ਅਜੇ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀ ਵਿਅਕਤੀਆਂ ਨੂੰ ਲੋਕ ਕਟਿਹਰੇ ਵਿਚ ਨਹੀਂ ਲਿਆਂਦਾ।
ਜ਼ਿਕਰਯੋਗ ਹੈ ਕਿ ਗੁਰਸੇਵ ਹਰਪਾਲਪੁਰ ਨੇ 1991 ‘ਚ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਚੋਣ ਲੜੀ ਸੀ ਅਤੇ ਮੁੜ 2007 ਘਨੌਰ ਤੋਂ ਅਜ਼ਾਦ ਤੌਰ ‘ਤੇ ਚੋਣ ਲੜੀ, ਜਿਸ ਕਾਰਨ ਅਕਾਲੀ ਉਮੀਦਵਾਰ ਅਜੈਬ ਸਿੰਘ ਮੁਖਮੈਲਪੁਰ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਉਨ੍ਹਾਂ ਕਿਹਾ ਕਿ ਹੁਣ ਪਾਰਟੀ ਦੇ ਵੱਡੇ-ਵੱਡੇ ਆਗੂਆਂ ਵੱਲੋਂ ਪਾਰਟੀ ਵਰਕਰਾਂ ‘ਤੇ ਭਰੋਸਾ ਰੱਖਣ ਦੀ ਥਾਂ ‘ਤੇ ਚੋਣਾਂ ਵਿਚ ਜਿੱਤ ਪੱਕੀ ਕਰਨ ਲਈ ਹਲਕੇ ‘ਚ ਗੰਦੀ ਤੇ ਭ੍ਰਿਸ਼ਟ ਰਾਜਨੀਤੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਕੁਝ ਕੁ ਪਰਿਵਾਰਾਂ ਦਾ ਪੇਟ ਪਾਲਣ ਤੱਕ ਸਿਮਟ ਕੇ ਰਹਿ ਗਿਆ ਹੈ ਅਤੇ ਹੁਣ ਪਾਰਟੀ ਵਿਚ ਸਿਰਫ਼ ਪਰਿਵਾਰਵਾਦ ਹੀ ਨਜ਼ਰ ਆਉਂਦਾ ਹੈ।
ਹਰਪਾਲਪੁਰ ਨਾਲ ਪਾਰਟੀ ਅਹੁਦਿਆਂ ਤੋਂ ਅਸਤੀਫੇ ਦੇਣ ਵਾਲਿਆਂ ‘ਚ ਤਰਲੋਚਨ ਸਿੰਘ ਰਾਓ ਮਾਜਰਾ ਜ਼ਿਲ੍ਹਾ ਜਨਰਲ ਸਕੱਤਰ, ਪ੍ਰੈਸ ਸਕੱਤਰ ਹਰਪ੍ਰੀਤ ਸਿੰਘ ਘੁੰਮਣ ਬਲਾਕ ਸੰਮਤੀ ਮੈਂਬਰ, ਅਮਰੀਕ ਸਿੰਘ ਬਿੱਲਾ ਜ਼ਿਲ੍ਹਾ ਜਨਰਲ ਸਕੱਤਰ ਅਤੇ ਮੈਂਬਰ ਬਲਾਕ ਸੰਮਤੀ, ਹਰਵਿੰਦਰ ਸਿੰਘ ਸੰਧਾਰਸੀ ਮੀਤ ਪ੍ਰਧਾਨ ਯੂਥ ਅਕਾਲੀ ਦਲ ਜ਼ਿਲ੍ਹਾ ਪਟਿਆਲਾ, ਨਰਿੰਦਰ ਸਿੰਘ ਗਿੱਲ ਜਨਰਲ ਸਕੱਤਰ, ਬਾਬਾ ਬਲਦੇਵ ਸਿੰਘ ਲੰਗ ਮੀਤ ਪ੍ਰਧਾਨ ਜ਼ਿਲ੍ਹਾ ਪਟਿਆਲਾ, ਸ਼ਾਮ ਸਿੰਘ ਲੰਗ, ਕਰਨੈਲ ਸਿੰਘ ਲੰਗ, ਜੋਗਿੰਦਰ ਸਿੰਘ ਨਸੀਰਪੁਰ ਮੀਤ ਪ੍ਰਧਾਨ ਹਲਕਾ ਘਨੌਰ, ਗੁਰਮੇਲ ਸਿੰਘ ਸੰਧਾਰਸੀ ਅਤੇ ਚੰਨਣ ਸਿੰਘ ਸਰਾਏਂ ਆਦਿ ਸ਼ਾਮਲ ਹਨ।

