ਪਟਿਆਲਾ ਵਿਖੇ ਰਾਜਪਾਲ ਵੀ.ਪੀ. ਸਿੰਘ ਬਦਨੋਰ ਲਹਿਰਾਉਣਗੇ ਤਿਰੰਗਾ
17 ਜਨਵਰੀ ਤੋਂ ਪੋਲੋਗਰਾਂਉਂਡ ਵਿਖੇ ਸਵੇਰੇ 10 ਵਜੇ ਤੋਂ ਦੁਪਿਹਰ 12 ਵਜੇ ਤੱਕ ਹੋਵੇਗੀ ਰਿਹਰਸਲ
ਪਟਿਆਲਾ 16 ਜਨਵਰੀ (ਮਧੂਸਾਰ ਬਿਊਰੋ)
ਪੰਜਾਬ ਦਾ ਰਾਜਪੱਧਰੀ ਗਣਤੰਤਰ ਦਿਵਸ ਸਮਾਗਮ ਪਟਿਆਲਾ ਦੇ ਯਾਦਵਿੰਦਰਾ ਪਬਲਿਕ ਸਕੂਲ ਦੇ ਸਟੇਡੀਅਮ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਮਿੰਨੀ ਸਕੱਤਰੇਤ ਵਿਖੇ ਰੱਖੀ ਗਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਰਾਜਪਾਲ ਸ਼੍ਰੀ ਵੀ.ਪੀ. ਸਿੰਘ ਬਦਨੌਰ ਇਸ ਸਮਾਗਮ ਵਿੱਚ ਤਿਰੰਗਾ ਲਹਿਰਾਉਣਗੇ। ਜ਼ਿਲ੍ਹਾ ਪ੍ਰਸ਼ਾਸ਼ਨ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠਕ ਤੋਂ ਬਾਅਦ ਉਹਨਾਂ ਦੱਸਿਆ ਕਿ ਸਮਾਗਮ ਦੀਆਂ ਤਿਆਰੀਆਂ ਦੇ ਸਬੰਧ ਵਿੱਚ 17 ਜਨਵਰੀ ਤੋਂ ਪੋਲੋਗਰਾਂਉਂਡ ਵਿਖੇ ਸਵੇਰੇ 10 ਵਜੇ ਤੋਂ ਦੁਪਿਹਰ 12 ਵਜੇ ਤੱਕ ਰਿਹਸਲ ਹੋਵੇਗੀ।
ਉਹਨਾਂ ਕਿਹਾ ਕਿ ਸਕੂਲੀ ਬੱਚਿਆਂ ਅਤੇ ਕਾਲਜ ਦੇ ਵਿਦਿਆਰਥੀਆਂ ਲਈ ਰਿਹਰਸਲ ਅਤੇ ਸਮਾਗਮ ਦੌਰਾਨ ਪੁਖਤਾ ਪ੍ਰਬੰਧ ਕੀਤੇ ਜਾਣ ਨਾਲ ਹੀ ਉਹਨਾਂ ਵੱਖ-ਵੱਖ ਵਿਭਾਗਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਸਟੇਡੀਅਮ ਦੀ ਸਜਾਵਟ, ਮਾਨਯੋਗ ਰਾਜਪਾਲ ਜੀ ਦੇ ਸਵਾਗਤ ਲਈ ਕੀਤੀ ਜਾਣ ਵਾਲੀ ਤਿਆਰੀਆਂ ਵਿੱਚ ਕੋਈ ਵੀ ਕੋਤਾਹੀ ਨਾ ਵਰਤਣ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਸਿਖਿਆ ਅਫ਼ਸਰ ਨੂੰ ਹਦਾਇਤ ਕੀਤੀ ਕਿ ਰਾਜ ਪੱਧਰੀ ਸਮਾਗਮ ਲਈ ਸ਼ਾਨਦਾਰ ਸੱਭਿਆਚਾਰਕ ਸਮਾਗਮ ਤਿਆਰ ਕੀਤਾ ਜਾਵੇ। ਉਹਨਾਂ ਸਰਕਾਰੀ ਕਾਲਜ ਲੜਕੀਆਂ ਨੇ ਗਿੱਧਾ ਤੇ ਸਰਕਾਰੀ ਮਹਿੰਦਰਾ ਕਾਲਜ, ਖਲਸਾ ਕਾਲਜ ਤੇ ਮੁਲਤਾਨੀ ਮੱਲ ਮੋਦੀ ਕਾਲਜ ਨੂੰ ਭੰਗੜਾ ਤਿਆਰ ਕਰਨ ਦੀ ਹਦਾਇਤ ਕੀਤੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਰਨਲ ਸ਼੍ਰੀ ਸੰਦੀਪ ਹੰਸ, ਸਹਾਇਕ ਕਮਿਸ਼ਨਰ ਸ਼੍ਰੀ ਸੂਬਾ ਸਿੰਘ, ਨਗਰ ਨਿਗਮ ਦੇ ਕਮਿਸ਼ਨਰ ਸ਼੍ਰੀ ਗੁਰਪਾਲ ਸਿੰਘ ਚਾਹਲ, ਸਹਾਇਕ ਕਮਿਸ਼ਨਰ ਸਿਕਾਇਤਾਂ ਸ਼੍ਰੀਮਤੀ ਸੁਰਿੰਦਰ ਕੌਰ, ਐਸ.ਪੀ. ਸ਼੍ਰੀ ਬਲਵਿੰਦਰ ਭਿੱਖੀ ਅਤੇ ਵੱਖ-ਵੱਖ ਵਿਭਾਗਾਂ ਦੇ ਹੋਰ ਕਈ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

