ਕੈਪਟਨ ਅਮਰਿੰਦਰ ਨੂੰ ਪਟਿਆਲਾ ਤੋਂ ਦੇਵਾਂਗਾ ਕਰਾਰੀ ਹਾਰ: ਜੇ. ਜੇ. ਸਿੰਘ
ਲੰਬੀ ਸੀਟ ਤੋਂ ਹੋਵੇਗੀ ਅਮਰਿੰਦਰ ਦੀ ਜਮਾਨਤ ਜਬਤ
ਪ੍ਰਮਾਤਮਾ ਤੋਂ ਆਸ਼ੀਰਵਾਦ ਲੈ ਕੇ ਜਨਰਲ ਜੇ.ਜੇ. ਸਿੰਘ ਨੇ ਕੀਤੇ ਪਟਿਆਲਾ ਸ਼ਹਿਰੀ ਤੋਂ ਨਾਮਜ਼ਦਗੀ ਪੱਤਰ ਦਾਖਲ
ਪਟਿਆਲਾ, 17 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ)
ਵਿਧਾਨ ਸਭਾ ਹਲਕਾ ਪਟਿਆਲਾ ਸ਼ਹਿਰੀ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਜਨਰਲ ਜੇ. ਜੇ. ਸਿੰਘ ਨੇ ਅੱਜ ਪ੍ਰਮਾਤਮਾ ਦਾ ਆਸ਼ੀਰਵਾਦ ਲੈ ਕੇ ਪੂਰੀ ਸਾਦਗੀ ਨਾਲ ਪਟਿਆਲਾ ਸ਼ਹਿਰ ਤੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਹਨ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋਫੈ. ਕ੍ਰਿਪਾਲ ਸਿੰਘ ਬਡੂੰਗਰ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੀ.ਕੇ. ਸਿੰਘ, ਪੰਜਾਬ ਦੇ ਸੀਨੀਅਰ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਵੀ ਉਨ੍ਹਾਂ ਦੇ ਨਾਲ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਗਏ।
ਜੇ.ਜੇ. ਸਿੰਘ ਨੇ ਸਭ ਤੋਂ ਪਹਿਲਾਂ ਉਸ ਪ੍ਰਮਾਤਮਾ ਦੇ ਚਰਨਾਂ ਵਿੱਚ ਸੀਸ਼ ਨਿਵਾਇਆ, ਉਸ ਤੋਂ ਬਾਅਦ ਉਹ ਅਕਾਲੀ ਦਲ ਦੀ ਇਕ ਵੱਡੀ ਮੀਟਿੰਗ ਨੂੰ ਸੰਬੋਧਨ ਕਰਨ ਤੋਂ ਬਾਅਦ ਆਪਣੇ ਕਾਗਜ਼ ਦਾਖਲ ਕਰਨ ਗਏ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪੁੱਜੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੀ.ਕੇ. ਸਿੰਘ ਨੇ ਅਮਰਿੰਦਰ ਸਿੰਘ ‘ਤੇ ਤਾਬੜ ਤੋੜ ਹਮਲੇ ਕਰਦਿਆਂ ਆਖਿਆ ਕਿ ਕਾਂਗਰਸ ਦਾ ਪੰਜਾਬ ਵਿੱਚੋਂ ਬੋਰੀ ਬਿਸਤਰਾ ਗੋਲ ਹੋਵੇਗਾ ਉਨ੍ਹਾਂ ਆਖਿਆ ਕਿ ਪਟਿਆਲਾ ਸ਼ਹਿਰ ਵਾਸੀਆਂ ਨੂੰ ਦੇਸ਼ ਦਾ ਇਕ ਅਜਿਹਾ ਸੇਵਕ ਫੌਜੀ ਜਰਨੈਲ ਦਿੱਤਾ ਹੈ, ਜਿਸ ਨੇ ਦੇਸ਼ ਦੀ ਰੱਖਿਆ ਲਈ ਗੋਲੀਆਂ ਵੀ ਖਾਦੀਆਂ ਪਰ ਅਮਰਿੰਦਰ ਹਮੇਸ਼ਾਂ ਹੀ ਭਗੋੜਾ ਰਿਹਾ ਹੈ। ਜੀ.ਕੇ. ਸਿੰਘ ਨੇ ਆਖਿਆ ਕਿ ਪਹਿਲਾਂ ਦਿੱਲੋਂ ਵਿੱਚੋਂ ਕਾਂਗਰਸ ਅਤੇ ਇਸ ਦੇ ਹਮਾਇਤੀਆਂ ਦੀ ਛੁੱਟੀ ਕੀਤੀ ਸੀ ਹੁਣ ਪਟਿਆਲਾ ਤੋਂ ਅਮਰਿੰਦਰ ਦੀ ਛੁੱਟੀ ਕਰਨ ਦੀ ਵਾਰੀ ਹੈ। ਉਨ੍ਹਾਂ ਪਟਿਆਲਾ ਸ਼ਹਿਰ ਵਾਸੀਆਂ ਨੂੰ ਸੱਦਾ ਦਿੱਤਾ ਕਿ ਅਮਰਿੰਦਰ ਨੂੰ ਪਟਿਆਲਾ ਸ਼ਹਿਰ ਤੋਂ ਅਜਿਹੀ ਕਰਾਰੀ ਹਾਰ ਦੇਣ ਕਿ ਇਹ ਪੰਜਾਬ ਛੱਡ ਕੇ ਪਾਕਿਸਤਾਨ ਪਹੁੰਚ ਜਾਵੇ।
ਇਸ ਮੋਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋਫੈ. ਕ੍ਰਿਪਾਲ ਸਿੰਘ ਬਡੂੰਗਰ ਨੇ ਆਖਿਆ ਕਿ ਅਕਾਲੀ ਦਲ ਨੇ ਹਮੇਸ਼ਾਂ ਹੀ ਪੰਜਾਬ ਅਤੇ ਪੰਜਾਬੀਅਤ ਦੇ ਹੱਕਾਂ ਲਈ ਲ਼ੜਾਈ ਲੜੀ ਅਤੇ ਕੁਰਬਾਨੀਆਂ ਦਿੱਤੀਆਂ ਪਰ ਕਾਂਗਰਸ ਨੇ ਹਮੇਸ਼ਾਂ ਹੀ ਪੰਜਾਬ ਅਤੇ ਪੰਜਾਬੀਅਤ ਦਾ ਘਾਣ ਕੀਤਾ। ਉਨ੍ਹਾਂ ਆਖਿਆ ਕਿ ਅਕਾਲੀਆਂ ਨੇ ਮੋਰਚੇ ਲਗਾ ਕੇ ਜੇਲ੍ਹਾਂ ਕੱਟੀਆਂ ਅਮਰਿੰਦਰ ਨੇ ਪੰਜਾਬੀ ਦੇ ਪਾਣੀਆਂ ‘ਤੇ ਡਾਕਾ ਮਰਵਾਇਆ ਤੇ ਇੰਦਰਾ ਗਾਂਧੀ ਨੂੰ ਇਥੇ ਲਿਆ ਕੇ ਐਸ.ਵਾਈ.ਐਲ. ਨਹਿਰ ਦਾ ਟੱਕ ਲਗਵਾਇਆ। ਉਨ੍ਹਾਂ ਆਖਿਆ ਕਿ ਅਜਿਹੇ ਅਮਰਿੰਦਰ ਅਤੇ ਕਾਂਗਰਸ ਨੂੰ ਪੰਜਾਬ ਦੇ ਲੋਕ ਕਦੀ ਵੀ ਮੁਆਫ ਨਹੀਂ ਕਰਨਗੇਂ। ਇਸ ਮੌਕੇ ਮਾਲਵਾ ਯੂਥ ਦੇ ਪ੍ਰਧਾਨ ਹਰਪਾਲ ਜੁਨੇਜਾ, ਭਗਵਾਨ ਦਾਸ ਜਨੇਜਾ ਹਲਕਾ ਇੰਚਾਰਜ, ਇੰਦਰਮੋਹਨ ਸਿੰਘ ਬਜਾਜ ਸ਼ਹਿਰੀ ਪ੍ਰਧਾਨ, ਸੁਰਜੀਤ ਸਿੰਘ ਕੋਹਲੀ ਸਾਬਕਾ ਮੰਤਰੀ, ਰਵਿੰਦਰ ਸਿੰਘ ਵਿੰਦਾ ਡਾਇਰੈਕਟਰ, ਸੱਕੂ ਗਰੋਵਰ ਕੁਆਡੀਨੇਟਰ, ਵਿਸ਼ਨੂੰ ਸ਼ਰਮਾ ਚੇਅਰਮੈਨ, ਮਨਜੋਤ ਚਹਿਲ ਪ੍ਰਧਾਨ, ਗੁਰਬਖਸ਼ ਸਿੰਘ ਚਹਿਲ ਕੌਂਸਲਰ ਅਤੇ ਵਿਸੇਸ਼ ਤੌਰ ‘ਤੇ ਸੁਖਬੀਰ ਸਿੰਘ ਸਨੋਰ ਕੌਮੀ ਸੀਨੀਅਰ ਮੀਤ ਪ੍ਰਧਾਨ ਵੀ ਹਾਜ਼ਰ ਸਨ।

