ਜਨਰਲ ਜੇ.ਜੇ. ਸਿੰਘ ਲਈ ਚੋਣ ਪ੍ਰਚਾਰ ਕਰਨ ਪੁਜੇ ਮਰਾਠਾ ਰੈਜੀਮੈਂਟ ਦੇ ਸਾਬਕਾ ਫ਼ੌਜੀ
ਜਨਰਲ ਦਾ ਫਰਾਂਸ ‘ਚ ਸਿੱਖ ਕੌਂਸਲਰ ਸਪੁੱਤਰ ਤੇ ਹੋਰ ਪਰਵਾਰਕ ਮੈਂਬਰ ਵੀ ਡਟਣਗੇ ਪ੍ਰਚਾਰ ‘ਚ
ਚੋਣ ਪ੍ਰਚਾਰ ਲਈ ਸ਼ਿਵਾ ਜੀ ਮਰਹੱਟਾ ਖਾਨਦਾਨ ਦੇ ਸ਼ੰਭਾਜੀ ਰਾਜੇ ਛੱਤਰਪਤੀ ਵੀ ਪੁਜਣਗੇ ਪਟਿਆਲਾ
ਪਟਿਆਲਾ, 21 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ)
ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਜਨਰਲ ਜੇ.ਜੇ. ਸਿੰਘ ਦੀ ਚੋਣ ਮੁਹਿੰਮ ਨੂੰ ਹੁੰਗਾਰਾ ਦੇਣ ਲਈ ਮਰਾਠਾ ਰੈਜੀਮੈਂਟ ਦੇ ਸਾਬਕਾ ਫ਼ੌਜੀ ਮਹਾਰਾਸ਼ਟਰ ਦੇ ਕੋਹਲਾਪੁਰ ਤੋਂ ਇਥੇ ਪੁਜ ਗਏ ਹਨ।
ਜਦੋਂ ਕਿ ਜਨਰਲ ਜੇ.ਜੇ. ਸਿੰਘ ਦੀ ਧਰਮ ਪਤਨੀ ਅਨੂਪਮਾ ਕੌਰ ਸਮੇਤ ਜਨਰਲ ਦੇ ਕਰੀਬੀ ਮਿੱਤਰ ਤੇ ਦੇਹਰਾਦੂਨ ਤੋਂ ਆਏ ਬ੍ਰਿਗੇਡੀਅਰ ਰਮੇਸ਼ ਭਾਟੀਆ ਤੇ ਉਨ੍ਹਾਂ ਦੀ ਧਰਮ ਪਤਨੀ ਅਨੂ ਭਾਟੀਆ ਵੀ ਇਸ ਸਮੇਂ ਉਨ੍ਹਾਂ ਦੇ ਲਈ ਪ੍ਰਚਾਰ ਕਰਨ ‘ਚ ਜੁਟੇ ਹੋਏ ਹਨ।
ਇਸ ਤੋਂ ਬਿਨ੍ਹਾਂ ਜਲਦ ਹੀ ਜਨਰਲ ਦਾ ਸਪੁੱਤਰ ਵਿਵੇਕਪਾਲ ਸਿੰਘ ਤੇ ਉਸਦੀ ਫਰਾਂਸੀਸੀ ਪਤਨੀ ਵੀ ਇਥੇ ਪੁਜਣ ਵਾਲੇ ਹਨ। ਵਿਵੇਕਪਾਲ ਸਿੰਘ ਫਰਾਂਸ ‘ਚ ਸਿੱਖ ਪਗੜੀਧਾਰੀ ਹੋਣ ਦੇ ਬਾਵਜੂਦ ਉਥੇ ਚੋਣ ਲੜ ਕੇ ਕੌਂਸਲਰ ਚੁਣੇ ਗਏ ਸਨ। ਉਹ ਅਪਣੇ ਸਾਥੀ ਫਰਾਂਸੀਸੀ ਕੌਂਸਲਰਾਂ ਸਮੇਤ ਅਪਣੇ ਪਿਤਾ ਦੇ ਪ੍ਰਚਾਰ ਲਈ ਜਲਦ ਪਟਿਆਲਾ ਪੁਜਣਗੇ। ਜਦੋਂਕਿ ਜਨਰਲ ਦੀ ਵਿਸ਼ਵ ਪ੍ਰਸਿੱਧ ਫੈਸਨ ਡੀਜਾਇਨਰ ਸਪੁੱਤਰੀ ਉਰਵਸ਼ੀ ਕੌਰ ਵੀ ਅਪਣੇ ਪਿਤਾ ਦੇ ਚੋਣ ਪ੍ਰਚਾਰ ਲਈ ਅਪਣੀ ਸਪੁੱਤਰੀ ਸਮੇਤ ਪਟਿਆਲਾ ਆਵੇਗੀ। ਜਨਰਲ ਦੇ ਕਰੀਬੀ ਸੂਤਰਾਂ ਦਾ ਕਹਿਣਾ ਹੈ ਕਿ ਮਹਾਰਾਜ ਸ਼ਿਵਾ ਜੀ ਮਰਹੱਟਾ ਦੇ ਖ਼ਾਨਦਾਨ ਵਿਚੋਂ ਸ੍ਰੀ ਛੱਤਰਪਤੀ ਸ਼ਾਹੂਜੀ ਮਹਾਰਾਜ ਦੇ ਰਾਜ ਸਭਾ ਮੈਂਬਰ ਸਪੁੱਤਰ ਸ੍ਰੀ ਸ਼ੰਭਾਜੀ ਰਾਜੇ ਛੱਤਰਪਤੀ ਵੀ ਚੋਣ ਪ੍ਰਚਾਰ ਕਰਨ ਲਈ ਪਟਿਆਲਾ ਆਉਣਗੇ।
ਇਸੇ ਦੌਰਾਨ ਅੱਜ ਇਥੇ ਸ਼ਹਿਰ ਦੇ ਵਖ-ਵਖ ਇਲਾਕਿਆਂ ‘ਚ ਗਏ ਮਰਾਠਾ ਰੈਜੀਮੈਂਟ ਦੇ ਸਾਬਕਾ ਫੌਜੀਆਂ ਹੌਲਦਾਰ ਮਾਧੇ ਸ਼ੈਟੀ, ਨਾਇਕ ਨਾਮਦਿਉ ਫਰਕਾਰੇ ਅਤੇ ਨਾਇਕ ਸਦਾਸ਼ਿਵ ਜੈਪ੍ਰਤਾਪ ਕਹਿਣਾ ਹੈ ਕਿ ਉਹ ਅਪਣੀ ਰੈਜੀਮੈਂਟ ਦੇ ਸਾਬਕਾ ਕਮਾਂਡਿੰਗ ਅਫ਼ਸਰ ਅਤੇ ਭਾਰਤੀ ਫ਼ੌਜ ਦੇ ਸਾਬਕਾ ਮੁਖੀ ਦੀਆਂ ਖੂਬੀਆਂ ਦਾ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਮਰਹੱਟਿਆਂ ਅਤੇ ਸਿੱਖਾਂ ਦਾ ਆਪਸੀ ਗੂੜਾ ਸੰਬੰਧ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਤੋਂ ਹੀ ਹੈ। ਇਸ ਤੋਂ ਬਿਨ੍ਹਾਂ ਮਹਾਰਾਜਾ ਸ਼ਿਵਾ ਜੀ ਮਰਹੱਟਾ ਦੇ ਸਮੇਂ ਵੀ ਸਿੱਖਾਂ ਤੇ ਮਰਾਠਿਆਂ ਦਾ ਗੂੜਾ ਸੰਬੰਧ ਰਿਹਾ ਹੈ। ਉਨ੍ਹਾਂ ਦਸਿਆ ਕਿ ਜਨਰਲ ਜੇ.ਜੇ. ਸਿੰਘ ਨੇ ਉਨ੍ਹਾਂ ਦੀ ਮਰਾਠਾ ਰੈਜੀਮੈਂਟ ਦੇ ਅਫ਼ਸਰ ਹੁੰਦਿਆਂ ਰੈਜੀਮੈਂਟ ਲਈ ਬਹੁਤ ਨਾਮਣਾ ਖੱਟਿਆ ਜਿਸ ਲਈ ਉਹ ਉਨ੍ਹਾਂ ਵਲੋਂ ਪਟਿਆਲਾ ਸ਼ਹਿਰੀ ਹਲਕੇ ਤੋਂ ਚੋਣ ਲੜਨ ਬਾਰੇ ਅਖ਼ਬਾਰ ‘ਚ ਖ਼ਬਰ ਪੜ੍ਹਕੇ ਤੁਰੰਤ ਉਨ੍ਹਾਂ ਦੇ ਲਈ ਪ੍ਰਚਾਰ ਕਰਨ ਵਾਸਤੇ ਪਟਿਆਲਾ ਆਉਣ ਦਾ ਫੈਸਲਾ ਕਰ ਲਿਆ।
ਅੱਜ ਜਨਰਲ ਜੇ.ਜੇ. ਸਿੰਘ ਨੇ ਅਪਣੀ ਮਰਾਠਾ ਰੈਜੀਮੈਂਟ ਦੇ ਇਨ੍ਹਾਂ ਸਾਬਕਾ ਫ਼ੌਜੀਆਂ ਸਮੇਤ ਮੇਅਰ ਅਮਰਿੰਦਰ ਸਿੰਘ ਬਜ਼ਾਜ਼, ਮਾਲਵਾ ਜੋਨ-2 ਦੇ ਯੂਥ ਪ੍ਰਧਾਨ ਹਰਪਾਲ ਜੁਨੇਜਾ, ਜੌਨੀ ਕੋਹਲੀ, ਸਾਬਕਾ ਮੇਅਰ ਅਜੀਤਪਾਲ ਸਿੰਘ ਕੋਹਲੀ ਤੇ ਹੋਰ ਆਗੂਆਂ ਨਾਲ ਸ਼ਹਿਰ ਦੇ ਵਖ-ਵਖ ਵਾਰਡਾਂ ਤੇ ਬਾਜ਼ਾਰਾਂ ‘ਚ ਸ਼ਹਿਰੀ ਵੋਟਰਾਂ ਨਾਲ ਸਿੱਧਾ ਰਾਬਤਾ ਸਾਧਿਆ ਅਤੇ ਅਕਾਲੀ-ਭਾਜਪਾ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ। ਜਨਰਲ ਨੇ ਕਿਹਾ ਕਿ ਉਹ ਪਟਿਆਲਾ ਸ਼ਹਿਰ ਨੂੰ ਦੇਸ਼ ਦੇ ਵਿਕਸਤ ਸ਼ਹਿਰਾਂ ‘ਚ ਸ਼ੁਮਾਰ ਕਰਨਾ ਚਾਹੁੰਦੇ ਹਨ, ਜਿਸ ਲਈ ਉਨ੍ਹਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨਾਲ ਵੀ ਗੱਲ ਕਰ ਲਈ ਹੈ।

