‘ਆਪ’ ਵੱਲੋਂ ਨਾਰਾਜ਼ ਆਗੂਆਂ ਨੂੰ ਮਨਾਉਣ ਲਈ ਵੱਡੀਆਂ ਅਹੁਦੇਦਾਰੀਆਂ ਦਾ ਚੋਗਾ
ਨਵੀਂ ਸੂਚੀ ਜਾਰੀ, ਦੂਜੀ ਲਿਸਟ ਚੋਣਾਂ ਤੋਂ ਪਹਿਲਾਂ ਆਣ ਦੀ ਸੰਭਾਵਨਾ
ਪਰ ਨਾਰਾਜ਼ ਧੜਾ ਕਿਸੇ ਵੀ ਕੀਮਤ ‘ਤੇ ‘ਆਪ’ ਉਮੀਦਵਾਰ ਜੋਗਿੰਦਰ ਸਿੰਘ ਛੀਨਾ ਨਾਲ ਚੱਲਣ ਨੂੰ ਤਿਆਰ ਨਹੀਂ
ਦੀਨਾਨਗਰ, 28 ਜਨਵਰੀ (ਸਰਬਜੀਤ ਸਾਗਰ)
ਦੀਨਾਨਗਰ ਵਿਧਾਨ ਸਭਾ ਹਲਕੇ ਅੰਦਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੋਗਿੰਦਰ ਸਿੰਘ ਛੀਨਾ ਦੀ ਟਿਕਟ ਨਾ ਬਦਲਣ ਨੂੰ ਲੈ ਕੇ ਉੱਭਰੀ ਬਗ਼ਾਵਤ ਨੂੰ ਠੱਲਣ ਦੇ ਉਦੇਸ਼ ਨਾਲ ਅੱਜ ਪਾਰਟੀ ਹਾਈਕਮਾਨ ਵੱਲੋਂ ਨਰਾਜ਼ ਧੜੇ ਦੇ ਆਗੂਆਂ ਨੂੰ ਨਵੀਆਂ ਅਹੁਦੇਦਾਰੀਆਂ ਦਾ ਚੋਗਾ ਪਾ ਕੇ ਮਾਮਲਾ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਹਾਈਕਮਾਨ ਵੱਲੋਂ ਜਾਰੀ ਕੀਤੀ ਸੂਚੀ ਅਨੁਸਾਰ ਨਰਾਜ਼ ਧੜੇ ਦੇ ਮੁੱਖ ਆਗੂਆਂ ‘ਚ ਸ਼ਾਮਲ ਵਰਿੰਦਰ ਪਾਲ ਸਿੰਘ ਜੰਜੂਆ ਨੂੰ ਜ਼ਿਲ੍ਹਾ ਗੁਰਦਾਸਪੁਰ ਜ਼ੋਨ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਜਦਕਿ ਅਨਿਲ ਕੁਮਾਰ ਨੂੰ ਮੀਤ ਪ੍ਰਧਾਨ ਯੂਥ ਜ਼ੋਨ ਗੁਰਦਾਸਪੁਰ, ਲਖਵਿੰਦਰ ਸਿੰਘ ਜਕੜੀਆ ਨੂੰ ਇੰਚਾਰਜ ਵਿਦਿਆਰਥੀ ਵਿੰਗ, ਰਾਹੁਲ ਸ਼ਰਮਾ ਨੂੰ ਸਕੱਤਰ ਜ਼ੋਨ ਗੁਰਦਾਸਪੁਰ, ਕੁਲਵੰਤ ਸਿੰਘ ਚਿੱਬ ਨੂੰ ਜਾਇੰਟ ਸਕੱਤਰ ਜ਼ੋਨ ਗੁਰਦਾਸਪੁਰ, ਜੋਗਾ ਸਿੰਘ ਜੋਹਲ ਨੂੰ ਸਕੱਤਰ ਹਲਕਾ ਦੀਨਾਨਗਰ, ਸੁਨੀਲ ਕੁਮਾਰ ਕੁੰਡਲ ਨੂੰ ਜਾਇੰਟ ਸਕੱਤਰ ਹਲਕਾ ਦੀਨਾਨਗਰ, ਲਖਵਿੰਦਰ ਸਿੰਘ ਖ਼ਾਲਸਾ ਨੂੰ ਕੋਆਰਡੀਨੇਟਰ ਕਿਸਾਨ ਵਿੰਗ ਹਲਕਾ ਦੀਨਾਨਗਰ, ਤਰੁਣ ਸ਼ਰਮਾ ਨੂੰ ਕੋਆਰਡੀਨੇਟਰ ਵਿਦਿਆਰਥੀ ਵਿੰਗ ਹਲਕਾ ਦੀਨਾਨਗਰ, ਰਾਜ ਕੁਮਾਰ ਨੂੰ ਯੂਥ ਪ੍ਰਧਾਨ ਦੀਨਾਨਗਰ, ਮੁਨੀਸ਼ ਕੁਮਾਰ ਨੂੰ ਮੀਤ ਪ੍ਰਧਾਨ ਯੂਥ ਵਿੰਗ ਦੀਨਾਨਗਰ ਅਤੇ ਬਲਵੰਤ ਸਿੰਘ ਨੂੰ ਕੋਆਡੀਨੇਟਰ ਐਕਸ ਸਰਵਿਸਮੈਨ ਵਿੰਗ ਹਲਕਾ ਦੀਨਾਨਗਰ ਥਾਪਿਆ ਗਿਆ ਹੈ।
ਸੂਤਰਾਂ ਅਨੁਸਾਰ ਇਨ੍ਹਾਂ ਨਰਾਜ਼ ਆਗੂਆਂ ਨੇ ਨਵੀਆਂ ਅਹੁਦੇਦਾਰੀਆਂ ਸਵਿਕਾਰਦਿਆਂ ਪਾਰਟੀ ਪ੍ਰਤੀ ਵਫ਼ਾਦਾਰ ਹੋਣ ਦਾ ਸਬੂਤ ਦਿੱਤਾ ਹੈ ਪਰ ‘ਆਪ’ ਉਮੀਦਵਾਰ ਜੋਗਿੰਦਰ ਸਿੰਘ ਛੀਨਾ ਦੀ ਮਦਦ ਨਾ ਕੀਤੇ ਜਾਣ ਦੇ ਆਪਣੇ ਸਟੈਂਡ ‘ਤੇ ਇਹ ਆਗੂ ਅਜੇ ਵੀ ਪਹਿਲਾਂ ਵਾਂਗ ਹੀ ਖੜ੍ਹੇ ਹਨ। ਇਨ੍ਹਾਂ ਵਿੱਚੋਂ ਇੱਕ ਆਗੂ ਨੇ ਇਸਦੀ ਪੁਸ਼ਟੀ ਕੀਤੀ ਹੈ ਅਤੇ ਦੱਸਿਆ ਕਿ ਉਹ ਕਿਸੇ ਵੀ ਕੀਮਤ ‘ਤੇ ਆਪਣੇ ਫ਼ੈਸਲੇ ਤੋਂ ਪਿੱਛੇ ਨਹੀਂ ਹਟਣਗੇ। ਉਨ੍ਹਾਂ ਕਿਹਾ ਕਿ ਜੋਗਿੰਦਰ ਸਿੰਘ ਛੀਨਾ ਨਾਲ ਇਸ ਵੇਲੇ ਤੁਰਨ ਦਾ ਮਤਲਬ ਇਲਾਕੇ ਅੰਦਰ ਆਪਣੀ ਇੱਜ਼ਤ ਨੂੰ ਢਾਹ ਲਾਉਣਾ ਹੈ ਕਿਉਂਕਿ ਉਨ੍ਹਾਂ ਨੂੰ ਉਸਦੀ ਹਾਰ ਸਾਹਮਣੇ ਦਿੱਖ ਰਹੀ ਹੈ। ਜਿਸਦੇ ਹਿੱਸੇਦਾਰ ਉਹ ਨਹੀਂ ਬਣਨਾ ਚਾਹੁੰਦੇ। ਉਨ੍ਹਾਂ ਕਿਹਾ ਕਿ ਜਦੋਂ ਦੋ ਵਾਰ ਟਿਕਟ ਬਦਲਾਉਣ ਲਈ ਉਹ ਹਾਈਕਮਾਨ ਕੋਲ ਫ਼ਰਿਆਦ ਲੈ ਕੇ ਗਏ ਸਨ ਤਾਂ ਉਨ੍ਹਾਂ ਦੀ ਇੱਕ ਨਹੀਂ ਸੁਣੀ ਗਈ ਸੀ ਅਤੇ ਟਿਕਟ ਮਿਲਣ ਤੋਂ ਬਾਅਦ ਜੋਗਿੰਦਰ ਸਿੰਘ ਛੀਨਾ ਵੱਲੋਂ ਵੀ ਉਨ੍ਹਾਂ ਤੱਕ ਸਿੱਧੇ ਤੌਰ ‘ਤੇ ਕੋਈ ਪਹੁੰਚ ਨਹੀਂ ਕੀਤੀ ਗਈ। ਫਿਰ ਉਹ ਕਿਵੇਂ ਅਜਿਹੇ ਉਮੀਦਵਾਰ ਨਾਲ ਚੱਲ ਸਕਦੇ ਹਨ।
ਨਾਰਾਜ਼ ਆਗੂਆਂ ਕਿਹਾ ਕਿ ਉਹ ਸੱਚੇ ਸਿਪਾਹੀ ਹੋਣ ਕਾਰਨ ਪਾਰਟੀ ਨਾਲ ਖੜ੍ਹੇ ਹਨ ਅਤੇ ਪੰਜਾਬ ਅੰਦਰ ‘ਆਪ’ ਦੀ ਸਰਕਾਰ ਲਿਆਉਣ ਲਈ ਦੂਜੇ ਹਲਕਿਆਂ ‘ਚ ਜਾ ਕੇ ਚੋਣ ਪ੍ਰਚਾਰ ਕਰ ਰਹੇ ਹਨ ਲੇਕਿਨ ਉਹ ਪਾਰਟੀ ਦੇ ਦੀਨਾਨਗਰ ਤੋਂ ਉਮੀਦਵਾਰ ਦੀ ਮਦਦ ਲਈ ਤਿਆਰ ਨਹੀਂ ਹਨ, ਇਸਦੇ ਲਈ ਪਾਰਟੀ ਹਾਈਕਮਾਨ ਭਾਵੇਂ ਉਨ੍ਹਾਂ ਨੂੰ ਕਿੰਨੇ ਵੀ ਉੱਚੇ ਅਹੁਦੇ ਕਿਉਂ ਨਾ ਦੇ ਦੇਵੇ।
ਸੂਤਰਾਂ ਅਨੁਸਾਰ ਨਰਾਜ਼ ਆਗੂ ਭਾਵੇਂ ਸ਼੍ਰੀ ਛੀਨਾ ਨਾਲ ਚੱਲਣ ਲਈ ਤਿਆਰ ਨਹੀਂ ਪਰ ਇਸਦੇ ਬਾਵਜੂਦ ਪਾਰਟੀ ਹਾਈਕਮਾਨ ਉਨ੍ਹਾਂ ਨੂੰ ਰਾਜ਼ੀ ਕਰਨ ਲਈ ਜੀ ਤੋੜ ਕੋਸ਼ਿਸ਼ਾਂ ਕਰ ਰਿਹਾ ਹੈ ਅਤੇ ਇਸਦੇ ਲਈ ਵੱਡੀਆਂ ਅਹੁਦੇਦਾਰੀਆਂ ਦੇਣ ਲਈ ਦੂਜੀ ਲਿਸਟ ਵੀ ਚੋਣਾਂ ਤੋਂ ਪਹਿਲਾਂ ਜਾਰੀ ਕੀਤੀ ਜਾ ਰਹੀ ਹੈ।

