ਪਟਿਆਲਾ

ਮੇਰੇ ਮੁੜ ਪਾਰਟੀ ਲਈ ਸਰਗਰਮ ਹੋਣ ਦੀ ਸ਼ੋਸ਼ਲ ਮੀਡੀਆ ਤੇ ਵਾਇਰਲ ਖਬਰ ਕੋਰਾ ਝੂਠ ਦਾ ਪੁਲੰਦਾ : ਡਾ. ਗਾਂਧੀ

ਪਟਿਆਲਾ 1 ਫਰਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ)
ਮੁਲਕ ਅੰਦਰ ਬਦਲਵੀਂ ਸਿਆਸਤ ਦੇ ਨਾਂ ਤੇ ਸਿਆਸੀ ਪਿੜ ਵਿਚ, ਤਿੰਨ ਸਾਲ ਪਹਿਲਾਂ ਈਮਾਨਦਾਰ ਸਿਆਸਤ ਦਾ ਮੁਖੌਟਾ ਪਹਿਨ ਕੇ ਆਈ ਅਤੇ ਸੱਤਾ ਖੇਡ ਦੇ ਨਿਯਮ ਬਦਲਣ ਦੀਆਂ ਟਾਹਰਾਂ ਮਾਰਨ ਵਾਲੀ ਇਹ ਪਾਰਟੀ ਮਹਿਜ਼ ਤਿੰਨ ਸਾਲ ਦੇ ਅਰਸੇ ਵਿੱਚ ਹੀ , ਬੇਈਮਾਨੀ ਤੇ ਧੋਖਾਧੜੀ ਦੀ ਸਿਆਸਤ ਦੇ ਗੁਰ ਸਿੱਖਣ ਵਿਚ, ਅਕਾਲੀ, ਕਾਂਗਰਸ ਤੇ ਭਾਜਪਾ ਵਰਗੀਆਂ ਰਿਵਾੲਤੀ ਪਾਰਟੀਆਂ ਦੇ ਬਰਾਬਰ ਜਾ ਖੜੀ ਹੋਈ ਹੈ।

ਡਾਕਟਰ ਗਾਂਧੀ ਨੇ ਅੱਜ ਇੱਥੇ, ਇੱਕ ਬਿਆਨ ਜਾਰੀ ਕਰਦਿਆਂ ਜੋਰ ਦੇ ਕੇ ਕਿਹਾ ਕਿ ਸਵਰਾਜ, ਵੈਕਲਪਿਕ ਰਾਜਨੀਤੀ, ਆਰਥਿਕ ਤੇ ਸਿਆਸੀ ਪਾਰਦਰਸ਼ਿਤਾ,ਅੰਤਰ ਪਾਰਟੀ ਜਮਹੂਰੀਅਤ, ਰਾਜਾਂ ਦੇ ਅਧਿਕਾਰਾਂ ,ਫੈਡਰਲ ਭਾਵਨਾ ਅਤੇ ਹਾਈ ਕਮਾਂਡ ਕਲਚਰ ਦੇ ਖਾਤਮੇ ਆਦਿ ਬਾਰੇ , ਪਾਰਟੀ ਦੇ ਸਾਰੇ ਬੁਨਿਆਦੀ ਅਸੂਲਾਂ ਦੇ ਮਾਮਲੇ ਵਿਚ, ਲੋਕਾਂ ਨਾਲ ਕੀਤੇ ਧੋਖੇ ਦੇ ਚਲਦਿਆਂ, ਮੇਰਾ ਆਮ ਆਦਮੀ ਪਾਰਟੀ ਲੲੀ ਸਰਗਰਮ ਹੋਣ ਦਾ ਸੁਆਲ ਹੀ ਪੈਦਾ ਨਹੀ ਹੁੰਦਾ। ਇੱਕ ਪਾਸੇ ਤਾਂ ਪਾਰਟੀ ਨੇ ਮੈਨੂੰ ਕਰੀਬ ਡੇਢ ਸਾਲ ਤੋਂ ਪਾਰਟੀ ਤੋਂ ਮੁਅੱਤਲ ਕੀਤਾ ਹੋਇਆ ਹੈ ਅਤੇ ਮੇਰੇ ਵਲੋਂ ਕਾਰਣ ਦੱਸੋ ਨੋਟਿਸ ਦਾ ਜੁਆਬ ਦੇਣ ਤੇ ਵਾਰ ਵਾਰ ਕਹਿਣ ਦੇ ਬਾਵਜੂਦ, ਮੈਨੂੰ ਚੋਣਾਂ ਸੰਪਨ ਹੋਣ ਤਕ,ਅੱਧ ਵਿਚਕਾਰ ਲਟਕਾ ਕੇ ਰੱਖਣ ਦੀ ਕੂਟਨੀਤੀ ਤੇ ਚਲ ਰਹੀ ਹੈ ਤੇ ਦੂਜੇ ਬੰਨੇ, ਚੋਣਾਂ ਦੇ ਐਨ ਨੇੜੇ ਜਾਕੇ, ਮੇਰਾ ਪਾਰਟੀ ਲਈ ਸਰਗਰਮ ਹੋਣ ਦਾ ਝੂਠਾ ਤੇ ਗੁਮਰਾਹਕੁਨ ਪਰਚਾਰ ਕਰਕੇ, ਪਾਰਟੀ ਕਾਰਕੁਨਾਂ ਤੇ ਪੰਜਾਬ ਦੇ ਲੋਕਾਂ ਅੰਦਰ, ਮੇਰੀ ਲਗਾਤਾਰ ਰੱਖੀ ਜਾ ਰਹੀ ਸਿੱਧਾਂਤਕ ਪੁਜੀਸ਼ਨ ਦੇ ਬਾਵਜੂਦ, ਚੋਣਾਂ ਅੰਦਰ ਲਾਹਾ ਲੈਣ ਦੇ ਮਕਸਦ ਨਾਲ, ਮੇਰੇ ਆਮ ਆਦਮੀ ਪਾਰਟੀ ਲਈ ਮੁੜ ਸਰਗਰਮ ਹੋਣ ਦਾ ਗੁਮਰਾਹਕੁਨ ਪਰਚਾਰ ਕਰ ਰਹੀ ਹੈ ।
ਪੰਜਾਬ ਦੇ ਸੂਝਵਾਨ ਲੋਕਾਂ ਤੇ ਆਮ ਆਦਮੀ ਪਾਰਟੀ ਦੇ ਸੁਹਰਿਦ ਤੇ ਈਮਾਨਦਾਰ ਵਲੰਟੀਅਰਾਂ ਨੂੰ ਸੰਬੋਧਨ ਹੁੰਦਿਆਂ ਡਾ: ਗਾਂਧੀ ਨੇ ਸਪਸ਼ਟ ਕੀਤਾ ਕਿ ਉਹ ਅਜੇ ਵੀ ਪਾਰਟੀ ਦੇ ਸਿੱਧਾਂਤਾਂ ਤੇ ਚੱਟਾਨ ਵਾਂਗ ਖੜੇ ਹਨ, ਜਦਕਿ ਪਾਰਟੀ ਸਾਰੇ ਅਸੂਲਾਂ ਤੋਂ ਭਟਕ ਚੁੱਕੀ ਹੈ। ਆਪਣੇ ਮਿਹਨਤੀ ਵਲੰਟੀਅਰਾਂ ਨੂੰ ਖੂੰਜੇ ਲਾਕੇ ,ਪੰਜਾਬ ਨੂੰ ਲੁੱਟਣ, ਕੁੱਟਣ, ਚੱਟਣਤੇ ਚੂੰਢਣ ਵਾਲੇ ਦਰਜਣਾਂ ਕਾਂਗਰਸੀ ਤੇ ਅਕਾਲੀ ਲੀਡਰਾਂ ਨੂੰ ਟਿਕਟਾਂ ਨਾਲ ਨਿਵਾਜਣਾ, ਟਿਕਟਾਂ ਦੀ ਵੱਡੀ ਪੱਧਰ ਤੇ ਹੋਈ ਵੇਚ ਵੱਟ, ਉਮੀਦਵਾਰਾਂ ਦੀ ਚੋਣ ਵਿਚ, ਕੁਰੱਪਸ਼ਨ, ਮਾੜੇ ਚਾਲ ਚਲਨ ਅਤੇ ਅਪਰਾਧੀ ਸ਼ਵੀ ਵਾਲੇ ਵਿਅਕਤੀਆਂ ਨੂੰ ਟਿਕਟ ਨਾ ਦੇਣ ਦੇ ਅਸੂਲਾਂ ਦੀਆਂ ਧੱਜੀਆਂ ਉਡਾ ਕੇ,ਧਰਮ ਤੇ ਡੇਰਿਆਂ ਆਧਾਰਿਤ ਰਾਜਨੀਤੀ ਦੇ ਰਾਹ ਪੈਕੇ, ਪਾਰਟੀ ਲੀਡਰਸ਼ਿਪ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਆਪ ਵੀ ਹੁਣ ਦੂਜੀਆਂ ਪਾਰਟੀਆਂ ਵਰਗੀ ਰਾਜਨੀਤੀ ਕਰਨ ਵਾਲੀ ਪਾਰਟੀ ਬਣ ਚੁੱਕੀ ਹੈ।

Leave a Reply

Your email address will not be published. Required fields are marked *