ਸੁਪਰੀਮ ਕੋਰਟ : ਪੰਜ ਨਵੇਂ ਜੱਜਾਂ ਨੇ ਚੁੱਕੀ ਸਹੁੰ, ਕੁੱਲ ਗਿਣਤੀ 28, ਤਿੰਨ ਅਹੁਦੇ ਅਜੇ ਵੀ ਖਾਲੀ
ਨਵੀਂ ਦਿੱਲੀ 17 ਫਰਵਰੀ (ਅਸ਼ੋਕ ਵਾਸ਼ਿਸ਼ਠ/ਮਧੂਸਾਰ ਬਿਊਰੋ)
ਸੁਪਰੀਮ ਕੋਰਟ ‘ਚ ਪੰਜ ਹੋਰ ਨਵੇਂ ਜੱਜਾਂ ਨੇ ਸਹੁੰ ਚੁੱਕ ਲਈ ਹੈ, ਜਿਸ ਨਾਲ ਹੁਣ ਕੁੱਲ ਜੱਜਾਂ ਦੀ ਗਿਣਤੀ 28 ਹੋ ਗਈ ਹੈ। ਚੀਫ ਜਸਟਿਸ ਜੇ ਐਸ ਖੇਹਰ ਨੇ ਚੀਫ ਜਸਟਿਸ ਸੰਜੇ ਕ੍ਰਿਸ਼ਨ ਕੌਲ, ਚੀਫ ਜਸਟਿਸ ਨਵੀਨ ਸਿਨਹਾ, ਚੀਫ ਜਸਟਿਸ ਮੋਹਨ ਐਮ ਸ਼ਤਾਨਾਗੌਦਰ, ਚੀਫ ਜਸਟਿਸ ਦੀਪਕ ਗੁਪਤਾ ਅਤੇ ਚੀਫ ਜਸਟਿਸ ਐਸ ਅਬਦੁਲ ਨਜ਼ੀਰ ਨੂੰ ਸਹੁੰ ਚੁਕਾਈ।
ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਪਿਛਲੇ ਦਿਨੀਂ ਇਨ੍ਹਾਂ 5 ਜੱਜਾਂ ਦੇ ਨਾਂਵਾਂ ‘ਤੇ ਆਪਣੀ ਮੋਹਰ ਲਾਈ ਸੀ। ਸਹੁੰ ਚੁੱਕਣ ਵਾਲੇ ਜੱਜਾਂ ‘ਚ ਮਦਰਾਸ ਹਾਈ ਕੋਰਟ ਦੇ ਚੀਫ ਜਸਟਿਸ ਸੰਜੇ ਕਿਸ਼ਨ ਕੌਲ, ਰਾਜਸਥਾਨ ਹਾਈ ਕੋਰਟ ਦੇ ਚੀਫ ਜਸਟਿਸ ਨਵੀਨ ਸਿਨਹਾ, ਛੱਤੀਸਗੜ੍ਹ ਹਾਈ ਕੋਰਟ ਦੇ ਚੀਫ ਜਸਟਿਸ ਦੀਪਕ ਗੁਪਤਾ, ਕੇਰਲ ਹਾਈ ਕੋਰਟ ਦੇ ਚੀਫ ਜਸਟਿਸ ਮੋਹਨ ਐੱਮ. ਸ਼ਾਂਤਨਾਗੋਦਰ ਅਤੇ ਕਰਨਾਟਕ ਹਾਈ ਕੋਰਟ ਦੇ ਜਸਟਿਸ ਐੱਸ. ਅਬਦੁੱਲ ਨਜੀਰ ਸ਼ਾਮਲ ਹਨ। ਸੁਪਰੀਮ ਕੋਰਟ ‘ ਜੱਜਾਂ ਦੇ 31 ਅਹੁਦੇ ਹਨ ਪਰ ਕੱਲ ਤੱਕ ਇਸ ਦੇ 8 ਅਹੁਦੇ ਖਾਲੀ ਸਨ। ਅੱਜ 5 ਜੱਜਾਂ ਦੇ ਸਹੁੰ ਚੁੱਕਣ ਦੇ ਨਾਲ ਹੀ ਇਸ ‘ਚ ਕੁੱਲ 28 ਜੱਜ ਹੋ ਗਏ। ਹੁਣ ਵੀ ਤਿੰਨ ਅਹੁਦੇ ਖਾਲੀ ਹਨ। ਅਜਿਹਾ ਘੱਟ ਹੀ ਹੁੰਦਾ ਹੈ ਕਿ ਹਾਈ ਕੋਰਟ ਦਾ ਚੀਫ ਜਸਟਿਸ ਨਾ ਹੋਣ ਦੇ ਬਾਵਜੂਦ ਕਿਸੇ ਜੱਜ ਨੂੰ ਚੁਣ ਕੇ ਸੁਪਰੀਮ ਕੋਰਟ ਦਾ ਜੱਜ ਬਣਾਇਆ ਜਾਵੇ ਪਰ ਕਰਨਾਟਕ ਹਾਈ ਕੋਰਟ ਦੇ ਜੱਜ ਐੱਸ. ਅਬਦੁੱਲ ਨਜੀਰ ਨੂੰ ਇਹ ਮੌਕਾ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ 1998 ‘ਚ ਦਿੱਲੀ ਹਾਈ ਕੋਰਟ ਦੇ ਜੱਜ ਆਰ.ਸੀ. ਲਾਹੋਟੀ ਨੂੰ ਸੁਪਰੀਮ ਕੋਰਟ ਦਾ ਜੱਜ ਬਣਾਇਆ ਗਿਆ ਸੀ।

