ਪੰਜਾਬ

ਸਤਲੁਜ ਯਮੁਨਾ ਲਿੰਕ ਨਹਿਰ ਮਾਮਲਾ : ਅਕਾਲੀ ਦਲ ਐਸ ਵਾਈ ਐਲ ਕਿਸੇ ਕੀਮਤ ‘ਤੇ ਪੂਰੀ ਨਹੀਂ ਹੋਣ ਦੇਵੇਗਾ : ਡਾ. ਚੀਮਾ

ਪੰਜਾਬੀਆਂ ਨੂੰ ਭੜਕਾਉਣ ਦਾ ਯਤਨ ਨਾ ਕਰੋ : ਅਕਾਲੀ ਦਲ ਨੇ ਹਰਿਆਣਾ ਲੀਡਰਸ਼ਿਪ ਨੂੰ ਕੀਤੀ ਅਪੀਲ
ਚੰਡੀਗੜ੍ਹ, 18 ਫਰਵਰੀ (ਮਧੂਸਾਰ ਬਿਊਰੋ)
ਸ਼੍ਰੋਮਣੀ ਅਕਾਲੀ ਦਲ ਨੇ ਗਵਾਂਢੀ ਰਾਜ ਹਰਿਆਣਾ ਦੀਆਂ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਤਲੁਜ ਯਮੁਨਾ ਲਿੰਕ ਨਹਿਰ ਦੇ ਮਾਮਲੇ ‘ਤੇ ਪੰਜਾਬ ਦੇ ਲੋਕਾਂ ਨੂੰ ਭੜਕਾਉਣ ਵਾਲੀਆਂ ਗਤੀਵਿਧੀਆਂ ਨਾ ਛੇੜਨ ਅਤੇ ਉਸਨੇ ਮੁੜ ਦੁਹਰਾਇਆ ਕਿ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਇਸ ਪ੍ਰਾਜੈਕਟ ਨੂੰ ਪੂਰਾ ਨਹੀਂ ਹੋਣ ਦੇਵੇਗਾ ਕਿਉਂਕਿ ਇਸ ਨਾਲ ਪੰਜਾਬ ਦੇ ਕਿਸਾਨ ਆਪਣੇ ਹੀ ਪਾਣੀਆਂ ਤੋਂ ਵਾਂਝੇ ਹੋ ਜਾਣਗੇ।

ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸਤਲੁਜ ਯਮੁਨਾ ਲਿੰਕ ਨਹਿਰ ਦਾ ਮਾਮਲਾ ਹਮੇਸ਼ਾ ਹਮੇਸ਼ਾ ਲਈ ਖਤਮ ਹੋ ਚੁੱਕਾ ਹੈ ਕਿਉਂਕਿ ਪੰਜਾਬ ਵਿਧਾਨ ਸਭਾ ਅਤੇ ਰਾਜ ਦੀ ਅਕਾਲੀ ਦਲ ਤੇ ਭਾਜਪਾ ਗਠਜੋੜ ਸਰਕਾਰ ਨੇ ਇਸ ਪ੍ਰਾਜੈਕਟ ਲਈ ਐਕਵਾਇਰ ਕੀਤੀ ਜ਼ਮੀਨ ਵਾਪਸ ਬਹਾਲ ਕਰਨ ਦੇ ਮਤੇ ਪਾਸ ਕੀਤੇ ਸਨ ਤੇ ਇਹ ਜ਼ਮੀਨ ਅਸਲ ਮਾਲਕਾਂ ਨੂੰ ਬਹਾਲ ਕਰ ਦਿੱਤੀ ਗਈ ਹੈ ਅਤੇ ਤੇ ਹੁਣ ਇਸ ਜ਼ਮੀਨ ‘ਤੇ ਕਾਬਜ਼ਕਾਰ ਅਸਲ ਮਾਲਕ ਹਨ। ਉਹਨਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਲਈ ਹੁਣ ਇਹ ਮਾਮਲਾ ਜੀਵਨ ਤੇ ਮੌਤ ਦਾ ਸੰਘਰਸ਼ ਹੈ ਕਿਉਂਕਿ ਰਾਜ ਵਿਚ ਪਿਛਲੇ ਸਾਲਾਂ ਦੌਰਾਨ ਪਹਿਲਾਂ ਹੀ ਜ਼ਮੀਨ ਹੇਠਲਾ ਪਾਣੀ ਦਾ ਪੱਧਰ ਕਾਫੀ ਹੇਠਾਂ ਚਲਾ ਗਿਆ ਹੈ।
ਡਾ. ਚੀਮਾ ਨੇ ਹੋਰ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਸਮੇਤ ਹਰਿਆਣਾ ਦੀਆਂ ਸਿਆਸੀ ਪਾਰਟੀਆਂ ਨਹਿਰ ਦੀ ਪੁਟਾਈ ਦੇ ਬਿਆਨ ਦੇ ਕੇ ਭੜਕਾਊ ਕਾਰਵਾਈਆਂ ਕਰ ਰਹੀਆਂ ਹਨ। ਉਹਨਾ ਕਿਹਾ ਕਿ ਹਰਿਆਣਾ ਲਈ ਭਾਵੇਂ ਇਹ ਮਾਮਲਾ ਪਾਣੀਆਂ ਦਾ ਹੋਵੇ ਪਰ ਪੰਜਾਬ ਲਈ ਇਹ ਜੀਵਨ ਤੇ ਮੌਤ ਦਾ ਸਵਾਲ ਹੈ। ਉਹਨਾ ਕਿਹਾ ਕਿ ਅਜਿਹੇ ਬਿਆਨ ਦੋਹਾਂ ਰਾਜਾਂ ਵਿਚ ਤਣਾਅ ਨੂੰ ਹੋਰ ਵਧਾਉਣਗੇ ਅਤੇ ਇਸ ਨਾਲ ਦੋਹਾਂ ਗਵਾਂਢੀ ਰਾਜਾਂ ਵਿਚਾਲੇ ਹਿੰਸਾ ਵੀ ਭੜਕ ਸਕਦੀ ਹੈ ਜੋ ਕਿਸੇ ਦੇ ਵੀ ਹਿਤ ਵਿਚ ਨਹੀਂ ਹੈ।
ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਮੁੱਖ ਮੰਤਰੀ ਸ੍ਰ ਪਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਕਈ ਵਾਰ ਐਲਾਨ ਕੀਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਰਾਜ ਦੇ ਪਾਣੀਆਂ ਦੀ ਰਾਖੀ ਲਈ ਵਚਨਬੱਧ ਹੈ ਅਤੇ ਇਹ ਪੰਜਾਬੀਆਂ ਖਾਸ ਤੌਰ ‘ਤੇ ਕਿਸਾਨਾਂ ਦੇ ਹਿਤਾਂ ਦੀ ਰਾਖੀ ਤੇ ਸੁਰੱਖਿਆ ਲਈ ਆਪਣਾ ਬਲਿਦਾਨ ਵੀ ਦੇਣ ਨੂੰ ਤਿਆਰ ਹੈ।
ਡਾ ਚੀਮਾ ਨੇ ਹਰਿਆਣਾ ਦੀ ਸਿਆਸੀ ਲੀਡਰਸ਼ਿਪ ਨੂੰ ਅਪੀਲ ਕੀਤੀ ਕਿ ਉਹ ਅਜਿਹੀਆਂ ਗਤੀਵਿਧੀਆਂ ਵਿਚ ਸ਼ਾਮਲ ਹੋਣ ਤੋਂ ਗੁਰੇਜ਼ ਕਰਨ ਜੋ ਦੋਹਾਂ ਰਾਜਾਂ ਦੇ ਲੋਕਾਂ ਦੇ ਹਿਤਾਂ ਦੇ ਉਲਟ ਹੋਣ । ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਰਾਜ ਦੇ ਹਿਤਾਂ ਦੀ ਰਾਖੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

Leave a Reply

Your email address will not be published. Required fields are marked *