‘ਜਾਤ-ਪਾਤ ‘ਚ ਵਿਸ਼ਵਾਸ਼ ਰੱਖਣ ਵਾਲਾ ਗੁਰੂ ਨਾਨਕ ਪਾਤਸ਼ਾਹ ਦਾ ਸਿੱਖ ਹੋ ਹੀ ਨਹੀਂ ਸਕਦਾ’
ਭਾਈ ਗੁਰਦਾਸ ਚੇਅਰ ਵੱਲੋਂ ਸਿਰਦਾਰ ਕਪੂਰ ਸਿੰਘ ਦੀ ਯਾਦ ਵਿਚ ਸੈਮੀਨਾਰ
ਪਟਿਆਲਾ 2 ਮਾਰਚ (ਕੰਵਰ ਬੇਦੀ)
ਚਿੰਤਕ ਅਸਲ ਵਿਚ ਅਜਿਹਾ ਮਹਾਂ-ਮਾਨਵ ਹੁੰਦਾ ਹੈ ਜੋ ਆਪਣੇ ਚਿੰਤਨ ਦੇ ਮਾਧਿਅਮ ਰਾਹੀਂ ਕਿਸੇ ਵੀ ਅਹਿਮ ਪਹਿਲੂ ਦਾ ਭੂਤ, ਭਵਿਖ ਅਤੇ ਵਰਤਮਾਨ ਸਦੈਵ ਸਮਿਆਂ ਲਈ ਸਥਾਪਤ ਕਰ ਜਾਂਦਾ ਹੈ ਅਤੇ ਸਿਰਦਾਰ ਕਪੂਰ ਸਿੰਘ ਨੇ ਅਜਿਹਾ ਹੀ ਕੀਤਾ।
ਇਹ ਸ਼ਬਦ ਅੱਜ ਡਾ. ਸਰਬਜਿੰਦਰ ਸਿੰਘ, ਚੇਅਰਮੈਨ, ਭਾਈ ਗੁਰਦਾਸ ਚੇਅਰ ਦੀ ਅਗਵਾਈ ਵਿਚ ਕਰਵਾਏ ਗਏ ਸਿਰਦਾਰ ਕਪੂਰ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਸੈਮੀਨਾਰ ਵਿਚ ਡਾ. ਕੇਹਰ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਕਹੇ।
ਮੁੱਖ ਵਕਤਾ ਡਾ. ਅਨੁਰਾਗ ਸਿੰਘ, ਲੁਧਿਆਣਾ ਨੇ ਕਿਹਾ ਕਿ ਜਿਹੜਾ ਵੀ ਸਿੱਖ ਜਾਤ-ਪਾਤੀ ਪ੍ਰਬੰਧ ਵਿਚ ਵਿਸ਼ਵਾਸ ਰੱਖਦਾ ਹੈ ਉਹ ਗੁਰੂ ਨਾਨਕ ਪਾਤਸ਼ਾਹ ਦਾ ਸਿੱਖ ਹੋ ਹੀ ਨਹੀਂ ਸਕਦਾ। ਉਨ੍ਹਾਂ ਕਿਹਾ ਕਿ ਸਿਰਦਾਰ ਕਪੂਰ ਸਿੰਘ ਸੱਚਮੁੱਚ ਹੀ ਇਕ ਸੰਤ ਬਿਰਤੀ, ਦਰਵੇਸ਼, ਸਿੱਖ ਸੋਚਵਾਨ ਸਨ, ਜਿਹੜੇ ਕਿਸੇ ਦੇ ਸਾਹਮਣੇ ਨਾ ਕਦੇ ਝੂਕੇ ਅਤੇ ਨਾ ਹੀ ਕਦੇ ਕਿਸੇ ਦੀ ਈਨ ਮੰਨੀ। ਸਿੱਖ ਦੇ ਸੰਤ-ਸਿਪਾਹੀ ਦੇ ਕਿਰਦਾਰ ਨੂੰ ਅਖੀਰਲੇ ਸਾਹ ਤੱਕ ਨਿਭਾਉਂਦਿਆਂ, ਉਹਨਾਂ ਨੇ ਨੌਜਵਾਨਾਂ ਨੂੰ ਪੰਥਕ ਅਜ਼ਾਦੀ ਦੇ ਰਸਤੇ ਤੇ ਤੁਰਨ ਲਈ ਵਿਚਾਰਧਾਰਕ ਆਧਾਰ ਪ੍ਰਦਾਨ ਕੀਤਾ।
ਡਾ. ਬਲਕਾਰ ਸਿੰਘ ਨੇ ਕਿਹਾ ਕਿ ਪ੍ਰੋ. ਪੂਰਨ ਸਿੰਘ ਤੋਂ ਬਾਅਦ ਇਕੋ ਇਕ ਚਿੰਤਕ ਸਿਰਦਾਰ ਕਪੂਰ ਸਿੰਘ ਹੈ ਜਿਸ ਨੇ ਸਿੱਖ ਸਿਧਾਂਤ ਨੂੰ ਸਦ-ਤਾਜ਼ਗੀ ਬਖਸ਼ੀ। ਪ੍ਰੋ. ਹਰਪਾਲ ਸਿੰਘ ਪੰਨੂ ਨੇ ਸਭ ਤੋਂ ਪਹਿਲਾਂ ਸਿਰਦਾਰ ਕਪੂਰ ਸਿੰਘ ਦੀ ਮਿਕਨਾਤਸ਼ੀ ਸ਼ਖਸੀਅਤ ਬਾਰੇ ਜਾਣਕਾਰੀ ਦਿੱਤੀ। ਡਾ. ਸਰਬਜਿੰਦਰ ਸਿੰਘ ਨੇ ਕਿਹਾ ਕਿ ਕਪੂਰ ਸਿੰਘ ਨੂੰ ਪਰਿਭਾਸ਼ਿਤ ਕਰਨਾ ਸਹਿਜ ਪ੍ਰਕਿਰਿਆ ਨਹੀਂ ਹੈ। ਪੱਛਮ ਦੇ ਚਿੰਤਨ ਉਪਰ ਚੱਲ ਕੇ ਮਨੁੱਖੀ ਅਜ਼ਾਦੀ ਦੇ ਹਕੂਕ ਨੂੰ ਮਾਣਿਆ ਨਹੀਂ ਜਾ ਸਕਦਾ, ਇਸ ਲਈ ਪੂਰਬ ਚਿੰਤਨ ਹੀ ਦਿਸ਼ਾ ਨਿਰਦੇਸ਼ ਦੇ ਸਕਦਾ ਹੈ। ਅੰਤ ਵਿਚ ਪਰਮਜੀਤ ਸਿੰਘ ਨੇ ਸ਼ਾਮਲ ਸਰੋਤਿਆਂ ਅਤੇ ਵਿਦਵਾਨਾਂ ਦਾ ਧੰਨਵਾਦ ਕੀਤਾ।

