ਪਟਿਆਲਾ

ਨੌਜਵਾਨ ਵਿਦਿਆਰਥੀ ਆਪਣੇ ਜਿੰਦਗੀ ਦੇ ਟੀਚੇ ਨੂੰ ਸਾਹਮਣੇ ਰੱਖ ਕੇ ਅਣਥੱਕ ਮਿਹਨਤ ਕਰਨ: ਸੰਦੀਪ ਹੰਸ

ਨਗਰ ਨਿਗਮ ਦੇ ਆਡੀਟੋਰੀਅਮ ਵਿਖੇ ਜ਼ਿਲ੍ਹਾ ਪੱਧਰੀ ਯੁਵਕ ਮੇਲੇ ‘ਚ ਲੋਕ ਨਾਚ, ਲੋਕ ਕਲਾਵਾਂ ਦੇ ਮੁਕਾਬਲੇ ਸ਼ੁਰੂ
ਪਟਿਆਲਾ, 15 ਮਾਰਚ (ਕੰਵਰ ਬੇਦੀ)
ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ (ਜ) ਸੰਦੀਪ ਹੰਸ ਨੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਉਹ ਆਪਣੇ ਜੀਵਨ ਵਿੱਚ ਕਾਮਯਾਬ ਹੋਣਾ ਚਾਹੁੰਦੇ ਹਨ ਅਤੇ ਰੋਜ਼ਮਰਾ ਦੀ ਜਿੰਦਗੀ ਤੋਂ ਅੱਗੇ ਵਧ ਕੇ ਆਪਣੇ ਸ਼ੌਕ ਨੂੰ ਜਨੂੰਨ ਦੀ ਹੱਦ ਤੱਕ ਲੈ ਕੇ ਜਾਣਾ ਚਾਹੁੰਦੇ ਹਨ ਅਤੇ ਇਸ ਜਨੂੰਨ ਨੂੰ ਹੀ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਲਗਾਤਾਰ ਮਿਹਨਤ ਕਰਨੀ ਪਵੇਗੀ।

ਨਗਰ ਨਿਗਮ ਪਟਿਆਲਾ ਦੇ ਆਡੀਟੋਰੀਅਮ ਵਿਖੇ ਜ਼ਿਲ੍ਹਾ ਪੱਧਰੀ ਯੁਵਕ ਮੇਲੇ ਦਾ ਉਦਘਾਟਨ ਕਰਨ ਪੁੱਜੇ ਸ਼੍ਰੀ ਸੰਦੀਪ ਹੰਸ ਨੇ ਨੌਜਵਾਨ ਵਿਦਿਆਰਥੀਆਂ ਨੂੰ ਸਲਾਹ ਦਿੰਦਿਆਂ ਕਿਹਾ ਕਿ ਜੇਕਰ ਉਹ ਆਪਣੇ ਜਿੰਦਗੀ ਦੇ ਟੀਚੇ ਨੂੰ ਸਾਹਮਣੇ ਰੱਖ ਕੇ ਅਣਥੱਕ ਮਿਹਨਤ ਕਰਨ ਤਾਂ ਉਹ ਆਪਣੇ ਜਨੂੰਨ ਨੂੰ ਕਾਮਯਾਬ ਕਰ ਸਕਦੇ ਹਨ ਅਤੇ ਇਸੇ ਨੂੰ ਹੀ ਸਾਰੀ ਜਿੰਦਗੀ ਕੈਰੀਅਰ ਦੇ ਤੌਰ ਤੇ ਲੈ ਸਕਦੇ ਹਨ।
ਯੁਵਕ ਮੇਲੇ ਵਿੱਚ ਲੋਕ ਨਾਚ, ਲੋਕ ਕਲਾਵਾਂ ਦੇ ਮੁਕਾਬਲੇ ਰਸਮੀ ਤੌਰ ‘ਤੇ ਸ਼ੁਰੂ ਕਰਵਾਉਣ ਤੋਂ ਬਾਅਦ ਸ਼੍ਰੀ ਸੰਦੀਪ ਹੰਸ ਨੇ ਕਿਹਾ ਕਿ ਆਮ ਤੌਰ ‘ਤੇ ਵਿਦਿਆਰਥੀ ਸਿਰਫ਼ ਕੁਝ ਕਿਤਾਬਾਂ ਪੜ੍ਹ ਕੇ ਇੱਕ ਆਮ ਜਿਹੀ ਜਿੰਦਗੀ ਵੱਲ ਹੀ ਤਵੱਜੋਂ ਦਿੰਦੇ ਹਨ ਪਰ ਕੁਝ ਨਿਵੇਕਲੇ ਹੀ ਨੌਜਵਾਨ ਹੁੰਦੇ ਹਨ ਜਿਹੜੇ ਕਿ ਆਪਣੇ ਸ਼ੌਕ ਨੂੰ ਕਲਾ ਦੇ ਤੌਰ ‘ਤੇ ਲੈਂਦੇ ਹੋਏ ਕਲਾਕਾਰ ਬਣਦੇ ਹਨ ਅਤੇ ਨਾਮਣਾ ਖੱਟਦੇ ਹਨ। ਨਾਲ ਹੀ ਉਹਨਾਂ ਨੌਜਵਾਨਾਂ ਨੂੰ ਪ੍ਰੇਰਦਿਆਂ ਕਿਹਾ ਕਿ ਜਦ ਉਹ ਕਲਾ ਨੂੰ ਕੈਰੀਅਰ ਦੇ ਤੌਰ ‘ਤੇ ਚੁਣਦੇ ਹਨ ਅਤੇ ਪੂਰੀ ਕੋਸ਼ਿਸ਼ ਨਾਲ ਇਸ ਵੱਲ ਜੁੜਦੇ ਹਨ ਤਾਂ ਉਹ ਹੋਰ ਕਈ ਤਰ੍ਹਾਂ ਦੀਆਂ ਬੁਰਾਈਆਂ ਅਤੇ ਬੁਰੀ ਸੰਗਤ ਤੋਂ ਦੂਰ ਵੀ ਹੋ ਜਾਂਦੇ ਹਨ। ਇਹ ਆਪਣੇ ਵਧੀਆ ਸ਼ੌਕ ਨੂੰ ਜਨੂੰਨ ਵੱਲ ਲੈ ਕੇ ਜਾਣ ਦਾ ਇੱਕ ਵੱਖਰਾ ਫਾਇਦਾ ਵੀ ਹੈ।
ਇਸ ਮੌਕੇ ਉਹਨਾਂ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਪੰਜਾਬੀ ਲੋਕ ਗੀਤਾਂ, ਲੋਕ ਸਾਜਾਂ ਅਤੇ ਭੰਗੜੇ ਗਿੱਧੇ ਦੀ ਪੇਸ਼ਕਾਰੀ ਦੀ ਪ੍ਰਸੰਸਾ ਵੀ ਕੀਤੀ ਅਤੇ ਭਾਗ ਲੈਣ ਵਾਲੇ ਉਮੀਦਵਾਰਾਂ ਨੂੰ ਸ਼ੁਭ ਇਛਾਵਾਂ ਦਿੰਦਿਆ ਕਿਹਾ ਕਿ ਇਸ ਮੁਕਾਬਲੇ ਵਿੱਚ ਸਫ਼ਲ ਰਹਿਣ ਵਾਲੇ ਜੇਤੂ ਮੋਹਾਲੀ ਵਿਖੇ ਹੋਣ ਵਾਲੇ ਰਾਜ ਪੱਧਰੀ ਯੁਵਕ ਮੇਲੇ ਵਿੱਚ ਭਾਗ ਲੈਣ ਦਾ ਆਨੰਦ ਮਾਨਣਗੇ।

Leave a Reply

Your email address will not be published. Required fields are marked *