ਸਿਆਸੀ ਬਦਲਾਖੋਰੀ ਦੇ ਕੇਸਾਂ ਨਾਲ ਸਖ਼ਤੀ ਨਾਲ ਨਜਿੱਠਣ ਦੀ ਹਦਾਇਤ ਕਰਨ ਅਮਰਿੰਦਰ ਸਿੰਘ : ਸੁਖਬੀਰ ਬਾਦਲ
ਚੰਡੀਗੜ੍ਹ, 16 ਮਾਰਚ (ਮਧੂਸਾਰ ਬਿਊਰੋ)
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਹੈ ਕਿ ਉਹ ਪੁਲਿਸ ਵਿਭਾਗ ਨੂੰ ਹਦਾਇਤ ਦੇਣ ਕਿ ਸਿਆਸੀ ਬਦਲਾਖੋਰੀ ਦੀਆਂ ਘਟਨਾਵਾਂ ਨਾਲ ਤੁਰੰਤ ਸਖ਼ਤੀ ਨਾਲ ਨਜਿੱਠਿਆ ਜਾਵੇ।
ਜਾਰੀ ਕੀਤੇ ਇਕ ਬਿਆਨ ਵਿਚ ਸ੍ਰੀ ਬਾਦਲ ਨੇ ਕਿਹਾ ਕਿ ਚੋਣ ਨਤੀਜੇ ਘੋਸ਼ਤ ਹੋਣ ਤੋਂ ਤੁਰੰਤ ਬਾਅਦ ਮਾਨਸਾ ਦੇ ਬਰੇਟਾ ਕਸਬੇ ਵਿਚ ਦੋ ਟਰੱਕ ਯੂਨੀਅਨਾਂ ਵਿਚ ਹੋਏ ਟਕਰਾਅ ਵਿਚ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧ ਦੋ ਵਿਅਕਤੀ ਮਾਰੇ ਗਏ ਜਦਕਿ ਇਕ ਹੋਰ ਜ਼ਖ਼ਮੀ ਹੋ ਗਿਆ। ਉਹਨਾਂ ਕਿਹਾ ਕਿ ਦੋ ਦਿਨ ਪਹਿਲਾਂ ਅੰਮ੍ਰਿਤਸਰ ਦੇ ਪਿੰਡ ਫੇਰੋਚੀਚੀ ਵਿਚ ਕਾਂਗਰਸ ਦੇ ਕਾਰਕੁੰਨ ਸੇਵਾ ਮੁਕਤ ਕਰਨਲ ਸੁਰਜੀਤ ਸਿੰਘ ਵੱਲੋਂ ਅਕਾਲੀ ਦਲ ਗੁਰਬਚਨ ਸਿੰਘ ਖਾਲਸਾ ਦੀ ਹੱਤਿਆ ਕਰ ਦਿੱਤੀ ਗਈ।
ਸ੍ਰੀ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਉਕਤ ਅਕਾਲੀ ਵਰਕਰ ਵੱਲੋਂ ਕਰਨਲ ਸੁਰਜੀਤ ਸਿੰਘ ਤੋਂ ਮਿਲ ਰਹੀਆਂ ਧਮਕੀਆਂ ਦੀ ਜ਼ਿਲ੍ਹਾ ਪੁਲਿਸ ਨੂੰ ਸ਼ਿਕਾਇਤ ਦੇਣ ਦੇ ਬਾਵਜੂਦ ਵੀ ਉਸਦਾ ਕਤਲ ਹੋ ਗਿਆ। ਉਹਨਾਂ ਕਿਹਾ ਕਿ ਕਾਂਗਰਸ ਦੇ ਕਾਰਕੁੰਨ 11 ਮਾਰਚ ਨੂੰ ਨਤੀਜੇ ਘੋਸ਼ਤ ਹੋਣ ਮਗਰੋਂ ਲਾਊਡ ਸਪੀਕਰ ਲਗਾ ਕੇ ਖਾਲਸਾ ਅਤੇ ਅਕਾਲੀ ਦਲ ਦੇ ਖਿਲਾਫ ਜ਼ਹਿਰ ਉਗਲਦੇ ਰਹੇ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਬਹੁਤ ਹੀ ਨਿਖੇਧੀਯੋਗ ਗੱਲ ਹੈ ਕਿ ਹਾਲੇ ਤੱਕ ਪੁਲਸ ਦੋਸ਼ੀਆਂ ਖਿਲਾਫ ਕਾਰਵਾਈ ਨਹੀਂ ਕਰ ਸਕੀ ਤੇ ਇਸ ਕੇਸ ਵਿਚ ਕੋਈ ਪ੍ਰਗਤੀ ਨਹੀਂ ਹੋਈ। ਸ੍ਰੀ ਬਾਦਲ ਨੇ ਕਿਹਾ ਕਿ ਸੂਬਾ ਪੁਲਸ ਨੂੰ ਤੁਰੰਤ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਜਾਣ ਕਿ ਉਹ ਸਿਆਸੀ ਬਦਲਾਖੋਰੀ ਦੇ ਇਹਨਾਂ ਕੇਸਾਂ ਨੂੰ ਤੁਰੰਤ ਨਕੇਲ ਪਾਉਣ ਲਈ ਕਦਮ ਚੁੱਕੇ ਨਹੀਂ ਤਾਂ ਇਹ ਸਮੱਸਿਆ ਬਹੁਤ ਵੱਡੀ ਅਮਨ ਕਾਨੂੰਨ ਦੀ ਸਥਿਤੀ ਵਿਚ ਤਬਦੀਲ ਹੋ ਜਾਵੇਗੀ।
ਅਕਾਲੀ ਨੇਤਾ ਨੇ ਕਿਹਾ ਕਿ ਅਜਿਹੇ ਕੇਸ ਰਾਜ ਦੇ ਵਿਕਾਸ ਦੇ ਰਾਹ ਵਿਚ ਵੀ ਅੜਿਕੇ ਬਣਨਗੇ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਭਰੋਸਾ ਦੁਆਇਆ ਸੀ ਕਿ ਉਹ ਵਿਕਾਸ ‘ਤੇ ਧਿਆਨ ਕੇਂਦਰਤ ਕਰਨਗੇ ਜਿਵੇਂ ਅਸੀਂ ਕੀਤਾ। ਪੰਜਾਬੀ ਇਸੇ ਦੀ ਆਸ ਰੱਖਦੇ ਹਨ। ਉਹਨਾਂ ਹਿਕਾ ਕਿ ਪੰਜਾਬੀਆਂ ਵੱਲੋਂ ਸਿਆਸੀ ਬਦਲਾਖੋਰੀ ਨਾਲ ਸੂਬੇ ਦਾ ਮਾਹੌਲ ਖਰਾਬ ਕਰਨ ਦੇ ਯਤਨ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੇ ਜਾਣਗੇ ਤੇ ਪੰਜਾਰਬੀ ਚਾਹੁੰਦੇ ਹਨ ਕਿ ਨਵੀਂ ਸਰਕਾਰ ਤੁਰੰਤ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ ਕੰਮ ਸ਼ੁਰੂ ਕਰੇ।

