ਪਟਿਆਲਾ

ਉਸਾਰੂ ਭਵਿੱਖ ਲਈ ਨਵੀਂ ਪੀੜੀ ਨੂੰ ਨੈਤਿਕਤਾ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ : ਜਸਟਿਸ ਜਸਬੀਰ ਸਿੰਘ

ਨੈਤਿਕ ਕਦਰਾਂ ਕੀਮਤਾਂ ਤੋਂ ਸੱਖਣਾ ਮਨੁੱਖ ਸਮਾਜ ਲਈ ਖ਼ਤਰਨਾਕ ਸਾਬਤ ਹੁੰਦਾ : ਚੱਠਾ
ਕਦਰਾਂ ਕੀਮਤਾਂ ਦੀ ਪ੍ਰੀਖਿਆ ਦੇ ਮੋਹਰੀ ਵਿਦਿਆਰਥੀ ਸਨਮਾਨਿਤ
ਪਟਿਆਲਾ, 18 ਮਾਰਚ (ਕੰਵਰ ਬੇਦੀ/ਮਧੂਸਾਰ ਬਿਊਰੋ)
ਪੰਜਾਬ ਪੀਪਲ ਵੈਲਫੇਅਰ ਆਰਗੇਨਾਈਜ਼ੇਸ਼ਨ ਵੱਲੋਂ ਪੰਜਾਬ ਭਰ ਵਿਚ ਨੈਤਿਕ ਕਦਰਾਂ ਕੀਮਤਾਂ ਨੂੰ ਪ੍ਰਫੁੱਲਿਤ ਕਰਨਹਿਤ ਸਕੂਲਾਂ, ਕਾਲਜਾਂ ‘ਚ ਕਰਵਾਈ ਪ੍ਰਤੀਯੋਗੀ ਪ੍ਰੀਖਿਆ ਦੇ ਮੋਹਰੀ ਵਿਦਿਆਰਥੀਆਂ ਨੂੰ ਨਾਰਥ ਜੌਨ ਕਲਚਰ ਸੈਂਟਰ ਵਿਚ ਕਰਵਾਏ ਗਏ ਇਨਾਮ ਵੰਡ ਸਮਾਰੋਹ ਵਿਚ ਸਨਮਾਨਿਤ ਕੀਤਾ ਗਿਆ।

ਵਿਸ਼ਵ ਪੰਜਾਬੀ ਕਾਨਫ਼ਰੰਸ ਦੇ ਚੇਅਰਮੈਨ ਅਜਾਇਬ ਸਿੰਘ ਚੱਠਾ ਦੀ ਅਗਵਾਈ ਹੇਠ ਕਰਵਾਏ ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਜਸਟਿਸ ਜਸਬੀਰ ਸਿੰਘ ਨੇ ਅਤੇ ਡਾ: ਦੀਪਕ ਮਨਮੋਹਨ ਸਿੰਘ ਨੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਅਜੋਕੇ ਪਦਾਰਥਕ ਯੁੱਗ ਵਿਚ ਸਾਡੀਆਂ ਸਮਾਜਿਕ ਕਦਰਾਂ ਕੀਮਤਾਂ ਨੂੰ ਵੱਡੀ ਢਾਹ ਲੱਗੀ ਹੈ। ਸਾਡੀ ਅਜੋਕੀ ਸਿੱਖਿਆ ਵੀ ਪੇਸ਼ੇਵਰ ਹੋਣ ਕਾਰਨ ਕਦਰਾਂ ਕੀਮਤਾਂ ਤੋਂ ਦੂਰ ਹੁੰਦੀ ਜਾ ਰਹੀ ਹੈ। ਅਜਿਹੇ ਦੌਰ ਵਿਚ ਕਦਰਾਂ ਕੀਮਤਾਂ ਨੂੰ ਪ੍ਰਫੁੱਲਿਤ ਕਰਕੇ ਸੁਖਾਵੀਂ ਜੀਵਨ ਜਾਂਚ ਦੇ ਰਾਹ ਤੁਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਅਜਾਇਬ ਸਿੰਘ ਚੱਠਾ ਵੱਲੋਂ ਇਸ ਵਿਸ਼ੇ ਗੰਭੀਰਤਾ ਨੂੰ ਪਛਾਣਨਾ ਜਿੰਨਾ ਸ਼ਲਾਘਾਯੋਗ ਹੈ ਉਸ ਤੋਂ ਵੀ ਜ਼ਿਆਦਾ ਉਸ ਲਈ ਵਿਵਰਾਕ ਤੇ ਠੋਸ ਯਤਨ ਕਰਨਾ ਦੁੱਗਣਾ ਸ਼ਲਾਘਾਯੋਗ ਉਪਰਾਲਾ ਹੈ। ਅਜਾਇਬ ਸਿੰਘ ਚੱਠਾ ਨੇ ਜਸਟਿਸ ਜਸਬੀਰ ਸਿੰਘ, ਡਾ: ਦੀਪਕ ਮਨਮੋਹਨ ਸਿੰਘ ਸਾਬਕਾ ਡਾਇਰੈਕਟਰ ਪੀ.ਪੀ.ਡਬਲਿਊ ਕੇਂਦਰ ਦੇ ਡਾਇਰੈਕਟਰ ਫੁਰਕਾਨ ਖਾਨ ਪੇਟਰਨ ਇੰਦਰਜੀਤ ਸਿੰਘ ਖਰੌੜ, ਪ੍ਰਧਾਨ ਹਰਚੰਦ ਸਿੰਘ ਨਿਰਮਾਣ, ਅਵਤਾਰ ਸਿੰਘ ਮਾਨ, ਅਰਵਿੰਦਰ ਢਿੱਲੋਂ, ਡਾ: ਜਸਮਿੰਦਰ ਪਾਲ ਸਿੰਘ, ਵਰਿੰਦਰ ਨਿਰਮਾਣ, ਵਰਿੰਦਰ ਕੁਮਾਰ ਸ਼ਰਮਾ, ਡਾ: ਬਲਜਿੰਦਰ ਕੌਰ ਦਾ ਉਚੇਚਾ ਧੰਨਵਾਦ ਕਰਦਿਆਂ ਆਖਿਆ ਕਿ ਅਜੋਕੇ ਯੁੱਗ ਦੀ ਸੋਚ ਨੇ ਨੈਤਿਕ ਕਦਰਾਂ ਕੀਮਤਾਂ ਨੂੰ ਪਿੱਛੇ ਧੱਕਿਆ ਹੈ। ਜਿਸ ਕਾਰਨ ਸਾਡਾ ਸਮਾਜ ਅਵਾਜਾਰੀ ਦੇ ਆਲਮ ਵੱਲ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜੋਕੀ ਸਿੱਖਿਆ ਨੌਕਰੀ ਜਾਂ ਕਿੱਤੇ ਲਈ ਸੇਧਿਤ ਹੋਣ ਕਾਰਨ ਵਿਦਿਆਰਥੀਆਂ ਨੂੰ ਕਦਰਾਂ ਕੀਮਤਾਂ ਤੋਂ ਸੱਖਣਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਨੈਤਿਕ ਕਦਰਾਂ ਕੀਮਤਾਂ ਤੋਂ ਸੱਖਣਾ ਵਿਅਕਤੀ ਹਮੇਸ਼ਾ ਸੁਹਿਰਦ ਸਮਾਜ ਲਈ ਖ਼ਤਰਾ ਹੁੰਦਾ ਹੈ। ਇਸ ਨਵੀਂ ਪੀੜੀ ਨੂੰ ਕਦਰਾਂ ਕੀਮਤਾਂ ਨਾਲ ਜੋੜਨ ਲਈ ਉਨ੍ਹਾਂ ਕਿਤਾਬਾਂ ਦੀ ਪ੍ਰਕਾਸ਼ਨਾਂ ਦੇ ਨਾਲ ਨਾਲ ਸਕੂਲਾਂ, ਕਾਲਜਾਂ ਦੇ ਵਿਦਿਆਰਥੀਆਂ ਨੂੰ ਪ੍ਰਤੀਯੋਗੀ ਪ੍ਰੀਖਿਆ ਨਾਲ ਜੋੜਿਆ ਹੈ। ਇਸ ਮੌਕੇ 30 ਵਿਦਿਅਕ ਸੰਸਥਾਵਾਂ ਦੇ ਪਹਿਲੇ ਦੂਜੇ ਤੇ ਤੀਜੇ ਸਥਾਨ ‘ਤੇ ਰਹੇ ਵਿਦਿਆਰਥੀਆਂ ਨੂੰ ਕ੍ਰਮਵਾਰ 2100, 1500, 1100 ਦੇ ਨਗਦ ਇਨਾਮ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰੀਖਿਆ ਦੀ ਪੂਰੀ ਮੁਹਿੰਮ ਦੇ ਵਿਸ਼ੇਸ਼ ਸਹਿਯੋਗੀਆਂ ਦੇ ਨਾਲ ਅਰਵਿੰਦਰ ਢਿੱਲੋਂ ਨੂੰ ਵਿਸੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਕਰਮਜੀਤ ਸਿੰਘ, ਪ੍ਰੋ: ਸ਼ਮਿੰਦਰ ਰੇਖੀ, ਪ੍ਰਿੰਸੀਪਲ ਭਰਪੂਰ ਸਿੰਘ, ਸਰਬਜਿੰਦਰ ਸਿੰਘ, ਲਕਸ਼ਮੀ ਨਰਾਇਣ ਭਿਖੀ, ਗੁਰਬਖਸ਼ੀਸ਼ ਸਿੰਘ ਅੰਟਾਲ, ਪ੍ਰਾਣ ਸਭਰਵਾਲ, ਨਵਰੂਪ, ਡਾ: ਮੁਹੰਮਦ ਇਦਰੀਸ਼ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *