ਪੰਜਾਬ ਵਿੱਚ ਪਾਣੀ ਬਚਾਉਣ ਲਈ ਅਤਿ ਆਧੁਨਿਕ ਤਕਨਾਲੋਜੀ ਦੀ ਵਰਤੋਂ ਕਰਨ ਦੇ ਅਧਿਕਾਰੀਆਂ ਨੂੰ ਨਿਰਦੇਸ਼
ਪੰਜਾਬ ਦੇ ਮੁੱਖ ਮੰਤਰੀ ਵੱਲੋਂ ਜਲ ਦਿਵਸ ਮੌਕੇ ਲੋਕਾਂ ਨੂੰ ਪਾਣੀ ਅਜਾਈਂ ਨਾ ਗੁਆਉਣ ਦੀ ਅਪੀਲ
ਚੰਡੀਗੜ੍ਹ, 22 ਮਾਰਚ (ਮਧੂਸਾਰ ਬਿਊਰੋ)
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਣੀ ਦੀ ਇਕ ਵੀ ਬੂੰਦ ਅਜਾਈਂ ਨਾ ਗੁਆਉਣ ਦੀ ਲੋਕਾਂ ਨੂੰ ਅਪੀਲ ਕੀਤੀ ਹੈ। ਇਸੇ ਦੇ ਨਾਲ ਹੀ ਉਨ੍ਹਾਂ ਨੇ ਤੇਜ਼ੀ ਨਾਲ ਪਾਣੀ ਦਾ ਪੱਧਰ ਹੇਠਾਂ ਜਾਣ ਤੋਂ ਰੋਕਣ ਲਈ ਉਚ ਪੱਧਰੀ ਸੰਭਾਵੀ ਤਕਨੀਕਾਂ ਦੀ ਵਰਤੋਂ ਕਰਨ ਲਈ ਆਖਿਆ ਹੈ ਤਾਂ ਜੋ ਮਨੁੱਖਤਾ ਦੇ ਭਲੇ ਲਈ ਇਸ ਕੁਦਰਤੀ ਸਰੋਤ ਨੂੰ ਬਚਾਇਆ ਜਾ ਸਕੇ।
ਜਲ ਦਿਵਸ ਮੌਕੇ ਆਪਣੇ ਸੁਨੇਹੇ ਵਿੱਚ ਮੁੱਖ ਮੰਤਰੀ ਨੇ ਹਰੇਕ ਨਾਗਰਿਕ ਨੂੰ ਆਪਣੇ ਜੀਵਨ ਨਿਰਬਾਹ ਅਤੇ ਸੂਬੇ ਦੇ ਨਿਰਬਾਹ ਲਈ ਪਾਣੀ ਨੂੰ ਸੰਭਾਲਣ ਦੀ ਮਹੱਤਤਾ ‘ਤੇ ਜ਼ੋਰ ਦਿੱਤਾ।
ਦੁਨੀਆਂ ਵਿੱਚ ਬਹੁਤ ਸਾਰੀਆਂ ਜੰਗਾਂ ਲਈ ਪਾਣੀ ਨੂੰ ਮੁੱਖ ਕਾਰਨ ਦੱਸਦੇ ਹੋਏ ਅਤੇ ਪੰਜਾਬ ਵਿੱਚ ਅੱਤਵਾਦ ਲਈ ਮੁੱਖ ਕਾਰਕ ਹੋਣ ਦਾ ਸੰਕੇਤ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਪਾਣੀ ਦਾ ਪੱਧਰ ਹੇਠਾਂ ਜਾਣ ‘ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਜਿੱਥੇ ਕੁਲ 138 ਜਲ ਬਲਾਕਾਂ ਵਿੱਚ 110 ਬਲਾਕਾਂ ਵਿੱਚ ਖੇਤੀਬਾੜੀ ਲਈ ਹੱਦੋਂ ਵੱਧ ਪਾਣੀ ਦੀ ਵਰਤੋਂ ਕੀਤੇ ਜਾਣ ਕਾਰਨ ਸਥਿਤੀ ਬਹੁਤ ਜ਼ਿਆਦਾ ਚਿੰਤਾਜਨਕ ਹੋ ਗਈ ਹੈ ਅਤੇ ਇਹ ‘ਡਾਰਕ ਜ਼ੋਨ’ ਬਣ ਗਏ ਹਨ। ਇਨ੍ਹਾਂ ਵਿੱਚੋਂ 45 ਬਲਾਕਾਂ ਨੂੰ ਕੇਂਦਰ ਸਰਕਾਰ ਵੱਲੋਂ ‘ਨਾਜ਼ੁਕ’ ਐਲਾਨਿਆ ਗਿਆ ਹੈ। ਉਨ੍ਹਾਂ ਨੇ ਪਾਣੀ ਦੀ ਸਾਂਭ-ਸੰਭਾਲ ਲਈ ਵਿਆਪਕ ਰਾਸ਼ਟਰੀ ਨੀਤੀ ਤਿਆਰ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।
ਪਾਣੀ ‘ਤੇ ਵਧ ਰਹੇ ਦਬਾਅ ਕਾਰਨ ਜ਼ਮੀਨ ਦਾ ਵੱਡਾ ਹਿੱਸਾ ਖੇਤੀ ਯੋਗ ਨਾ ਰਹਿਣ ਅਤੇ ਬੰਜਰ ਹੋ ਜਾਣ ਦੇ ਸੰਦਰਭ ਵਿੱਚ ਮੁੱਖ ਮੰਤਰੀ ਨੇ ਆਪਣੇ ਸੰਦੇਸ਼ ਵਿੱਚ ਇਸ ਵੱਡਮੁੱਲੇ ਸਰੋਤ ਨੂੰ ਹੋਰ ਫਜ਼ੂਲ ਜਾਣ ਤੋਂ ਰੋਕਣ ਲਈ ਲੋਕਾਂ ਦੇ ਸਹਿਯੋਗ ਦੀ ਮੰਗ ਕੀਤੀ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਪੰਜਾਬ ਦੇ ਹਰੇਕ ਨਾਗਰਿਕ ਨੂੰ ਪੀਣ ਵਾਲਾ ਸਾਫ਼ ਸੁਥਰਾ ਸੁਰੱਖਿਅਤ ਪਾਣੀ ਸੁਖਾਲਾ ਮੁਹੱਈਆ ਕਰਵਾਉਣ ਲਈ ਵਚਨਵੱਧ ਹੈ। ਉਨ੍ਹਾਂ ਨੇ ਇਸ ਸਬੰਧ ਵਿੱਚ ਮਾਝਾ ਇਲਾਕੇ ਦੇ ਪਾਣੀ ਤੋਂ ਵਾਂਝੇ ਦਿਹਾਤੀ ਇਲਾਕਿਆਂ ਦਾ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ। ਉਨ੍ਹਾਂ ਨੇ ਸਰਕਾਰ ਦੇ ਸਬੰਧਿਤ ਵਿਭਾਗਾਂ ਨੂੰ ਪਾਣੀ ਸੰਭਾਲਣ ਦੀਆਂ ਤਕਨੀਕਾਂ ਅਪਨਾਉਣ ਲਈ ਨਿਰਦੇਸ਼ ਦਿੱਤੇ ਜਿਨ੍ਹਾਂ ਵਿੱਚ ਪਾਣੀ ਨੂੰ ਸੰਭਾਲਣਾ, ਫਸਲੀ ਚੱਕਰ ਵਿੱਚ ਤਬਦੀਲੀ ਲਿਆਉਣਾ, ਪਾਣੀ ਬਚਾਉਣ ਵਾਲੀ ਤਕਨਾਲੋਜੀ ਦੀ ਵੱਡੀ ਪੱਧਰ ‘ਤੇ ਵਰਤੋਂ ਕਰਨਾ ਅਤੇ ਖਿੱਤੇ ਵਿੱਚ ਪਾਣੀ ਦੀ ਉਪਲਬਧਤਾ ਵਿੱਚ ਵਾਧਾ ਕਰਨਾ ਸ਼ਾਮਲ ਹੈ। ਮੁੱਖ ਮੰਤਰੀ ਨੇ ਸਬੰਧਿਤ ਵਿਭਾਗਾਂ ਨੂੰ ਵਧੀਆ ਸਿੰਚਾਈ ਅਮਲਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਵੀ ਨਿਰਦੇਸ਼ ਦਿੱਤੇ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ ਵਿੱਚ ਪਾਣੀ ਦੀ ਸਾਂਭ-ਸੰਭਾਲ ਦੀ ਮੁਹਿੰਮ ਵਿੱਚ ਸੂਬਾ ਸਰਕਾਰ ਵੱਖ-ਵੱਖ ਜ਼ਿਲ੍ਹਾ ਤੇ ਪਿੰਡ ਪੱਧਰੀ ਸੰਸਥਾਵਾਂ ਨੂੰ ਸ਼ਾਮਲ ਕਰਨ ਲਈ ਪਹਿਲਕਦਮੀਆਂ ਵੀ ਕਰੇਗੀ ਤਾਂ ਜੋ ਪਾਣੀ ਸੰਭਾਲ ਦੀ ਮੁਹਿੰਮ ਨੂੰ ਤੇਜ਼ੀ ਨਾਲ ਅੱਗੇ ਲਿਜਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਪਾਣੀ ਦੀ ਸਮੱਸਿਆ ਨਾਲ ਨਿਪਟਣ ਲਈ ਜੇ ਨੀਤੀ ਵਿੱਚ ਕੋਈ ਤਬਦੀਲੀ ਕਰਨ ਦੀ ਲੋੜ ਹੋਈ ਤਾਂ ਉਹ ਵੀ ਕੀਤੀ ਜਾਵੇਗੀ।

