ਕਾਂਗਰਸ ਨੇ ਸੱਤਾ ਸੰਭਾਲਦਿਆਂ ਹੀ ਸੂਬੇ ‘ਚ ‘ਆਰਥਿਕ ਐਮਰਜੈਂਸੀ’ ਲਗਾਈ : ਹਰਿੰਦਰਪਾਲ ਚੰਦੂਮਾਜਰਾ
ਸਨੌਰ ਦੇ ਵਿਕਾਸ ਲਈ ਲਿਆਦੇਂ ਪੰਜ ਕਰੋੜ ‘ਤੇ ਸਰਕਾਰ ਨੇ ਲਗਾਈ ਰੋਕ
ਸਰਕਾਰ ਬਣਨ ਦੇ ਤਿੰਨ ਹਫਤਿਆਂ ਵਿਚ ਹੀ ਦਰਜਨ ਭਰ ਬਦਲਾਖੋਰੀ ਦੀਆਂ ਘਟਨਾਵਾਂ ਹੋਣੀਆਂ ਮੰਦਭਾਗੀਆਂ
ਕਿਸਾਨਾ ਦੇ ਕਰਜ਼ਾ ਮੁਆਫੀ ਸਬੰਧੀ ਕਮੇਟੀ ਦੇ ਗਠਨ ਦੀ ਰਿਪੋਰਟ ਤੱਕ, ਕਿਸਾਨਾਂ ਦੀਆਂ ਜਾਇਦਾਦਾਂ ਦੀ ਕੁਰਕੀ ‘ਤੇ ਲਗਾਈ ਜਾਵੇ ਰੋਕ
ਪਟਿਆਲਾ, 28 ਮਾਰਚ (ਕੰਵਰ ਬੇਦੀ/ਮਧੂਸਾਰ ਬਿਊਰੋ)
ਹਲਕਾ ਸਨੋਰ ਦੇ ਸ਼੍ਰੋਮਣੀ ਅਕਾਲੀ ਦੀ ਟਿਕਟ ‘ਤੇ ਐਮ.ਐਲ.ਏ. ਬਣੇ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਦਾ ਆਹੁਦਾ ਸੰਭਾਲਦੇ ਹੀ ਪੰਜਾਬ ਵਿਚ ਆਰਥਿਕ ਐਮਰਜੰਸੀ ਲਾਗੂ ਕਰ ਦਿੱਤੀ ਹੈ।
ਉਹ ਪਟਿਆਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਹਨਾਂ ਦੱਸਿਆ ਕਿ ਅਕਾਲੀ ਭਾਜਪਾ ਗਠਜੋੜ ਵੱਲੋਂ ਵਿਕਾਸ ਦੇ ਕੰਮਾਂ ਲਈ ਜਿਹੜੇ ਫੰਡ ਜਾਰੀ ਕੀਤੇ ਸਨ, ਉਹਨਾਂ ‘ਤੇ ਬਿਨ੍ਹਾਂ ਕਿਸੇ ਕਾਰਨ ਦੱਸੇ ਰੋਕ ਲਗਾ ਦਿੱਤੀ ਗਈ ਹੈ। ਐਮ.ਐਲ.ਏ. ਚੰਦੂਮਾਜਰਾ ਨੇ ਦੱਸਿਆ ਕਿ ਇਕੱਲੇ ਸਨੋਰ ਸ਼ਹਿਰ ਲਈ ਉਹਨਾਂ ਵੱਲੋਂ ਲਿਆਂਦੇ ਗਏ ਪੰਜ ਕਰੋੜ ਰੁਪਏ ਦੀ ਰਾਸ਼ੀ ‘ਤੇ ਰੋਕ ਲਗਾ ਦਿੱਤੀ ਗਈ ਹੈ। ਪੰਚਾਇਤਾਂ ਤੋਂ ਪੈਸੇ ਵਾਪਸ ਮੰਗਵਾ ਲਏ ਗਏ ਹਨ। ਸਰਕਾਰ ਦੇ ਇਸ ਰਵੱਈਏ ਦੇ ਕਾਰਨ ਵਿਕਾਸ ਦੇ ਕੰਮ ਅੱਧਵਾਟੇ ਹੀ ਰੁਕ ਗਏ ਹਨ। ਉਹਨਾਂ ਦੱਸਿਆ ਕਿ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਪਟਿਆਲਾ ਸ਼ਹਿਰ ਦੇ ਵਿਕਾਸ ਲਈ ਅਕਾਲੀ ਭਾਜਪਾ ਸਰਕਾਰ ਵੱਲੋਂ ਜਾਰੀ ਕੀਤੇ ਗਏ 14 ਕਰੋੜ ਰੁਪਏ ‘ਤੇ ਵੀ ਰੋਕ ਲਗਾ ਦਿੱਤੀ ਹੈ। ਉਹਨਾ ਐਲਾਨ ਕੀਤਾ ਕਿ ਇਸ ਮਾਮਲੇ ਨੂੰ ਵਿਧਾਨ ਸਭਾ ਵਿਚ ਚੁੱਕਿਆ ਜਾਵੇਗਾ, ਤਾਂ ਕਿ ਵਿਕਾਸ ਦੇ ਚੱਲ ਰਹੇ ਕੰਮ ਨੇਪਰੇ ਚੜ ਸਕਣ। ਉਹਨਾਂ ਕਿਹਾ ਕਿ ਕਿਸਾਨਾ ਦੇ ਕਰਜ਼ੇ ਤਾਂ ਇੱਕ ਪਾਸੇ ਕਾਂਗਰਸ ਸਰਕਾਰ ਨੇ ਤਾਂ ਕਿਸਾਨਾ ਦਿੱਤੇ ਬਿਜਲੀ ਦੇ ਕੁਨੈਕਸ਼ਨਾਂ ‘ਤੇ ਵੀ ਰੋਕ ਲਗਾ ਦਿੱਤੀ ਹੈ। ਜੋ ਕਿ ਮੰਦਭਾਗੀ ਗੱਲ ਹੈ।
ਵਿਧਾਇਕ ਹਰਿੰਦਰਪਾਲ ਚੰਦੂਮਾਜਰਾ ਨੇ ਕਿਹਾ ਕਿ ਹੁਣ ਤੱਕ ਇਹ ਰਵਾਇਤ ਰਹੀ ਹੈ ਕਿ ਸਰਕਾਰ ਬਣਦੇ ਹੀ ਪ੍ਰਮੁੱਖ ਚੋਣ ਵਾਅਦਿਆਂ ਨੂੰ ਪੂਰਾ ਕਰਨ ਸਬੰਧੀ ਪਹਿਲੀ ਹੀ ਕੈਬਨਿਟ ਵਿਚ ਫੈਸਲੇ ਲੈ ਲਏ ਜਾਂਦੇ ਹਨ। ਪ੍ਰੰਤੂ ਕਾਂਗਰਸ ਨੇ ਕਿਸਾਨੀ ਕਰਜ਼ਿਆਂ ਸਬੰਧੀ ਕਮੇਟੀ ਬਣਾ ਕੇ ਮਾਮਲੇ ਨੂੰ ਹੀ ਟਾਲ ਦਿੱਤਾ, ਉਲਟਾ ਕਿਸਾਨਾ ਦੀਆਂ ਜਾਇਦਾਦਾਂ ਦੀਆਂ ਕੁਰਕੀਆਂ ਕਰਵਾਈਆਂ ਜਾ ਰਹੀਆਂ ਹਨ। ਹਰਿੰਦਰਪਾਲ ਚੰਦੂਮਾਜਰਾ ਨੇ ਕਿਹਾ ਕਿ ਸਰਕਾਰ ਨੂੰ ਕਿਸਾਨਾ ਦੀਆਂ ਜਮੀਨਾਂ ਦੀਆਂ ਕੁਰਕੀਆਂ ‘ਤੇ ਰੋਕ ਲਗਾਉਣੀ ਚਾਹੀਦੀ ਹੈ। ਵਿਧਾਇਕ ਚੰਦੁਮਾਜਰਾ ਨੇ ਕਿਹਾ ਕਿ ਸਰਕਾਰ ਬਣਦੇ ਹੀ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਬਦਲਾਖੋਰੀ ਕਾਰਵਾਈ ਨੂੰ ਲੈ ਕੇ ਬਿਆਨਬਾਜ਼ੀ ਕੀਤੀ ਉਹ 15 ਦਿਨਾਂ ਵਿਚ ਹੀ ਤਾਰ ਤਾਰ ਹੋ ਗਈ ਹੈ। ਹੁਣ ਤੱਕ ਪੰਜਾਬ ਵਿਚ ਬਦਲਾਖੋਰੀ ਦੀਆਂ ਇੱਕ ਦਰਜ਼ਨ ਘਟਨਾਵਾ ਵਾਪਰ ਚੁੱਕੀਆ ਹਨ। ਵਿਧਾਇਕ ਚੰਦੂਮਾਜਰਾ ਨੇ ਕਿਹਾ ਕਿ ਆਮ ਤੌਰ ‘ਤੇ ਰਾਜਪਾਲ ਦੇ ਭਾਸ਼ਣ ਨੂੰ ਸਰਕਾਰ ਆਇਨਾ ਮੰਨਿਆ ਜਾਂਦਾ ਹੈ, ਪ੍ਰੰਤੂ ਕਾਂਗਰਸ ਨੇ ਜਿਹੜੇ ਵਾਅਦੇ ਕੀਤੇ ਸਨ, ਉਹਨਾਂ ਵਿਚੋਂ ਕੋਈ ਵੀ ਭਾਸ਼ਣ ਵਿਚ ਨਜ਼ਰ ਨਹੀਂ ਆ ਰਿਹਾ। ਇਸ ਮੌਕੇ ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ, ਸ਼੍ਰੋਮਣੀ ਕਮੇਟੀ ਦੇ ਮੈਂਬਰ ਜਰਨੈਲ ਸਿੰਘ ਕਰਤਾਰਪੁਰ, ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਸਿਆਸੀ ਸਕੱਤਰ ਜਗਜੀਤ ਸਿੰਘ ਕੋਹਲੀ, ਇੰਦਰ ਸਿੰਘ ਛਿੰਦੀ ਪ੍ਰਧਾਨ ਨਗਰ ਕੌਂਸਲ ਸਨੌਰ, ਐਚ.ਆਰ. ਗਰੁਪ ਦੇ ਚੇਅਰਮੈਨ ਜਗਤਾਰ ਸਿੰਘ ਬਿੱਟੂ, ਮੈਨੇਜਿੰਗ ਡਾਇਰੈਕਟਰ ਪ੍ਰਦੀਪ ਸਿੰਘ, ਈਸ਼ਰ ਸਿੰਘ ਅਬਲੋਵਾਲ, ਸ਼ੇਰ ਸਿੰਘ ਪੰਜੇਟਾਂ, ਸੁਖਬੀਰ ਅਬਲੋਵਾਲ, ਜਸਵਿੰਦਰ ਪਾਲ ਸਿੰਘ ਚੱਢਾ, ਪਲਵਿੰਦਰ ਸਿੰਘ ਰਿੰਕੂ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਐਮ.ਐਲ.ਏ.ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਮੁੜ ਸ਼ੁਰੂ ਕਰਵਾਇਆ ਪਟਿਆਲਾ ਚੀਕਾ ਰੋਡ ਦਾ ਕੰਮ ਸ਼ੁਰੂ
ਸੈਂਟਰ ਰੋਡ ਫੰਡ ਵਿਚੋਂ 16 ਕਰੋੜ ਦੀ ਲਾਗਤ ਨਾਲ ਬਣਾਈ ਜਾ ਰਹੀ ਪਟਿਆਲਾ ਚੀਕਾ ਰੋਡ ਦਾ ਐਮ.ਐਲ.ਏ. ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਮੁੜ ਕੰਮ ਸ਼ੁਰੂ ਕਰਵਾ ਦਿੱਤਾ ਹੈ। ਕੁਝ ਕਾਰਨਾ ਕਰਕੇ ਉਹ ਕੰਮ ਰੁਕ ਗਿਆ ਸੀ, ਐਮ.ਐਲ.ਏ. ਚੰਦੂਮਾਜਰਾ ਨੇ ਪ੍ਰਸਾਸ਼ਨਿਕ ਅਧਿਕਾਰੀਆਂ ਦੇ ਕੋਲ ਇਹ ਮੁੱਦਾ ਚੁੱਕਿਆ ਅਤੇ ਖੁਦ ਪੈਰਵਾਈ ਕਰਕੇ ਮੁੜ ਤੋਂ ਕੰਮ ਸ਼ੁਰੂ ਕਰਵਾ ਦਿੱਤਾ ਹੈ।

