ਪਟਿਆਲਾ

ਪੰਜਾਬੀ ‘ਵਰਸਿਟੀ ਡਾਂਸ ਵਿਭਾਗ ‘ਚ ਦਸ ਰੋਜ਼ਾ ਸ਼ਾਸਤਰੀ ਅਤੇ ਲੋਕ ਨ੍ਰਿਤ ਵਰਕਸ਼ਾਪ ਦਾ ਆਯੋਜਨ

ਪਟਿਆਲਾ 6 ਅਪ੍ਰੈਲ (ਮਧੂਸਾਰ ਬਿਊਰੋ)
ਪੰਜਾਬੀ ਯੂਨੀਵਰਸਿਟੀ ਦੇ ਡਾਂਸ ਵਿਭਾਗ ‘ਚ ਕੇਂਦਰ ਸਰਕਾਰ ਵੱਲੋਂ ਅਰੰਭ ਕੀਤੇ ਗਏ ਕਲਚਰਲ ਐਕਸਚੇਂਜ ਪ੍ਰੋਗਰਾਮ ਅਧੀਨ ਏਕ ਭਾਰਤ ਸ੍ਰੇਸ਼ਠ ਭਾਰਤ ਪ੍ਰਾਜੈਕਟ ਅਧੀਨ ਆਂਧਰਾ ਪ੍ਰਦੇਸ਼ ਪ੍ਰਾਂਤ ਦੇ 10 ਰੋਜਾ ਸ਼ਾਸਤਰੀ ਅਤੇ ਲੋਕ ਨ੍ਰਿਤਾਂ ਦੇ ਵਰਕਸ਼ਾਪ ਦਾ ਉਦਘਾਟਨ ਕੀਤਾ ਗਿਆ।

ਇਸ ਵਰਕਸ਼ਾਪ ਦਾ ਉਦਘਾਟਨ ਫੈਕਲਟੀ ਆਫ਼ ਆਰਟਸ ਅਤੇ ਕਲਚਰ ਦੇ ਡੀਨ ਪ੍ਰੋ. ਡਾ. ਨਿਵੇਦਿਤਾ ਉੱਪਲ ਵੱਲੋਂ ਬਾਅਦ ਦੁਪਹਿਰ 3 ਵਜੇ ਡਾਂਸ ਵਿਭਾਗ ਵਿਖੇ ਸ਼ਮਾਂ ਰੌਸ਼ਨ ਕਰਕੇ ਕੀਤਾ ਗਿਆ। ਇਸ ਦੌਰਾਨ ਡਾਂਸ ਵਿਭਾਗ ਦੇ ਅਧਿਆਪਕ ਪ੍ਰੋਫੈਸਰ ਡਾ. ਡੇਜੀ ਵਾਲੀਆ ਅਤੇ ਸੀਨੀਅਰ ਅਸਿਸਟੈਂਟ ਪ੍ਰੋਫੈਸਰ ਡਾ. ਇੰਦਿਰਾ ਬਾਲੀ ਅਤੇ ਹੋਰ ਤਕਨੀਕੀ ਸਟਾਫ਼ ਡਾ. ਰਮਾ ਭੱਲਾ, ਸ਼੍ਰੀ ਮਧੁਰੇਸ਼ ਭੱਟ, ਸ਼੍ਰੀਮਤੀ ਵਿੰਪੀ ਪਰਮਾਰ ਅਤੇ ਸ਼੍ਰੀ ਬਲਕਰਨ ਸਿੰਘ ਵੀ ਮੌਜੂਦ ਸਨ।
ਇਸ ਤੋਂ ਬਾਅਦ ਡੀਨ ਆਰਟਸ ਅਤੇ ਕਲਚਰ ਫੈਕਲਟੀ ਤੇ ਮੁਖੀ ਡਾਂਸ ਵਿਭਾਗ ਡਾ. ਨਿਵੇਦਿਤਾ ਉੱਪਲ ਵੱਲੋਂ ਆਂਧਰਾ ਪ੍ਰਦੇਸ਼ ਤੋਂ ਵਿਸ਼ੇਸ਼ ਤੌਰ ਤੋਂ ਪਹੁੰਚੇ ਵਰਕਸ਼ਾਪ ਵਿਸ਼ੇਸਗ ਅੰਤਰਰਾਸ਼ਟਰੀ ਪੱਧਰ ਦੇ ਨ੍ਰਿਤ ਵਿਸ਼ੇਸ਼ਗ ਸਾਬਾਸ਼ਿਵਾ ਰਾਓ ਡੇਗਲਾ ਅਤੇ ਉਨ੍ਹਾਂ ਦੇ ਸ਼ਾਗਿਰਦ ਕੁਮਾਰੀ ਪ੍ਰਸੰਨਾ ਦਾ ਸਵਾਗਤ ਕੀਤਾ ਗਿਆ।
ਵਰਕਸ਼ਾਪ ਦੇ ਉਦਘਾਟਨੀ ਸਮਾਰੋਹ ਦੌਰਾਨ ਡਾਂਸ ਵਿਭਾਗ ਦੇ ਬੀ.ਏ. ਆਨਰਜ਼ ਸਕੂਲ ਇਨ ਡਾਂਸ (ਭਾਗ-ਪਹਿਲਾ, ਦੂਜਾ ਅਤੇ ਤੀਜਾ), ਐਮ.ਏ. ਡਾਂਸ (ਭਾਗ-ਪਹਿਲਾ ਅਤੇ ਦੂਜਾ) ਤੇ ਪੀ.ਜੀ. ਡਿਪਲੋਮਾ ਇਨ ਫੋਕ ਡਾਂਸ ਆਫ਼ ਪੰਜਾਬ ਦੇ ਸਮੂਹ ਵਿਦਿਆਰਥੀ ਮੌਜੂਦ ਸਨ। ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਡਾ. ਨਿਵੇਦਿਤਾ ਉੱਪਲ, ਮੁਖੀ, ਡਾਂਸ ਵਿਭਾਗ ਤੇ ਡੀਨ ਆਰਟਸ ਤੇ ਕਲਚਰ ਫੈਕਲਟੀ ਵੱਲੋਂ ਕਿਹਾ ਗਿਆ ਕਿ ਇਹ ਡਾਂਸ ਵਿਭਾਗ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਡੀ.ਪੀ.ਆਈ. (ਕਾਲਜਾਂ), ਪੰਜਾਬ ਸਰਕਾਰ ਵੱਲੋਂ ਪੰਜਾਬੀ ਯੂਨੀਵਰਸਿਟੀ ਦੇ ਡਾਂਸ ਵਿਭਾਗ ਦੇ ਪ੍ਰੋਫੈਸਰ ਡਾ. ਡੇਜੀ ਵਾਲੀਆ ਅਤੇ ਸੀਨੀਅਰ ਅਸਿਸਟੈਂਟ ਪ੍ਰੋਫੈਸਰ ਡਾ. ਇੰਦਿਰਾ ਬਾਲੀ ਨੂੰ ਭਾਰਤ ਸਰਕਾਰ ਵੱਲੋਂ ਏਕ ਭਾਰਤ ਸ੍ਰੇਸ਼ਠ ਭਾਰਤ ਪ੍ਰਾਜੈਕਟ ਕਰਵਾਉਣ ਲਈ ਨਿਯੁਕਤ ਕੀਤਾ ਗਿਆ ਹੈ। ਇਸ ਪ੍ਰਾਜੈਕਟ ਅਧੀਨ ਪ੍ਰੋਫੈਸਰ ਡਾ. ਡੇਜੀ ਵਾਲੀਆ ਇਸ ਵਰਕਸ਼ਾਪ ਦੇ ਕੋਆਰਡੀਨੇਟਰ ਹੋਣਗੇ ਅਤੇ ਡਾ. ਇੰਦਿਰਾ ਬਾਲੀ ਕੋ-ਕੋਆਰਡੀਨੇਟਰ ਹੋਣਗੇ। ਇਸ ਦੇ ਨਾਲ ਹੀ ਵਿਭਾਗ ਦੇ ਤਕਨੀਕੀ ਸਟਾਫ਼ ਅਤੇ ਰਿਸਰਚ ਸਕਾਲਰ ਵਰਕਸ਼ਾਪ ਨੂੰ ਨੇਪਰੇ ਚੜ੍ਹਾਉਣ ਲਈ ਵਿਭਿੰਨ ਡਿਊਟੀਆਂ ਨਿਭਾਉਣਗੇ।
ਉਨ੍ਹਾਂ ਵਿਦਿਆਰਥੀਆਂ ਨੂੰ ਦੱਸਿਆ ਕਿ ਇਹ ਵਰਕਸ਼ਾਪ 12 ਅਪ੍ਰੈਲ ਨੂੰ ਸਮਾਪਤ ਹੋਵੇਗੀ, ਜਿਸ ਵਿਚ ਵਰਕਸ਼ਾਪ ਦੌਰਾਨ ਵਿਦਿਆਰਥੀਆਂ ਵੱਲੋਂ ਸਿੱਖੇ ਗਏ ਸਾਸ਼ਤਰੀ ਨ੍ਰਿਤ ਕੁਚੀਪੁੜੀ ਅਤੇ ਆਂਧਰਾ ਪ੍ਰਦੇਸ਼ ਦੇ ਲੋਕ ਨਾਚਾਂ ਦੀ ਪੇਸ਼ਕਾਰੀ ਹੋਵੇਗੀ।
ਉਨ੍ਹਾਂ ਨੇ ਵਿਦਿਆਰਥੀਆਂ ਨੂੰ ਉਤਸਾਹਿਤ ਕਰਦੇ ਹੋਏ ਕਿਹਾ ਕਿ ਵਿਦਿਆਰਥੀਆਂ ਨੂੰ ਆਏ ਹੋਏ ਨ੍ਰਿਤ ਵਿਸ਼ੇਸ਼ਗ ਸ਼੍ਰੀ ਸਾਬਾਸ਼ਿਵਾ ਰਾਓ ਡੇਗਲਾ ਤੋਂ ਵੱਧ ਤੋਂ ਵੱਧ ਸਿੱਖ ਕੇ ਤਿਆਰੀ ਕਰ ਲੈਣੀ ਚਾਹੀਦੀ ਹੈ ਤਾਂ ਜੋ 14 ਅਪ੍ਰੈਲ ਨੂੰ ਦਿੱਲੀ ਵਿਖੇ ਹੋਣ ਵਾਲੇ ਪ੍ਰੋਗਰਾਮ ਵਿਚ ਡਾਂਸ ਵਿਭਾਗ ਅਤੇ ਪੰਜਾਬ ਯੂਨੀਵਰਸਿਟੀ ਦਾ ਨਾਮ ਰਾਸ਼ਟਰੀ ਪੱਧਰ ‘ਤੇ ਰੋਸ਼ਨ ਹੋ ਸਕੇ।
ਉਨ੍ਹਾਂ ਨੇ ਨ੍ਰਿਤ ਵਿਸ਼ੇਸਗ ਸ਼੍ਰੀ ਸਾਬਾਸ਼ਿਵਾ ਰਾਓ ਡੇਗਲਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਡਾਂਸ ਵਿਭਾਗ ਦੇ ਵਿਦਿਆਰਥੀ ਬਹੁਤ ਹੀ ਮਿਹਨਤੀ ਅਤੇ ਹੋਣਹਾਰ ਹਨ ਜਿਸ ਵਿਚ ਵਿਭਾਗ ਦੇ ਲਗਭਗ 90 ਵਿਦਿਆਰਥੀ ਭਾਗ ਲੈਣਗੇ।

Leave a Reply

Your email address will not be published. Required fields are marked *