ਪੰਜਾਬ

ਫਿਲਮ ‘ਅਸਲੀ ਪੰਜਾਬ’ ਦੇ ਕਲਾਕਾਰਾਂ ਵੱਲੋਂ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਰੋਡ-ਸ਼ੋਅ

ਮੋਹਾਲੀ 10 ਅਪ੍ਰੈਲ (ਅਸ਼ੋਕ ਪਾਲ ਸਿੰਘ ਬੇਲਾ/ਮਧੂਸਾਰ ਬਿਊਰੋ)
ਕਿਸਾਨ ਆਪਣੇ ਪਰਿਵਾਰ ਤੇ ਆਪਣੀ ਜਿੰਦਗੀ ਦਾ ਮੋਹ ਭੁਲਾਅ ਕੇ ਰੋਜਾਨਾ ਹੀ ਖੁਦਕੁਸ਼ੀ ਕਰਦਾ ਜਾ ਰਿਹਾ ਹੈ, ਜਿਸ ਕਾਰਨ ਕਿਸਾਨ ਹਿੱਤਾਂ ਲਈ ਫਿਲਮ ‘ਅਸਲੀ ਪੰਜਾਬ’ ਤਿਆਰ ਕੀਤੀ ਗਈ ਹੈ ਤਾਂ ਕਿ ਫਿਲਮ ਤੋਂ ਪ੍ਰੇਰਨਾ ਲੈ ਕੇ ਪੰਜਾਬ ‘ਚ ਕਰਜੇ ਦਾ ਝੰਬਿਆ ਕੋਈ ਵੀ ਕਿਸਾਨ ਖੁਦਕੁਸ਼ੀ ਕਰਨ ਬਾਰੇ ਨਾ ਸੋਚੇ ਸਗੋਂ ਆਪਣੇ ਹਸਦੇ-ਵਸਦੇ ਪਰਿਵਾਰ ਨਾਲ ਹਮੇਸ਼ਾਂ ਖੁਸ਼ੀਆਂ-ਖੇੜੇ ਵੰਡਦਾ ਜ਼ਿੰਦਗੀ ਬਤੀਤ ਕਰੇ।

ਇਹ ਪ੍ਰਗਟਾਵਾ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਮੋਹਾਲੀ ਤੋਂ ਸ਼੍ਰੀ ਮੁਕਤਸਰ ਸਾਹਿਬ ਤੱਕ ਕੱਢੇ ਜਾ ਰਹੇ ਰੋਡ-ਸ਼ੋਅ ਸਮੇਂ ਫਿਲਮ ਦੇ ਦੂਰ-ਅੰਦੇਸ਼ ਲੇਖਕ-ਨਿਰਦੇਸ਼ਕ ਤੇ ਮੁੱਖ ਕਿਰਦਾਰ ਸ੍ਰ ਦਵਿੰਦਰ ਸਿੰਘ ਬਰਾੜ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਦੱਸਿਆ ਇਸ ਫਿਲਮ ਅੰਦਰ ਗਰੀਬ ਕਿਸਾਨ-ਪਰਿਵਾਰਾਂ ਨੂੰ ਇੱਕ ਸੁਨੇਹਾ ਦਿੱਤਾ ਗਿਆ ਹੈ ਕਿ ਨਵੀਂ ਪੀੜ੍ਹੀ ਪੁਰਖਿਆਂ ਦੀ ਵੱਤਰ ਕੀਤੀ ਉਪਜਾਊ ਤੇ ਬੇਸ਼ਕੀਮਤੀ ਜਮੀਨ ਨੂੰ ਮਹਿੰਗੀਆਂ ਕਾਰਾਂ ਤੇ ਸੁੱਖ-ਸਹੂਲਤਾਂ/ ਐਸ਼ੋ-ਅਰਾਮ ਦੀ ਖ੍ਰੀਦ-ਦਾਰੀ ਕਰਨ ਲਈ ਵੇਚਣ ਤੋਂ ਗੁਰੇਜ ਕਰਨ।
*ਇਸ ਮੌਕੇ ਡਿਪਟੀ ਡਾਇਰੈਕਟਰ ਐਚ ਐਸ ਗਰੇਵਾਲ ਨੇ ਫਿਲਮ ਦੇ ਨਿਰਮਾਤਾ ਤੇ ਨਿਰਦੇਸ਼ਕ ਨੂੰ ਗਰਮਜੋਸ਼ੀ ਨਾਲ ਵਧਾਈਆਂ ਦਿੰਦੇ ਹੋਏ ਕਿਹਾ ਕਿ ਕਿਸਾਨ ਹਿਰਦਿਆਂ ‘ਤੇ ਲੱਗੇ ਜਖਮਾਂ ਦੀ ਟੀਸ ਘਟਾਂਉਣ ਲਈ ਇਹੋ ਜਿਹੀਆਂ ਫਿਲਮਾਂ ਸਮੇਂ ਦੀ ਮੁੱਖ ਲੋੜ ਤੇ ਅਤਿ ਜਰੂਰੀ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਸਮੇਂ ਦੀ ਇਸ ਵੰਗਾਰ ਨੂੰ ਕਬੂਲਦੇ ਹੋਏ ਪੰਜਾਬ ਦਾ ਗਰੀਬ ਕਿਸਾਨ ਖੁਦਕੁਸ਼ੀਆਂ ਦਾ ਰਾਹ ਛੱਡ ਕੇ ਮੁੜ ਆਪਣੇ ਅਣਖਾਂ-ਮੱਤੇਂ ਰਾਹਾਂ ‘ਤੇ ਤੁਰਨ ਲਈ ਦ੍ਰਿੜ ਸੰਕਲਪ ਹੋਵੇਗਾ ਤੇ ਪੰਜਾਬ ਨੂੰ ਮੁੜ ਹਰਾ ਭਰਾ ਕਰਨ ਲਈ ਹਰ ਸੰਭਵ ਯੋਗਦਾਨ ਪਾਉਂਦਾ ਰਹੇਗਾ।
*ਇਸ ਮੌਕੇ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਰੋਡ ਸ਼ੋਅ ਨੂੰ ਹਰੀ ਝੰਡੀ ਦਿੰਦੇ ਹੋਏ ਕਿਹਾ ਕਿ ਕੋਈ ਨਹੀਂ ਭੁੱਲਿਆ ਕਿ ਪੰਜਾਬ ਦਾ ਹੀ ਕਿਸਾਨ ਹੈ ਜੋ ਪਰਿਵਾਰਕ ਤੰਗੀਆਂ -ਤੁਰਸ਼ੀਆਂ ਤੇ ਵੱਡੀਆਂ ਤੋਂ ਵੱਡੀਆਂ ਦੁਸ਼ਵਾਰੀਆਂ ਨੂੰ ਖਿੜ੍ਰੇ ਮੱਥੇ ਸਹਿੰਦਾ ਹੋਇਆ ਆਪਣੇ ਪਰਿਵਾਰ ਤਾਂ ਕੀ ਜਾਂ ਸਿਰਫ ਪੰਜਾਬ ਹੀ ਨਹੀ ਸਗੋਂ ਪੂਰੇ ਭਾਰਤ ਵਰਸ਼ ਦੇ ਮੂੰਹ ਗਰਾਹੀਆਂ ਪਾਉਣ ਤੇ ਲੋਕਾਂ ਦੀ ਭਵਿੱਖੀ ਨੁਹਾਰ ਨੂੰ ਸੰਵਾਰਨ ਲਈ ਆਪਣੇ ਐਸ਼ੋ -ਅਰਾਮ ਤੇ ਸੁੱਖਾਂ ਦਾ ਤਿਆਗ ਕਰ ਹਲ੍ਹ ਦੀ ਹੱਥੀਂ ਤੋਂ ਮਿਹਨਤ ਕਰਕੇ ਫਸਲਾਂ ਤੇ ਫਸਲਾਂ ਪੈਦਾ ਕਰਦਾ ਹੋਇਆ ਪੰਜਾਬ ਨੂੰ ਕਾਮਯਾਬੀਆਂ ਦੀਆਂ ਟੀਸੀਆਂ ‘ਤੇ ਪਹੁੰਚਾਉਣ ਲਈ ਵਿਸ਼ੇਸ਼ ਯੋਗਦਾਨ ਦਿੰਦਾ ਆ ਰਿਹਾ ਹੈ।
ਅਜੋਕੇ ਸਮੇਂ ‘ਚ ਅਤਿ ਅਵੱਸ਼ਕਤਾ ਹੈ ਅਜਿਹੇ ਰੋਡ ਸ਼ੋਅ ਤੇ ਕਿਸਾਨ ਹਿਤੂ ਫਿਲਮਾਂ ਦੀ ਸਿਰਜਣਾ ਤਾਂ ਕਿ ਕਿਸਾਨ ਪਰਿਵਾਰਾਂ ਲਈ ਰੋਸ਼ਨੀ ਦੀ ਕਿਰਨ ਬਣ ਸਕੇ। ਇਸ ਮੌਕੇ ਕੁਲਵਿੰਦਰ ਚੌਹਾਨ, ਮਲਕੀਤ ਰੌਣੀ , ਜ਼ਫਰ ਖਾਨ, ਰਣਜੀਤ ਬੱਲ, ਸਿਕੰਦਰ ਸਲੀਮ, ਤੋਂ ਇਲਾਵਾ ਮੀਡੀਆਂ ਅਡਵਾਈਜ਼ਰ ਅਸ਼ੋਕ ਪਾਲ ਸਿੰਘ ਬੇਲਾ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *