ਸਾਨੂੰ ਡਾ. ਭੀਮ ਰਾਓ ਅੰਬੇਡਕਰ ਦੇ ਦੱਸੇ ਮਾਰਗ ‘ਤੇ ਚੱਲਣਾ ਚਾਹੀਦਾ : ਕੁਮਾਰ ਅਮਿਤ
ਪਟਿਆਲਾ, 14 ਅਪ੍ਰੈਲ (ਕੰਵਰ ਬੇਦੀ/ਮਧੂਸਾਰ ਬਿਊਰੋ)
ਡਾ. ਭੀਮ ਰਾਓ ਅੰਬੇਡਕਰ (14 ਅਪ੍ਰੈਲ 1891- 6 ਦਸੰਬਰ 1956) ਜਿਹਨਾਂ ਨੂੰ ਬਾਬਾ ਸਾਹਿਬ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਨੂੰ ਮਿੰਨੀ ਸਕੱਤਰੇਤ ਵਿਖੇ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਉਹਨਾਂ ਦੇ 126ਵੇਂ ਜਨਮ ਦਿਹਾੜੇ ‘ਤੇ ਕਰਵਾਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਸਮਾਗਮ ਦੌਰਾਨ ਸੰਬੋਧਨ ਕਰਦਿਆਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਨੇ ਕਿਹਾ ਕਿ ਭਾਰਤ ਰਤਨ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਵੱਲੋਂ ਸਿਰਜੇ ਸੰਵਿਧਾਨ ਕਾਰਨ ਹੀ ਅੱਜ ਅਸੀਂ ਨਾਗਰਿਕ ਅਧਿਕਾਰਾਂ ਦਾ ਨਿੱਘ ਮਾਣ ਰਹੇ ਹਾਂ। ਸਾਨੂੰ ਉਹਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਉਹਨਾਂ ਦੇ ਦਰਸਾਏ ਮਾਰਗ ‘ਤੇ ਚੱਲਣਾ ਚਾਹੀਦਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਭਾਰਤ ਦਾ ਸੰਵਿਧਾਨ ਦੁਨੀਆਂ ਦੇ ਸ਼੍ਰੇਸ਼ਟ ਤੇ ਮਜਬੂਤ ਸੰਵਿਧਾਨਾਂ ਵਿੱਚ ਗਿਣਿਆ ਜਾਂਦਾ ਹੈ ਇਸ ਲਈ ਸਾਨੂੰ ਆਪਣੇ ਦੇਸ਼ ਦੀ ਤਰੱਕੀ ਲਈ ਆਪਣੇ ਬੱਚਿਆਂ ਨੂੰ ਵੀ ਉਹਨਾਂ ਦੇ ਜੀਵਨ ਬਾਰੇ ਪ੍ਰੇਰਨਾ ਦੇਣੀ ਚਾਹੀਦੀ ਹੈ।
ਸਮਾਗਮ ਦੌਰਾਨ ਪ੍ਰੋਗਰੈਸਿਵ ਫੋਰਮ ਪੰਜਾਬ ਦੇ ਸੇਵਾ ਮੁਕਤ ਇੰਜੀਨੀਅਰ ਸ਼੍ਰੀ ਆਰ.ਐਸ. ਸਿਆਣ ਨੇ ਡਾ. ਭੀਮ ਰਾਓ ਅੰਬੇਡਕਰ ਦੀ ਜੀਵਨੀ ‘ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਡਾ. ਅੰਬੇਡਕਰ ਨੂੰ ਦਲਿਤ ਸਮਾਜ ਲਈ ਉਹਨਾਂ ਵੱਲੋਂ ਕੀਤੇ ਗਏ ਪ੍ਰੇਰਨਾਦਾਇਕ ਕੰਮਾਂ ਲਈ ਜਾਣਿਆ ਜਾਂਦਾ ਹੈ। ਉਹ ਇੱਕ ਭਾਰਤੀ ਮਹਾਨ ਕਾਨੂੰਨਦਾਨ, ਸਿਆਸਤਦਾਨ ਅਤੇ ਸਮਾਜ ਸੁਧਾਰਕ ਸਨ। ਉਹ ਆਜ਼ਾਦ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਸਨ ਅਤੇ ਭਾਰਤ ਦੇ ਸੰਵਿਧਾਨ ਦੇ ਮੁੱਖ ਸਿਰਜਣਕਾਰਾਂ ਵਿਚੋਂ ਪ੍ਰਮੁੱਖ ਸਨ ਅਤੇ ਉਹ ਔਰਤਾਂ ਦੇ ਹੱਕਾਂ ਦੇ ਰਾਖੇ ਸਨ। ਉਹਨਾਂ ਦੇ ਦਿਹਾਂਤ ਤੋਂ ਬਾਅਦ ਸਾਲ 1990 ਵਿੱਚ ਉਹਨਾਂ ਨੂੰ ਭਾਰਤ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ, ਜੋ ਕਿ ਭਾਰਤ ਦਾ ਸਭ ਤੋਂ ਉਤੱਮ ਪੁਰਸਕਾਰ ਹੈ।
ਸਮਾਗਮ ਦੌਰਾਨ ਏ.ਡੀ.ਸੀ. ਵਿਕਾਸ ਸ਼੍ਰੀ ਸੰਦੀਪ ਰਿਸ਼ੀ ਨੇ ਪੁੱਜੀਆਂ ਸਖਸ਼ੀਅਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਨੂੰ ਗਿਆਨ ਦੀ ਮੂਰਤ, ਦਲਿਤਾਂ ਅਤੇ ਔਰਤਾਂ ਦੇ ਮਸੀਹਾ, ਉੱਚ ਕੋਟੀ ਦੇ ਸਿਆਸਤਦਾਨ, ਉਘੇ ਅਰਥ ਸ਼ਾਸ਼ਤਰੀ, ਬੁੱਧੀਜੀਵੀ ਅਤੇ ਕਾਨੂੰਨ ਘਾੜੇ ਦਾ ਖ਼ਿਤਾਬ ਹਾਸਲ ਹੈ।
ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਦਾ ਜਨਮ 14 ਅਪ੍ਰੈਲ ਨੂੰ ਮਹੂ (ਮੱਧ ਪ੍ਰਦੇਸ) ਵਿਖੇ ਹੋਇਆ ਉਹਨਾਂ ਨੇ ਬੀ.ਏ., ਐਮ.ਏ., ਐਮ.ਐਸ.ਸੀ., ਡੀ.ਐਸ.ਸੀ., ਪੀ.ਐਚ.ਡੀ, ਐਲ.ਐਲ.ਡੀ., ਡੀ.ਡੀ.ਲਿੱਟ ਦੀ ਵਿਦਿਆ ਗ੍ਰਹਿਣ ਕੀਤੀ। ਉਹ ਆਜ਼ਾਦ ਭਾਰਤ ਦੇਸ਼ ਦੇ ਪਹਿਲੇ ਕਾਨੂੰਨ ਮੰਤਰੀ ਬਣੇ। ਆਪ ਸੰਵਿਧਾਨ ਤਿਆਰ ਕਰਨ ਵਾਲੀ ਖਰੜਾ ਕਮੇਟੀ ਦੇ ਚੇਅਰਮੈਨ ਸਨ। ਸੰਨ 1956 ਵਿੱਚ ਨਾਗਪੁਰ ਵਿਖੇ ਬੁੱਧ ਧਰਮ ਦੀ ਦੀਖਸ਼ਾ ਲਈ ਅਤੇ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਖੇਤਰ ਵਿੱਚ ਲੋਕਤੰਤਰੀ ਕਦਰਾਂ-ਕੀਮਤਾਂ ਦੇ ਸੰਕਲਪ ਦਾ ਵਿਸ਼ਵ ਪੱਧਰ ‘ਤੇ ਪ੍ਰਚਾਰ ਕੀਤਾ। 14 ਅਪ੍ਰੈਲ 1990 ਨੂੰ ਬਾਬਾ ਸਾਹਿਬ ਨੂੰ ਭਾਰਤ ਦੇ ਸਰਵ ਉੱਚ ਸਨਮਾਨ ਭਾਰਤ ਰਤਨ ਨਾਲ ਨਿਵਾਜਿਆ ਗਿਆ। ਬਾਬਾ ਸਾਹਿਬ 6 ਦਸੰਬਰ 1956 ਨੂੰ ਦਿੱਲੀ ਵਿੱਚ ਇਸ ਸੰਸਾਰ ਨੂੰ ਅਲਵਿਦਾ ਆਖ ਗਏ, ਪੂਰੇ ਦੇਸ਼ ਵਿੱਚ 6 ਦਸੰਬਰ ਮਹਾਂ ਪੀਨਿਰਵਾÎਣ ਦਿਵਸ ਦੇ ਤੌਰ ‘ਤੇ ਮਨਾਇਆ ਜਾਂਦਾ ਹੈ।
ਸਮਾਗਮ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਅਤੇ ਹੋਰ ਸਖਸ਼ੀਅਤਾਂ ਨੇ ਮਿੰਨੀ ਸਕੱਤਰੇਤ ਵਿਖੇ ਪੰਜਾਬ ਸਰਕਾਰ ਵੱਲੋਂ ਕਰੀਬ ਸਾਢੇ 8 ਲੱਖ ਰੁਪਏ ਦੀ ਲਾਗਤ ਨਾਲ ਡਾ. ਭੀਮ ਰਾਓ ਅੰਬੇਡਕਰ ਦੇ ਲਗਾਏ ਪਿੱਤਲ ਦੇ ਬਣੇ ਕਰੀਬ 8 ਫੁਟ ਉੱਚੇ ਬੁੱਤ ‘ਤੇ ਸ਼ਰਧਾ ਸਹਿਤ ਫੁੱਲ ਅਰਪਿਤ ਕੀਤੇ। ਇਸ ਜ਼ਿਲ੍ਹਾ ਪੱਧਰੀ ਸਮਾਗਮ ਮੌਕੇ ਡਾ: ਜਗਤਾਰ ਸਿੰਘ ਪ੍ਰਿੰਸੀਪਲ ਕਮਿਸ਼ਨਰ ਇਨਕਮ ਟੈਕਸ, ਡਾ: ਬੀ.ਐਸ. ਰਤਨ ਸਾਬਕਾ ਕਮਿਸ਼ਨਰ ਇਨਕਮ ਟੈਕਸ, ਡਾ: ਜੇ.ਪੀ.ਐਸ. ਭੁਪਾਲ, ਡਾ: ਆਰ.ਐਸ. ਸਿਆਲ, ਐਸ.ਡੀ.ਐਮ. ਪਟਿਆਲਾ ਸ਼੍ਰੀਮਤੀ ਪੂਜਾ ਸਿਆਲ ਗਰੇਵਾਲ, ਜ਼ਿਲ੍ਹਾ ਭਲਾਈ ਅਫ਼ਸਰ ਸ਼੍ਰੀ ਗੁਰਿੰਦਰਜੀਤ ਸਿੰਘ ਧਾਲੀਵਾਲ, ਤਹਿਸੀਲਦਾਰ ਪਟਿਆਲਾ ਸ਼੍ਰੀ ਗੁਰਦੇਵ ਸਿੰਘ, ਨਾਇਬ ਤਹਿਸੀਲਦਾਰ ਸ਼੍ਰੀ ਮਨਮੋਹਨ ਕੌਸ਼ਿਕ, ਸ਼੍ਰੀ ਕੁਲਵੰਤ ਸਿੰਘ ਨਾਰੀਕੇ ਅਤੇ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਕਰਮਚਾਰੀ ਅਤੇ ਪਤਵੰਤੇ ਵੀ ਹਾਜ਼ਰ ਸਨ।

