ਪੰਜਾਬ

ਪੰਜਾਬੀ ਸੱਭਿਆਚਾਰ ਨੂੰ ਸਾਂਭਣ ਅਤੇ ਸੈਰ-ਸਪਾਟਾ ਨੂੰ ਪ੍ਰਫੁੱਲਿਤ ਕਰਨ ਲਈ ਲੋਕ ਲਹਿਰ ਖੜੀ ਕਰਾਂਗੇ: ਨਵਜੋਤ ਸਿੰਘ ਸਿੱਧੂ

ਨਵੀਂ ਪੀੜ੍ਹੀ ਨੂੰ ਅਮੀਰ ਵਿਰਸੇ ਨਾਲ ਜੋੜਨ ਲਈ ਸਖਤੀ ਨਾਲ ਸੱਭਿਆਚਾਰਕ ਨੀਤੀ ਲਾਗੂ ਕਰਨ ਦਾ ਕੀਤਾ ਤਹੱਈਆ
ਚੰਡੀਗੜ੍ਹ, 16 ਅਪਰੈਲ (ਮਧੂਸਾਰ ਬਿਊਰੋ)
ਨਵੀਂ ਪੀੜ੍ਹੀ ਨੂੰ ਪੰਜਾਬ ਦੇ ਅਮੀਰ ਵਿਰਸੇ ਨਾਲ ਜੋੜਨ, ਪੰਜਾਬੀ ਸੱਭਿਆਚਾਰ ਨੂੰ ਸਾਂਭਣ ਅਤੇ ਸੈਰ-ਸਪਾਟਾ ਨੂੰ ਪ੍ਰਫੁੱਲਿਤ ਕਰਨ ਦੀ ਦਿਸ਼ਾ ਵਿੱਚ ਸੱਭਿਆਚਾਰ ਤੇ ਸੈਰ ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਭਵਨ ਵਿਖੇ ਕਲਾ, ਸਾਹਿਤ ਤੇ ਸੱਭਿਆਚਾਰ ਨਾਲ ਜੁੜੀਆਂ ਅਹਿਮ ਸ਼ਖਸੀਅਤਾਂ ਨਾਲ ਮੀਟਿੰਗ ਕੀਤੀ।

ਮੈਰਾਥਨ ਚੱਲੀ ਇਸ ਮੀਟਿੰਗ ਵਿੱਚ ਸਾਰਿਆਂ ਦੇ ਵਿਚਾਰ ਸੁਣਨ ਉਪਰੰਤ ਸ੍ਰੀ ਸਿੱਧੂ ਨੇ ਇਹ ਵਿਸ਼ਵਾਸ ਦਿਵਾਇਆ ਕਿ ਇਨ੍ਹਾਂ ਸੁਝਾਵਾਂ ਨੂੰ ਸ਼ਾਮਲ ਕਰ ਕੇ ਇਕ ਠੋਸ ਤੇ ਕਾਰਗਰ ਸੱਭਿਆਚਾਰਕ ਨੀਤੀ ਬਣਾ ਕੇ ਇਸ ਨੂੰ ਲਾਗੂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਸੱਭਿਆਚਾਰਕ ਲਹਿਰ ਖੜ੍ਹੀ ਕਰਨ ਦਾ ਸੱਦਾ ਵੀ ਦਿੱਤਾ।
ਮੀਟਿੰਗ ਵਿੱਚ ਡਾ.ਸੁਰਜੀਤ ਪਾਤਰ, ਪੰਮੀ ਬਾਈ, ਸੁਨੀਤਾ ਧੀਰ, ਜਸਬੀਰ ਜੱਸੀ, ਸ੍ਰੀ ਗੁਰਪ੍ਰੀਤ ਘੁੱਗੀ, ਡਾ. ਸਤਿੰਦਰ ਸਰਤਾਜ, ਡਾ.ਅਮਰ ਸਿੰਘ, ਫਿਲਮਕਾਰ ਸ੍ਰੀ ਮਨਮੋਹਨ ਸਿੰਘ, ਸ੍ਰੀ ਸਤਨਾਮ ਮਾਣਕ, ਡਾ. ਰਵੇਲ ਸਿੰਘ, ਡਾ. ਦੀਪਕ ਮਨਮੋਹਨ ਸਿੰਘ, ਸ੍ਰੀਮਤੀ ਨੀਨਾ ਟਿਵਾਣਾ, ਸ੍ਰੀ ਗੁਰਚਰਨ ਸਿੰਘ ਚੰਨੀ, ਡਾ.ਸ਼ਿੰਦਰ ਪਾਲ, ਡਾ.ਇੰਦਰਜੀਤ ਸਿੰਘ, ਸ੍ਰੀ ਜੰਗ ਬਹਾਦਰ ਗੋਇਲ, ਸ੍ਰੀਮਤੀ ਪ੍ਰਭਸ਼ਰਨ ਕੌਰ ਸਿੱਧੂ, ਸ੍ਰੀ ਕੇਵਲ ਧਾਲੀਵਾਲ ਸ੍ਰੀ ਦੀਵਾਨ ਮੰਨਾ, ਸ੍ਰੀ ਗੁਰਪ੍ਰੀਤ ਆਰਟਿਸਟ, ਪ੍ਰੋ. ਰਾਜਪਾਲ ਸਿੰਘ, ਡਾ.ਗੁਰਨਾਮ ਸਿੰਘ, ਡਾ.ਕਰਮਜੀਤ ਸਿੰਘ ਸਰਾਓ, ਸਾਧਵੀ ਖੋਸਲਾ, ਡਾ.ਸੁਰਜੀਤ, ਸ੍ਰੀ ਰਵਿੰਦਰ ਕੌਰ, ਪ੍ਰੋ. ਰਾਜਿੰਦਰ ਪਾਲ ਸਿੰਘ ਬਰਾੜ, ਸ੍ਰੀ ਬਲਦੇਵ ਸਿੰਘ ਧਾਲੀਵਾਲ, ਸੱਭਿਆਚਾਰ ਵਿਭਾਗ ਦੇ ਸਕਤੱਰ ਸ੍ਰੀ ਹੁਸਨ ਲਾਲ ਤੇ ਡਾਇਰੈਕਟਰ ਡਾ.ਨਵਜੋਤ ਪਾਲ ਸਿੰਘ ਰੰਧਾਵਾ ਹਾਜ਼ਰ ਹੋਏ।
ਸੱਭਿਆਚਾਰ ਤੇ ਸੈਰ ਸਪਾਟਾ ਮੰਤਰੀ ਸ੍ਰੀ ਸਿੱਧੂ ਨੇ ਮੀਟਿੰਗ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਇਹ ਅੱਜ ਵਿਭਾਗ ਲਈ ਮਾਣ ਵਾਲੀ ਗੱਲ ਹੈ ਕਿ ਕਲਾ, ਸਾਹਿਤ, ਸੱਭਿਆਚਾਰ, ਟੈਲੀਵੀਜ਼ਨ, ਫਿਲਮ, ਥਿਏਟਰ ਆਦਿ ਹਰ ਖੇਤਰ ਦੀਆਂ ਮਾਹਿਰ ਹਸਤੀਆਂ ਤੋਂ ਇਲਾਵਾ ਇਨ੍ਹਾਂ ਨਾਲ ਸਬੰਧਤ ਅਧਿਆਪਨ ਖੇਤਰ ਦੀਆਂ ਸ਼ਖਸੀਅਤਾਂ ਵੀ ਇਕ-ਮੰਚ ‘ਤੇ ਇਕੱਠੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਨ੍ਹਾਂ ਨੂੰ ਇਸ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਅਤੇ ਉਨ੍ਹਾਂ ਇਹ ਦ੍ਰਿੜ ਪਣ ਕੀਤਾ ਹੈ ਕਿ ਇਸ ਵਿਭਾਗ ਰਾਹੀਂ ਪੰਜਾਬੀ ਸਾਹਿਤ, ਸੱਭਿਆਚਾਰ, ਲੋਕ ਕਲਾਵਾਂ, ਮਾਂ-ਬੋਲੀ ਦੀ ਸੇਵਾ ਕਰਨ ਲਈ ਸਭ ਨੂੰ ਨਾਲ ਲੈ ਕੇ ਕੰਮ ਕੀਤਾ ਜਾਵੇ ਅਤੇ ਇਕ ਸੱਭਿਆਚਾਰਕ ਲਹਿਰ ਖੜ੍ਹੀ ਕੀਤੀ ਜਾਵੇ। ਮਾਹਿਰਾਂ ਵੱਲੋਂ ਮਿਲੇ ਸੁਝਾਵਾਂ ਉਪਰੰਤ ਸ੍ਰੀ ਸਿੱਧੂ ਨੇ ਸਭ ਮਾਹਿਰਾਂ ਨਾਲ ਇਕਮਤ ਹੁੰਦਿਆਂ ਕਿਹਾ ਕਿ ਅਸ਼ਲੀਲਤਾ ਨੂੰ ਨੱਥ ਪਾਉਣ ਲਈ ਸੱਭਿਆਚਾਰਕ ਨੀਤੀ ਰਾਹੀਂ ਠੋਸ ਕਦਮ ਚੁੱਕੇ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਪਾਇਰੇਸੀ ਨੂੰ ਰੋਕਣ ਲਈ ਗੁੰਡਾ ਐਕਟ ਬਣਾਉਣਾ ਵੀ ਮੁੱਖ ਏਜੰਡਾ ਹੋਵੇਗਾ।
ਸ੍ਰੀ ਸਿੱਧੂ ਨੇ ਸਾਰੇ ਮਾਹਿਰਾਂ ਵੱਲੋਂ ਸੁਝਾਅ ਸੁਣਨ ਉਪਰੰਤ ਕਿਹਾ ਕਿ ਜੇਕਰ ਕੋਈ ਹੋਰ ਵੀ ਸੁਝਾਅ ਜਾਂ ਨੁਕਤਾ ਰਹਿ ਗਿਆ ਹੋਵੇ ਤਾਂ ਉਸ ਨੂੰ ਲਿਖਤੀ ਰੂਪ ਵਿੱਚ ਵਿਭਾਗ ਨੂੰ ਈ-ਮੇਲ ਰਾਹੀਂ ਭੇਜ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਸੁਝਾਵਾਂ ਨੂੰ ਇਕੱਠਾ ਕਰ ਕੇ 15 ਦਿਨਾਂ ਦੇ ਅੰਦਰ ਦੁਬਾਰਾ ਮੀਟਿੰਗ ਰੱਖੀ ਜਾਵੇਗੀ ਜਿਸ ਵਿੱਚ ਸਾਰੇ ਸੁਝਾਵਾਂ ‘ਤੇ ਖੁੱਲ੍ਹ ਕੇ ਵਿਚਾਰਾਂ ਕੀਤੀਆਂ ਜਾਣਗੀਆਂ। ਇਸ ਤੋਂ ਬਾਅਦ ਠੋਸ ਤੇ ਕਾਰਗਾਰ ਬਣਾਈ ਜਾਣ ਵਾਲੀ ਸੱਭਿਆਚਾਰਕ ਨੀਤੀ ਨੂੰ ਅੰਤਿਮ ਛੋਹ ਦੇਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਮੀਟਿੰਗ ਵਿੱਚ ਕੀਤੀ ਜਾਵੇਗੀ।
ਸ੍ਰੀ ਸਿੱਧੂ ਨੇ ਕਿਹਾ ਕਿ ਪੰਜਾਬ ਹਿੰਦੀ ਫਿਲਮਾਂ ਦੀਆਂ ਸ਼ੂਟਿੰਗਾਂ ਲਈ ਇਕ ਵਧੀਆ ਸਥਾਨ ਹੈ ਅਤੇ ਇਸ ਨੂੰ ਧਿਆਨ ਵਿੱਚ ਰੱਖਦਿਆਂ ਫਿਲਮੀ ਸੈਰ-ਸਪਾਟਾ ਨੂੰ ਹੁਲਾਰਾ ਦੇਣ ਲਈ ਸੂਬੇ ਵਿੱਚ ਫਿਲਮ ਸਿਟੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਸੱਭਿਆਚਾਰ ਤੇ ਸੈਰ-ਸਪਾਟਾ ਇਕ ਦੂਜੇ ਦੇ ਪੂਰਕ ਹਨ ਅਤੇ ਆਪਣੇ ਅਮੀਰ ਸੱਭਿਆਚਾਰ ਅਤੇ ਵਿਰਾਸਤ ਰਾਹੀਂ ਸੈਰ ਸਪਾਟਾ ਨੂੰ ਹੁਲਾਰਾ ਦਿੱਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਰੋਜ਼ਾਨਾ ਇਕ ਲੱਖ ਤੋਂ ਵੱਧ ਸ਼ਰਧਾਲੂ ਆਉਂਦੇ ਹਨ। ਧਾਰਮਿਕ ਸੈਰ ਸਪਾਟਾ ਖੇਤਰ ਨੂੰ ਹੁਲਾਰਾ ਦੇਣ ਲਈ ਇਕ ਸਰਕਟ ਬਣਾਇਆ ਜਾਵੇਗਾ ਜਿਸ ਵਿੱਚ ਧਾਰਮਿਕ ਸਥਾਨਾਂ ਨੂੰ ਜੋੜ ਕੇ ਸ਼ਰਧਾਲੂਆਂ ਲਈ ਵਧੀਆ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਈ ਇਤਿਹਾਸਕ ਕਿਲ੍ਹੇ, ਯਾਦਗਾਰਾਂ ਅਤੇ ਘਰਾਣੇ ਹਨ ਜਿਨ੍ਹਾਂ ਦੇ ਸਰਕਟ ਬਣਾ ਕੇ ਸੈਲਾਨੀਆਂ ਨੂੰ ਖਿੱਚਿਆ ਜਾਵੇਗਾ।

Leave a Reply

Your email address will not be published. Required fields are marked *