ਪੰਜਾਬ

ਸਿਰਸਾ ਸਾਧ ਤੇ ਗਿਆਨੀ ਗੁਰਬਚਨ ਸਿੰਘ ਵਿੱਚ ਕੋਈ ਫਰਕ ਨਹੀ ਦੋਵੇ ਹੀ ਪੰਥ ਦੋਖੀ : ਭਾਈ ਮੋਹਕਮ ਸਿੰਘ

ਅੰਮ੍ਰਿਤਸਰ 18 ਅਪ੍ਰੈਲ (ਸੋਨੂੰ ਨਰੂਲਾ/ਸੁਖਬੀਰ ਸਿੰਘ/ਮਧੂਸਾਰ ਬਿਊਰੋ)
ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਨੇ ਸਿਰਸਾ ਸਾਧ ਤੇ ਗਿਆਨੀ ਗੁਰਬਚਨ ਸਿੰਘ ਦੀ ਯਾਰੀ ਨੂੰ ਜੱਗ ਜ਼ਾਹਿਰ ਕਰਦਿਆ ਇਸ ਨੂੰ ”ਨਾਹਰੇ ਨੂੰ ਢਾਲਾ ਵੱਲ ਭੰਨ ਕੇ ਵੀ ਮਿਲ ਲੈਦਾ ਹੈ” ਦਾ ਲਕਬ ਦਿੰਦਿਆ ਕਿਹਾ ਕਿ ਦੋਹਾਂ ਦੀ ਦੋਸਤੀ ਸਿੱਖਾਂ ਨੂੰ ਮੂਰਖ ਬਣਾਉਣ ਦਾ ਯਤਨ ਕਰ ਰਹੀ ਹੈ ਅਤੇ ਗਿਆਨੀ ਗੁਰਮੁੱਖ ਸਿੰਘ ਨੇ ਇਹ ਦੋਸਤੀ ਜੱਗ ਜਾਹਿਰ ਕਰਕੇ ਸਾਬਤ ਕਰ ਦਿੱਤਾ ਹੈ ਕਿ ਦਾਲ ਵਿੱਚ ਕਾਲਾ ਨਹੀ ਸਗੋ ਦਾਲ ਹੀ ਕਾਲੀ ਹੈ।

ਜਾਰੀ ਇੱਕ ਬਿਆਨ ਰਾਹੀ ਭਾਈ ਮੋਹਕਮ ਸਿੰਘ ਨੇ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਜਿਸ ਨੂੰ 10 ਨਵੰਬਰ 2016 ਨੂੰ ਸਰਬੱਤ ਖਾਲਸੇ ਸਮੇ ਲੱਖਾਂ ਦੀ ਤਾਦਾਦ ਵਿੱਚ ਇੱਕਤਰ ਹੋਈ ਸੰਗਤ ਨੇ ਨਾਅਰਿਆ ਤੇ ਜੈਕਾਰਿਆ ਦੀ ਗੂੰਜ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਤੋ ਸੇਵਾ ਮੁਕਤ ਕਰਕੇ ਨਵਾਂ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਥਾਪ ਦਿੱਤਾ ਸੀ ਪਰ ਗਿਆਨੀ ਗੁਰਬਚਨ ਸਿੰਘ ਨੇ ਅਕਾਲ ਤਖਤ ਦੇ ਸਕੱਤਰੇਤ ਦੀ ਦੁਰਵਰਤੋਂ ਕਰਕੇ ਪਹਿਲਾਂ ਸਿਰਸਾ ਸਾਧ ਨੂੰ ਮੁਆਫੀ ਦੇਣ ਦਾ ਡਰਾਮਾ ਕੀਤਾ ਤੇ ਹੁਣ ਆਪਣੇ ਅਕਾਲੀ ਅਕਾਵਾਂ ਨੂੰ ਸਿਰਸੇ ਵਾਲੇ ਸਾਧ ਦੇ ਡੇਰੇ ਵਿੱਚ ਜਾ ਕੇ ਵੋਟਾਂ ਮੰਗਣ ਵਾਲਿਆ ਨੂੰ ਤਨਖਾਹ ਲਗਾਉਣ ਦਾ ਨਾਟਕ ਕਰ ਰਿਹਾ ਹੈ। ਉਹਨਾਂ ਕਿਹਾ ਕਿ ਸਿਰਸਾ ਸਾਧ ਤੇ ਗਿਆਨੀ ਗੁਰਬਚਨ ਸਿੰਘ ਵਿੱਚ ਕੋਈ ਫਰਕ ਨਹੀ ਹੈ ਤੇ ਦੋਵੇ ਹੀ ਪੰਥ ਦੋਖੀ, ਸਮਾਜ ਦੇ ਦੁਸ਼ਮਣ ਤੇ ਸਿਧਾਂਤਾ ਦਾ ਘਾਣ ਕਰਨ ਵਾਲੇ ਹਨ। ਉਹਨਾਂ ਸਿੱਖ ਕੌਮ ਨੂੰ ਅਪੀਲ ਕਰਦਿਆ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਤਾਂ ਤਖਤ ਸਾਹਿਬ ਦੇ ਸਕੱਤਰੇਤ ਦੀ ਦੁਰਵਰਤੋ ਕਰ ਹੀ ਰਿਹਾ ਹੈ ਪਰ ਘੱਟੋ ਘੱਟ ਪੇਸ਼ ਹੋਣ ਵਾਲੇ ਵਿਅਕਤੀਆ ਨੂੰ ਜਰੂਰ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਗਿਆਨੀ ਗੁਰਬਚਨ ਸਿੰਘ ਸਮੇਤ ਸਾਰੇ ਤਖਤਾਂ ਦੇ ਜਥੇਦਾਰਾਂ ਨੂੰ ਸਰਬੱਤ ਖਾਲਸਾ ਦੌਰਾਨ ਸੇਵਾ ਮੁਕਤ ਕਰਕੇ ਉਹਨਾਂ ਦੀ ਥਾਂ ਨਵੇ ਜਥੇਦਾਰ ਥਾਪ ਦਿੱਤੇ ਗਏ ਹਨ।
ਉਹਨਾਂ ਕਿਹਾ ਕਿ ਜਿਹੜੀ ਗੱਲ ਗਿਆਨੀ ਗੁਰਮੁੱਖ ਸਿੰਘ ਹੁਣ ਕਰ ਰਹੇ ਹਨ,ਇਸ ਤੋ ਪਹਿਲਾਂ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ ਤੇ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਵੀ ਕਰਦੇ ਰਹੇ ਹਨ। ਉਹਨਾਂ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਵੱਲੋ ਸਿੱਖ ਸਿਧਾਂਤਾ ਦੀ ਦੁਰਵਰਤੋ ਕਰਕੇ ਕੌਮ ਦੀਆ ਪਰੰਪਰਾਵਾਂ ਤੇ ਅਕਾਲ ਤਖਤ ਸਾਹਿਬ ਵਰਗੀਆ ਪਵਿੱਤਰ ਸੰਸਥਾਵਾਂ ਦਾ ਸਤਿਆਨਾਸ ਕੀਤਾ ਜਾ ਰਿਹਾ ਹੈ ਅਤੇ ਇਹਨਾਂ ਸੰਸਥਾਵਾਂ ਨੂੰ ਪੰਥ ਵੱਲੋ ਨਕਾਰੇ ਹੋਏ ਵਿਅਕਤੀਆ ਕੋਲੋ ਬਚਾਉਣਾ ਬਹੁਤ ਜਰੂਰੀ ਹੈ।
ਉਹਨਾਂ ਕਿਹਾ ਕਿ ਰਵਾਇਤੀ ਅਕਾਲੀਆ ਨੇ ਸਿਰਫ ਪੈਸੇ ਤੇ ਮੀਡੀਆ ਦੇ ਜ਼ੋਰ ਨਾਲ ਹੀ ਸੱਤਾ ਹਥਿਆਈ ਸੀ ਅਤੇ ਬਾਦਲਕੇ ਕੇ ਨਾ ਤਾਂ ਸਿੱਖ ਕੌਮ ਦੇ ਲੀਡਰ ਹਨ ਅਤੇ ਨਾ ਹੀ ਕੌਮ ਵਿੱਚ ਇਹਨਾਂ ਦਾ ਕੋਈ ਸਤਿਕਾਰਤ ਸਥਾਨ ਹੈ। ਉਹਨਾਂ ਕਿਹਾ ਕਿ ਸੱਤਾ ਦੀ ਪ੍ਰਾਪਤੀ ਲਈ ਇਹ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ ਅਤੇ ਦਸ ਸਾਲ ਸੱਤਾ ਪੰਥ ਦੋਖੀਆ (ਆਰ.ਐਸ.ਐਸ) ਦੀ ਸਰਪ੍ਰਸਤੀ ਹੇਠ ਸੰਭਾਲੀ ਰੱਖ ਕੇ ਪੰਥ ਦਾ ਬਹੁਤ ਵੱਡਾ ਨੁਕਸਾਨ ਕੀਤਾ ਜਿਹਨਾਂ ਵਿੱਚ ਪੰਜਾਬ ਵਿੱਚ ਸੌ ਤੋ ਵਧੇਰੇ ਸਥਾਨਾਂ ਤੇ ਗੁਰੂ ਸਾਹਿਬ ਦੀ ਬੇਅਦਬੀ ਦਾ ਮਾਮਲਾ ਪ੍ਰਮੁੱਖ ਤੌਰ ‘ਤੇ ਹੈ। ਉਹਨਾਂ ਕਿਹਾ ਕਿ ਅਕਾਲੀਆ ਤੇ ਕਾਂਗਰਸੀਆ ਦੀਆ ਆਪਸ ਵਿੱਚ ਰਿਸ਼ਤੇਦਾਰੀਆ ਹਨ ਅਤੇ ਇਹ ਇੱਕ ਸਿੱਕੇ ਦੇ ਦੋ ਪਹਿਲੂ ਹਨ ਅਤੇ ਪੰਜਾਬ ਤੇ ਲੋਕਾਂ ਨੂੰ ਬਰਬਾਦ ਕਰਨ ਲਈ ਇਹਨਾਂ ਦੀਆ ਨੀਤੀਆ ਇੱਕੋ ਜਿਹੀਆ ਹੀ ਹਨ। ਉਹਨਾਂ ਕਿਹਾ ਕਿ ਚਿੱਟੇ ਬੰਗਲੇ ਨੀਲੇ ਮੋਰ ਉਹ ਵੀ ਚੋਰ ਤੋ ਲੱਭੋ ਕੋਈ ਤੀਜਾ ਹੋਰ ਅਨੁਸਾਰ ਪੰਜਾਬ ਦੇ ਲੋਕਾਂ ਨੂੰ ਪੰਜਾਬ ਨੂੰ ਬਚਾਉਣ ਲਈ ਹੁਣ ਸੋਚਣਾ ਪਵੇਗਾ ਕਿ ਇਹਨਾਂ ਦੋਹਾਂ ਪੰਜਾਬ ਦੋਖੀਆ ਤੋ ਨਿਜ਼ਾਤ ਕਿਵੇ ਪਾਉਣੀ ਹੈ। ਉਹਨਾਂ ਕਿਹਾ ਕਿ 1947 ਦੀ ਵੰਡ ਤੋ ਬਾਅਦ ਪੰਜਾਬ ਦਾ ਜੋ ਨੁਕਸਾਨ ਉਤਰ ਕਾਂਟੋ ਮੈਂ ਚੜਾ ਦੀ ਕਹਾਵਤ ਅਨੁਸਾਰ ਇਹਨਾਂ ਦੋਵਾਂ ਨੇ ਕੀਤਾ ਹੈ ਇੰਨਾ ਤਾਂ ਸ਼ਾਇਦ ਮੁਗਲ ਤੇ ਅੰਗਰੇਜ਼ ਵੀ ਨਹੀ ਕਰ ਸਕੇ ਹੋਣਗੇ। ਉਹਨਾਂ ਪੰਜਾਬ ਵਾਸੀਆ ਨੂੰ ਅਪੀਲ ਕੀਤੀ ਕਿ ਇਹਨਾਂ ਠੱਗਾਂ ਤੋ ਸੁਚੇਤ ਰਹਿ ਕੇ ਪੰਜਾਬ ਨੂੰ ਬਰਬਾਦੀ ਤੋ ਬਚਾਉਣ ਲਈ ਕੋਈ ਤੀਜਾ ਹੱਲ ਸਾਂਝੇ ਰੂਪ ਵਿੱਚ ਲੱਭਿਆ ਜਾਵੇ।

Leave a Reply

Your email address will not be published. Required fields are marked *