ਪੰਜਾਬ

ਵਿਦਿਆਰਥੀ ਖੁਦਕੁਸ਼ੀ ਮਾਮਲਾ : ਖਾਲਸਾ ਕਾਲਜ ਦੇ ਪ੍ਰਿੰਸੀਪਲ ਤੇ ਰਜਿਸਟਰਾਰ ਸਣੇ ਤਿੰਨ ਖਿਲਾਫ ਕੇਸ ਦਰਜ

ਕਾਲਜ ਦੇ ਵਿਦਿਆਰਥੀਆਂ ਦਾ ਕੀਤਾ ਜਾ ਰਿਹਾ ਸ਼ੋਸ਼ਣ :ਲਾਲੀ ਮਜੀਠੀਆ
ਖਾਲਸਾ ਕਾਲਜ ਦੇ ਵਿਦਿਆਰਥੀਆਂ ਦਾ ਭਵਿੱਖ ਖਤਰੇ ‘ਚ
ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ :ਸੀਵਾਸਤਵਾ
ਅੰਮ੍ਰਿਤਸਰ,27 ਅਪ੍ਰੈਲ (ਰਾਜਨ ਮਾਨ )
ਕਾਲਜ ਪ੍ਰਿੰਸੀਪਲ ਤੇ ਸਟਾਫ ਵਲੋਂ ਪਰੇਸ਼ਾਨ ਕੀਤੇ ਜਾਣ ਕਾਰਨ ਬੀਤੀ ਰਾਤ ਖਾਲਸਾ ਕਾਲਜ ਦੇ ਹੋਸਟਲ ਵਿੱਚ ਵਿਦਿਆਰਥੀ ਵੱਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਕਾਲਜ ਪ੍ਰਿੰਸੀਪਲ, ਰਜਿਸਟਰਾਰ ਤੇ ਖੇਤੀਬਾੜੀ ਵਿਭਾਗ ਦੇ ਮੁਖੀ ਵਿਰੁੱਧ ਕੇਸ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਨੂੰ ਲੈ ਕੇ ਕਾਲਜ ਦੇ ਵਿਦਿਆਰਥੀਆਂ ਤੇ ਮਿਰਤਕ ਦੇ ਪਰਿਵਾਰਕ ਮੈਂਬਰਾਂ ਵਲੋਂ ਲਾਇਆ ਗਿਆ ਧਰਨਾ ਦੂਜੇ ਦਿਨ ਵੀ ਜਾਰੀ ਰਿਹਾ ।

ਉਧਰ ਪੁਲਿਸ ਨੇ ਕਾਰਵਾਈ ਕਰਦੇ ਖਾਲਸਾ ਕਾਲਜ ਦੇ ਪ੍ਰਿੰਸੀਪਲ ਮਹਿਲ ਸਿੰਘ ਸਮੇਤ ਖੇਤੀਬਾੜੀ ਵਿਭਾਗ ਦੇ ਮੁਖੀ ਤੇ ਕਾਲਜ ਰਜਿਸਟਰਾਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਫਿਲਹਾਲ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ।
ਵਿਦਿਆਰਥੀਆਂ ਵਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਕਤ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ । ਪੁਲਿਸ ਵੱਲੋਂ ਜਾਂਚ ਤੋਂ ਬਾਅਦ ਗ੍ਰਿਫਤਾਰੀ ਦੀ ਗੱਲ ਕਹੀ ਜਾ ਰਹੀ ਹੈ ਪਰ ਵਿਦਿਆਰਥੀ ਪ੍ਰਿੰਸੀਪਲ ਨੂੰ ਅਹੁਦੇ ਤੋਂ ਹਟਾਉਣ ਤੇ ਉਸ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ‘ਤੇ ਅੜੇ ਹੋਏ ਹਨ। ਪਰਿਵਾਰ ਤੇ ਉਸ ਦੇ ਦੋਸਤਾਂ ਮੁਤਾਬਕ ਮ੍ਰਿਤਕ ਵਿਦਿਆਰਥੀ ਹਰਪ੍ਰੀਤ ਸਿੰਘ ਚਿਕਨ ਪੌਕਸ ਦਾ ਸ਼ਿਕਾਰ ਹੋਣ ਕਰਕੇ ਕਾਲਜ ਤੋਂ ਗੈਰ ਹਾਜ਼ਰ ਸੀ।
ਕੱਲ ਉਸ ਵੱਲੋਂ ਪ੍ਰਿੰਸੀਪਲ ਕੋਲ ਕਾਫੀ ਮਿੰਨਤਾ ਕੀਤੀਆਂ ਗਈਆਂ ਕਿ ਉਸ ਨੂੰ ਪ੍ਰੈਕਟੀਲ ਦੇਣ ਦੀ ਆਗਿਆ ਦਿੱਤੀ ਜਾਵੇ ਪਰ ਉਸ ਨੂੰ ਡੀਟੇਨ ਕਰ ਦਿੱਤਾ ਗਿਆ। ਇਸ ਤੋਂ ਬਾਅਦ ਉਸ ਨੇ ਆਤਮ ਹੱਤਿਆ ਕਰ ਲਈ। ਇਸ ਖੁਦਕੁਸ਼ੀ ਲਈ ਪ੍ਰਿੰਸੀਪਲ ਹੀ ਜ਼ਿਮੇਵਾਰ ਹੈ।
ਇਥੇ ਵਰਨਣਯੋਗ ਹੈ ਕਿ ਖਾਲਸਾ ਕਾਲਜ ਵਿਚ ਬੀਐਸਸੀ ਐਗਰੀਕਲਚਰ ਦੇ ਆਖਰੀ ਸਾਲ ਦੇ ਵਿਦਿਆਰਥੀ ਨੇ ਬੀਤੀ ਸ਼ਾਮ ਉਸ ਵੇਲੇ ਖੁਦਕੁਸ਼ੀ ਕਰ ਲਈ ਜਦੋਂ ਉਸ ਨੂੰ ਪ੍ਰੀਖਿਆਵਾਂ ਵਿਚ ਬੈਠਣ ਤੋਂ ਰੋਕਿਆ ਗਿਆ। ਉਸ ਨੇ ਕੱਲ ਸ਼ਾਮ ਹੋਸਟਲ ਦੇ ਕਮਰੇ ਵਿਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ । ਰੋਹ ਵਿਚ ਆਏ ਵਿਦਿਆਰਥੀਆਂ ਨੇ ਖਾਲਸਾ ਕਾਲਜ ਦੇ ਸਾਹਮਣੇ ਜੀਟੀ ਰੋਡ ‘ਤੇ ਧਰਨਾ ਦੇ ਦਿੱਤਾ ਅਤੇ ਆਵਾਜਾਈ ਰੋਕ ਦਿੱਤੀ। ਵਿਦਿਆਰਥੀਆਂ ਨੇ ਦੋਸ਼ ਲਾਇਆ ਕਿ ਕਾਲਜ ਪ੍ਰਸ਼ਾਸਨ ਨੇ ਖੁਦਕੁਸ਼ੀ ਕਰਨ ਵਾਲੇ ਵਿਦਿਆਰਥੀ ਦੀ ਕੋਈ ਅਪੀਲ ਦਲੀਲ ਨਹੀਂ ਸੁਣੀ। ਉਸ ਦੇ ਲੈਕਚਰ ਘੱਟ ਸਨ ਅਤੇ ਕਾਲਜ ਵੱਲੋਂ ਉਸ ਨੂੰ ਪ੍ਰੀਖਿਆ ਦੇਣ ਤੋਂ ਰੋਕ ਦਿੱਤਾ ਗਿਆ ਸੀ। ਕਾਲਜ ਪ੍ਰਸ਼ਾਸਨ ਵੱਲੋਂ ਡੀਟੇਨ ਕੀਤੇ ਗਏ ਵਿਦਿਆਰਥੀਆਂ ਦੀ ਸੂਚੀ ਸੂਚਨਾ ਬੋਰਡ ‘ਤੇ ਲਾਈ ਗਈ ਸੀ, ਜਿਸ ਨੂੰ ਪੜ੍ਹਣ ਮਗਰੋਂ ਉਹ ਪ੍ਰੇਸ਼ਾਨ ਹੋ ਗਿਆ ਅਤੇ ਮਾਨਸਿਕ ਪ੍ਰੇਸ਼ਾਨੀ ਤਹਿਤ ਹੀ ਕਿ ਉਸ ਦਾ ਇਕ ਸਾਲ ਖਰਾਬ ਹੋ ਜਾਵੇਗਾ ਇਹ ਸੋਚ ਕਿ ਉਸ ਨੇ ਹੋਸਟਲ ਦੇ ਕਮਰੇ ਵਿਚ ਜਾ ਕੇ ਫਾਹਾ ਲੈ ਲਿਆ।
ਹਰਪ੍ਰੀਤ ਦੇ ਜੂਨੀਅਰ ਸਾਥੀ ਮਨਦੀਪ ਸਿੰਘ ਨੇ ਦੱਸਿਆ ਕਿ ਜਦੋਂ ਉਹ ਬੀਤੇ ਕੱਲ ਪ੍ਰੈਕਟੀਕਲ ਪ੍ਰੀਖਿਆ ਦੇਣ ਵਾਸਤੇ ਗਿਆ ਤਾਂ ਉਸ ਨੂੰ ਰੋਕਿਆ ਗਿਆ ਪਰ ਉਸ ਨੇ ਪ੍ਰੀਖਿਆ ਦਿੱਤੀ। ਪ੍ਰੀਖਿਆ ਲੈਣ ਵਾਲਿਆਂ ਵੱਲੋਂ ਉਸ ਨੂੰ ਅਗਲੀਆਂ ਪ੍ਰੀਖਿਆਵਾਂ ਵਿਚ ਨਾ ਆਉਣ ਲਈ ਆਖਿਆ ਗਿਆ। ਇਸ ਤੋਂ ਪਹਿਲਾਂ ਬੀਤੇ ਕੱਲ੍ਹ ਉਹ ਇਹ ਮਾਮਲਾ ਲੈ ਕੇ ਪ੍ਰਿੰਸੀਪਲ ਅਤੇ ਵਿਭਾਗ ਦੇ ਮੁਖੀ ਨੂੰ ਵੀ ਮਿਲਿਆ ਸੀ ਪਰ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ। ਉਧਰ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ, ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਨੇ ਕਿਹਾ ਕਿ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ ।ਉਨਾਂ ਕਿਹਾ ਕਿ ਕਾਲਜ ਕਮੇਟੀ ਵਲੋਂ ਵਿਦਿਆਰਥੀਆਂ ਸ਼ੋਸ਼ਣ ਕੀਤਾ ਜਾ ਰਿਹਾ ਹੈ।
ਉਧਰ ਪੁਲਿਸ ਕਮਿਸ਼ਨਰ ਸ੍ਰੀ ਐਸ ਐਸ ਸ਼ੀਵਾਸਤਵਾ ਨੇ ਕਿਹਾ ਕਿ ਪੁਲਿਸ ਵੱਲੋਂ ਪਰਿਵਾਰ ਤੇ ਵਿਦਿਆਰਥੀਆਂ ਦੇ ਬਿਆਨਾਂ ਦੇ ਅਧਾਰ ‘ਤੇ ਤਿੰਨ ਲੋਕਾਂ ਖਿਲਾਫ ਖ਼ੁਦਕੁਸ਼ੀ ਲਈ ਉਕਸਾਉਣ ਦੀਆਂ ਧਾਰਾਵਾਂ ਤਹਿਤ ਕਾਰਵਾਈ ਕੀਤੀ ਗਈ ਹੈ । ਉਹਨਾਂ ਕਿਹਾ ਕਿ ਜਾਂਚ ਦੌਰਾਨ ਜੋ ਵੀ ਦੋਸ਼ੀ ਪਾਇਆ ਗਿਆ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ।

Leave a Reply

Your email address will not be published. Required fields are marked *