ਖ਼ਾਲਸਾ ਕਾਲਜ ਵਿਖੇ ਫਾਈਨਲ ਸਮੈਸਟਰ ਦੀਆਂ ਰੱਦ ਕੀਤੀਆਂ ਪ੍ਰੀਖਿਆਵਾਂ 9 ਮਈ ਤੋਂ
ਖਾਲਸਾ ਕਾਲਜ ਮੈਨੇਜ਼ਮੈਂਟ ਵੱਲੋਂ ਕੈਂਪਸ ਸਥਿਤ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਅੱਜ ਤੋਂ ਆਰੰਭ
ਵਿਛੜੀ ਰੂਹ ਵਿਦਿਆਰਥੀ ਹਰਪ੍ਰੀਤ ਸਿੰਘ ਦੀ ਆਤਮਿਕ ਸ਼ਾਂਤੀ ਦੀ ਅਰਦਾਸ ਲਈ ਪਾਠ ਦੀ ਕੀਤੀ ਆਰੰਭਤਾ : ਛੀਨਾ
ਅੰਮ੍ਰਿਤਸਰ, 3 ਮਈ (ਸੋਨੂੰ ਨਰੂਲਾ/ਮਧੂਸਾਰ ਬਿਊਰੋ)
ਸਥਾਨਕ ਖ਼ਾਲਸਾ ਕਾਲਜ ਵਿਖੇ ਅਕਾਦਮਿਕ ਮਾਹੌਲ ਦੇ ਮੁੜ ਸੁਰਜੀਤ ਹੋਣ ਉਪਰੰਤ ਬੀਤੇ ਦਿਨੀਂ 2 ਮਈ ਨੂੰ ਹੋਣ ਵਾਲੀਆਂ ਫਾਈਨਲ ਸਮੈਸਟਰ ਦੀ ਪ੍ਰੀਖਿਆਵਾਂ, ਜੋ ਕਿ ਰੱਦ ਕੀਤੀਆਂ ਗਈਆਂ ਸਨ, ਉਹ ਹੋਣ 9 ਮਈ ਦਿਨ ਮੰਗਲਵਾਰ ਤੋਂ ਸ਼ੁਰੂ ਹੋਣਗੀਆਂ।
ਇਸ ਤੋਂ ਇਲਾਵਾ ਜੋ ਵਿਦਿਆਰਥੀ ਆਪਣੇ ਲੈਕਚਰ ਪੂਰੇ ਨਹੀਂ ਕਰ ਸਕੇ, ਉਹ 4 ਮਈ ਤੋਂ 7 ਮਈ ਤੱਕ ਵਾਧੂ ਕਲਾਸਾਂ ਲਗਾ ਕੇ ਆਪਣੇ ਲੈਕਚਰ ਪੂਰੇ ਕਰ ਸਕਦੇ ਹਨ।
ਕਾਲਜ ਵੱਲੋਂ ਜਾਰੀ ਬਿਆਨ ‘ਚ ਜਾਣਕਾਰੀ ਹਿੱਤ ਦੱਸਿਆ ਗਿਆ ਕਿ ਕਾਲਜ ਵੱਲੋਂ ਵਿਦਿਆਰਥੀਆਂ ਨੂੰ ਐਸ. ਐਮ. ਐਸ. ਅਤੇ ਨੋਟਿਸ ਬੋਰਡਾਂ ਰਾਹੀਂ ਜਾਣੂ ਕਰਵਾਉਣ ਲਈ ਸਟਾਫ਼ ਨੂੰ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਹੈ। ਕਾਲਜ ਵਿਖੇ ਵਿਦਿਆਰਥੀ ਹਰਪ੍ਰੀਤ ਸਿੰਘ ਵੱਲੋਂ ਕੀਤੀ ਗਈ ਖੁਦਕਸ਼ੀ ਉਪਰੰਤ ਜਾਰੀ ਮੁਜਾਹਰੇ ਸਦਕਾ ਪ੍ਰੀਖਿਆਵਾਂ ਰੱਦ ਕੀਤੀਆਂ ਗਈਆਂ ਸਨ। ਵਿਦਿਆਰਥੀਆਂ ਦਾ ਇਹ ਧਰਨਾ ਕੱਲ੍ਹ ਦੇਰ ਰਾਤ 1:00 ਵਜੇ ਦੇ ਕਰੀਬ ਮੈਨੇਜ਼ਮੈਂਟ ਨਾਲ ਹੋਏ ਸਮਝੌਤੇ ਉਪਰੰਤ ਸਮਾਪਤ ਹੋ ਗਿਆ ਸੀ।
ਇਸ ਤੋਂ ਇਲਾਵਾ ਅੱਜ ਖ਼ਾਲਸਾ ਮੈਨੇਜ਼ਮੈਂਟ ਵੱਲੋਂ ਬੀਤੇ ਦਿਨੀਂ ਵਿਛੜੀ ਰੂਹ ਵਿਦਿਆਰਥੀ ਹਰਪ੍ਰੀਤ ਸਿੰਘ ਦੀ ਆਤਮਿਕ ਸ਼ਾਂਤੀ ਲਈ ਅੱਜ ਕਾਲਜ ਕੈਂਪਸ ‘ਚ ਸਥਿਤ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤਾ ਗਿਆ, ਜਿਸ ਦਾ ਭੋਗ 5 ਮਈ ਦੁਪਿਹਰ 12:00 ਵਜੇ ਅਰਦਾਸ ਉਪਰੰਤ ਰਾਗੀ ਜਥੇ ਵੱਲੋਂ ਵੈਰਾਗਮਈ ਕੀਰਤਨ ਉਪਰੰਤ ਗੁਰਦੁਆਰਾ ਸਾਹਿਬ ਵਿਖੇ ਪਵੇਗਾ। ਇਸ ਦੁਖ ਦੀ ਘੜੀ ‘ਚ ਕੌਂਸਲ ਦੇ ਪ੍ਰਧਾਨ ਸ: ਸੱਤਿਆਜੀਤ ਸਿੰਘ ਮਜੀਠੀਆ ਅਤੇ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ਵਿਦਿਆਰਥੀ ਹਰਪ੍ਰੀਤ ਸਿੰਘ ਦੀ ਮੌਤ ਨਾਲ ਬੜਾ ਗਹਿਰਾ ਧੱਕਾ ਲਗਾ ਹੈ, ਜੋ ਕਿ ਕਾਲਜ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ, ਜਿਸ ਸਬੰਧੀ ਵਿਦਿਆਰਥੀ ਦੀ ਆਤਮਿਕ ਸ਼ਾਂਤੀ ਲਈ ਅੱਜ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਆਰੰਭਤਾ ਕੀਤੀ ਗਈ ਹੈ।
ਕਾਰਜਕਾਰੀ ਪ੍ਰਿੰਸੀਪਲ ਪ੍ਰੋ: ਸੁਖਮੀਨ ਕੌਰ ਬੇਦੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਕਾਲਜ ਵਿਦਿਆਰਥੀਆਂ ਨੇ ਆਪਣੀਆਂ-ਆਪਣੀਆਂ ਕਲਾਸਾਂ ‘ਚ ਬਕਾਇਦਾ ਹਾਜ਼ਰੀ ਵੀ ਲਗਾਈ, ਜਿਸ ਕਰਕੇ ਉਨ੍ਹਾਂ ਦੀ ਗਿਣਤੀ ਆਮ ਵਾਂਗੂੰ ਰਹੀ। ਇਸ ਦੌਰਾਨ ਕਾਲਜ ਦੇ ਸਮੂਹ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਵੱਲੋਂ ਕਾਰਜਕਾਰੀ ਪ੍ਰਿੰਸੀਪਲ ਪ੍ਰੋ: ਬੇਦੀ ਦੀ ਅਗਵਾਈ ‘ਚ ਇਕ ਸ਼ੋਕ-ਸਭਾ ਕੀਤੀ ਗਈ ਅਤੇ ਵਿਦਿਆਰਥੀ ਨਮਿਤ 2 ਮਿੰਟ ਦਾ ਮੋਨ ਧਾਰਨ ਕੀਤਾ। ਇਹ ਸ਼ੋਕ-ਸਭਾ ਵਿਦਿਆਰਥੀ ਹਰਪ੍ਰੀਤ ਸਿੰਘ ਦੀ ਬੇਵਕਤੀ ਮੌਤ ਦੇ ਸਬੰਧ ‘ਚ ਕੀਤੀ ਗਈ। ਜਿਸ ‘ਚ ਸਟਾਫ਼ ਸੈਕਟਰੀ ਡਾ. ਜੇ. ਐੱਸ. ਅਰੋੜਾ ਵੱਲੋਂ ਪੜ੍ਹੇ ਗਏ ਸ਼ੋਕ-ਮਤੇ ‘ਚ ਸਮੂਹ ਸਟਾਫ਼ ਮੈਂਬਰਾਂ ਵੱਲੋਂ ਵਿਦਿਆਰਥੀ ਦੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਅਤੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਗਈ ਕਿ ਉਹ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਇਸ ਸ਼ੋਕ-ਸਭਾ ‘ਚ ਕਾਲਜ ਦੇ ਕਾਰਜਕਾਰੀ ਰਜਿਸਟਰਾਰ ਡਾ. ਐੱਮ. ਐੱਸ. ਬੱਤਰਾ ਤੋਂ ਇਲਾਵਾ ਸਮੂਹ ਵਿਭਾਗਾਂ ਦੇ ਮੁਖੀ ਅਤੇ ਸਮੂਹ ਟੀਚਿੰਗ ਤੇ ਨਾਨ ਟੀਚਿੰਗ ਸਟਾਫ਼ ਹਾਜ਼ਰ ਸੀ। ਦੱਸਣਯੋਗ ਹੈ ਕਿ ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਅੱਜ ਸ਼ੁਰੂ ਹੋਈ ਪ੍ਰੀਖਿਆ ਦੌਰਾਨ ਵਿਦਿਆਰਥਣਾਂ ਨੇ ਅਨੁਸ਼ਾਸ਼ਨ ਤਹਿਤ ਆਪਣੇ ਇਮਤਿਹਾਨ ਵੀ ਦਿੱਤੇ। ਇਸ ਤੋਂ ਇਲਾਵਾ ਕੁਝ ਸ਼ਰਾਰਤੀ ਲੋਕਾਂ ਵੱਲੋਂ ਸ਼ੋਸ਼ਲ ਮੀਡੀਆਂ ‘ਤੇ ਖ਼ਾਲਸਾ ਕਾਲਜ ਮੈਨੇਜ਼ਮੈਂਟ ਅਤੇ ਵਿਦਿਆਰਥੀ ਹਰਪ੍ਰੀਤ ਸਿੰਘ ਸਬੰਧੀ ਗ਼ਲਤ ਅਫ਼ਵਾਹਾਂ ਜਾਹਿਰ ਕਰਕੇ ਆਮ ਲੋਕਾਂ ਨੂੰ ਗੁੰਮਰਾਹ ਕਰਨ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸਦਾ ਕਿ ਮੈਨੇਜ਼ਮੈਂਟ ਨੇ ਖੰਡਨ ਕੀਤਾ ਹੈ।
ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਆਰੰਭਤਾ ਮੌਕੇ ਜੁਆਇੰਟ ਸਕੱਤਰ ਸ: ਅਜ਼ਮੇਰ ਸਿੰਘ ਹੇਰ, ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਦੇ ਪ੍ਰਿੰਸੀਪਲ ਡਾ. ਜੇ. ਐਸ. ਢਿੱਲੋਂ, ਖ਼ਾਲਸਾ ਕਾਲਜ ਫ਼ਾਰ ਵੂਮੈਨ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ, ਖ਼ਾਲਸਾ ਕਾਲਜ ਵੈਟਰਨਰੀ ਐਂਡ ਐਨੀਮਲ ਸਾਇੰਸਸ ਪ੍ਰਿੰਸੀਪਲ ਡਾ. ਐਸ. ਕੇ. ਜੰਡ, ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਨਿਰਮਲ ਸਿੰਘ ਭੰਗੂ, ਡਾ. ਇੰਦਰਜੀਤ ਕੌਰ ਗੋਗੋਆਣੀ, ਸ. ਕੁਲਵਿੰਦਰ ਸਿੰਘ, ਡੀ. ਐਸ. ਰਟੌਲ ਆਦਿ ਮੌਜ਼ੂਦ ਸਨ।

