ਪੰਜਾਬ

ਸ਼੍ਰੋਮਣੀ ਅਕਾਲੀ ਦਲ ਦਿੱਲੀ ਸਿਕਲੀਗਰ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਏਗਾ : ਸਰਨਾ

ਨਵੀ ਦਿੱਲੀ 13 ਮਈ (ਅਸ਼ੋਕ ਵਾਸ਼ਿਸ਼ਠ/ਮਧੂਸਾਰ ਬਿਊਰੋ)
ਪਰਮਜੀਤ ਸਿੰਘ ਸਰਨਾ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਦਿੱਲੀ ਨੇ ਸਿਕਲੀਗਰ ਸਿੱਖਾਂ ਤੇ ਹੋ ਰਹੇ ਤਸ਼ੱਦਦ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆ ਕਿਹਾ ਕਿ ਉਹਨਾਂ ਨੇ ਦੋ ਮੈਂਬਰੀ ਵਫਦ ਮੱਧ ਪ੍ਰਦੇਸ਼ ਵਿੱਚ ਭੇਜਿਆ ਹੈ ਜਿਹੜਾ ਸਿਕਲੀਗਰ ਸਿੱਖਾਂ ਦੀ ਹਰ ਪ੍ਰਕਾਰ ਦੀ ਮਦਦ ਕਰੇਗਾ ਤੇ ਫੜੇ ਗਏ ਸਿੱਖਾਂ ਦੀ ਰਿਹਾਈ ਲਈ ਕਨੂੰਨੀ ਚਾਰਾਜੋਈ ਕਰੇਗਾ।

ਜਾਰੀ ਇੱਕ ਬਿਆਨ ਰਾਹੀ ਸ੍ਰ ਸਰਨਾ ਨੇ ਕਿਹਾ ਕਿ ਸਿਕਲੀਗਰ ਸਿੱਖ ਛੇਵੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਤੋ ਸਿੱਖੀ ਨਾਲ ਜੁੜੇ ਹੋਏ ਹਨ ਤੇ ਦਸਮ ਪਿਤਾ ਨੇ ਉਹਨਾਂ ਨੂੰ ਅੰਮ੍ਰਿਤ ਦੀ ਦੇ ਕੇ ਸਿੰਘ ਸਜਾਇਆ। ਸਿਕਲੀਗਰ ਗੁਰੂ ਸਾਹਿਬ ਨੂੰ ਵਧੀਆ ਤੋ ਵਧੀਆ ਹਥਿਆਰ ਬਣਾ ਕੇ ਦਿੱਤੇ ਸਨ ਅਤੇ ਗੁਰੂ ਘਰ ਦੀਆ ਖੁਸ਼ੀਆ ਪ੍ਰਾਪਤ ਕਰਦੇ ਸਨ। ਸਿਕਲੀਗਰ ਪੂਰੇ ਦੇਸ਼ ਵਿੱਚ ਫੈਲੇ ਹੋਏ ਹਨ ਅਤੇ ਪੂਰਣ ਸਿੱਖ ਹਨ। ਇਹ ਜੰਮਦੇ ਬੱਚੇ ਨੂੰ ਗੂੜਤੀ ਹੀ ਗੁਰੂ ਅੰਮ੍ਰਿਤ ਦਿੰਦੇ ਹਨ ਤੇ ਨਸ਼ਿਆ ਤੇ ਹੋਰ ਬੁਰਾਈਆ ਤੋ ਦੂਰ ਰਹਿੰਦੇ ਹਨ।
ਉਹਨਾਂ ਕਿਹਾ ਕਿ ਅਜਾਦੀ ਤੋ ਬਾਅਦ ਸਿਕਲੀਗਰ ਸਿੱਖਾਂ ਨੂੰ ਰਵਾਇਤੀ ਹਥਿਆਰ ਬਣਾਉਣ ਤੋ ਰੋਕ ਦਿੱਤਾ ਗਿਆ ਤੇ ਉਹਨਾਂ ਨੇ ਰਸੋਈ ਵਿੱਚ ਵਰਤੇ ਜਾਣ ਵਾਲੇ ਸੰਦ ਬਣਾਉਣੇ ਸ਼ੁਰੂ ਕਰ ਦਿੱਤੇ ਜਿਹਨਾਂ ਵਿੱਚ ਛੁਰੀ ਕਾਂਟੇ ਆਦਿ ਸ਼ਾਮਲ ਹਨ। ਸਿਕਲੀਗਰ ਸਿੱਖਾਂ ਵੱਲ ਕਿਸੇ ਵੀ ਸੰਸਥਾ ਨੇ ਵਿਸ਼ੇਸ਼ ਧਿਆਨ ਨਹੀ ਦਿੱਤਾ ਜਿਸ ਕਰਕੇ ਉਹ ਅੱਜ ਤਰਾਸਦੀ ਵਿੱਚੋ ਦੀ ਗੁਜਰ ਰਹੇ ਹਨ।
ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਵਫਦ ਭੇਜਣ ਦੀ ਗੱਲ ਕੀਤੀ ਹੈ ਪਰ ਉਹ ਵਫਦ ਸਿਕਲੀਗਰਾਂ ਦੀ ਅੱਜ ਹੋਈ ਮਹਾਂ ਪੰਚਾਇਤ ਵਿੱਚ ਨਜਰ ਨਹੀ ਆਇਆ। ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰ ਕਿਰਪਾਲ ਸਿੰਘ ਬਡੂੰਗਰ ਨੂੰ ਚਾਹੀਦਾ ਸੀ ਕਿ ਉਹ ਖੁਦ ਇਸ ਮਹਾਂ ਪੰਚਾਇਤ ਵਿੱਚ ਭਾਗ ਲੈ ਕੇ ਉਹਨਾਂ ਦੀਆ ਮੁਸ਼ਕਲਾਂ ਨੂੰ ਸੁਣਦੇ ਅਤੇ ਨਿਪਟਾਰਾ ਕਰਦੇ ਪਰ ਪ੍ਰਧਾਨ ਕੋਲੋ ਸ਼ਾਇਦ ਅਜਿਹੇ ਛੋਟੇ ਮੋਟੇ ਕੰਮਾਂ ਵਾਸਤੇ ਕੋਈ ਸਮਾਂ ਨਹੀ ਹੈ ਜਦ ਕਿ ਅਕਾਲੀ ਦਲ ਬਾਦਲ ਦੇ ਪ੍ਰਧਾਨ ਵੱਲੋ ਤਲਬ ਕੀਤੇ ਜਾਣ ਤੇ ਨੰਗੇ ਪੈਰੀ ਭਾਜੜਾਂ ਪੈ ਜਾਂਦੀਆ ਹਨ। ਜੇਕਰ ਪ੍ਰਧਾਨ ਖੁਦ ਨਹੀ ਜਾ ਸਕਦਾ ਸੀ ਤਾਂ ਉਸ ਨੂੰ ਚਾਹੀਦਾ ਸੀ ਕਿ ਉਹ ਜਨਰਲ ਸਕੱਤਰ ਨੂੰ ਭੇਜਦੇ ਜਾਂ ਹੋਰ ਵੀ ਆਹੁਦੇਦਾਰ ਹਨ ਪਰ ਅਜਿਹਾ ਨਹੀ ਹੋ ਸਕਿਆ ਕਿਉਕਿ ਸਿਕਲੀਗਰ ਸਿੱਖਾਂ ਦੀਆ ਵੋਟਾਂ ਨਹੀ ਹਨ ਜਿਹੜੀਆ ਅਕਾਲੀ ਦਲ ਨੂੰ ਮਿਲ ਸਕਦੀਆ ਹੋਣ।
ਪੰਥਕ ਆਗੂ ਅਖਵਾਉਣ ਵਾਲੇ ਤੇ ਅੱਜ ਕਲ• ਸਾਈਕਲ ਦੀ ਸਵਾਰੀ ਕਰਨ ਵਾਲੇ ਸ੍ਰ ਬਲਵੰਤ ਸਿੰਘ ਰਾਮੂਵਾਲੀਆ ਵੱਲੋ ਪਾਰਲੀਮੈਂਟ ਦੇ ਮੋਹਰੇ ਧਰਨਾ ਦੇਣ ਦੇ ਦਿੱਤੇ ਬਿਆਨ ਦੀ ਮੁਜ਼ੱਮਤ ਕਰਦਿਆ ਉਹਨਾਂ ਕਿਹਾ ਕਿ ਧਰਨਾ ਮੱਧ ਪ੍ਰਦੇਸ਼ ਦੀ ਵਿਧਾਨ ਸਭਾ ਦੇ ਬਾਹਰ ਦਿੱਤਾ ਜਾਣਾ ਚਾਹੀਦਾ ਹੈ ਜਿਥੋ ਦਾ ਇਹ ਮਾਮਲਾ ਹੈ। ਉਹਨਾਂ ਕਿਹਾ ਕਿ ਰਾਮੂਵਾਲੀਆ ਨੂੰ ਆਪਣੇ ਬਿਆਨ ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ ਤੇ ਮੱਧ ਪ੍ਰਦੇਸ਼ ਦੋ ਮੁੱਖ ਮੰਤਰੀ ਨੂੰ ਮਿਲ ਕੇ ਸਿਕਲੀਗਰ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਲੋੜ ਹੈ।
ਉਹਨਾਂ ਕਿਹਾ ਕਿ ਉਹਨਾਂ ਦੁਆਰਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਚੇਅਰਮੈਨ ਭਾਈ ਤਰਸੇਮ ਸਿੰਘ ਖਾਲਸਾ ਅਤੇ ਦਲ ਦੀ ਯੂਥ ਇਕਾਈ ਦੇ ਆਗੂ ਇੰਦਰਜੀਤ ਸਿੰਘ ਸੰਤਗੜ ਦਾ ਦੋ ਮੈਬਰੀ ਵਫਦ ਭੇਜਿਆ ਗਿਆ ਜਿਹੜਾ ਪੂਰੀ ਰਿਪੋਰਟ ਲੈ ਕੇ ਆਵੇਗਾ ਤੇ ਉਸ ਰਿਪੋਰਟ ਦੇ ਅਧਾਰ ਤੇ ਹੀ ਅਕਾਲੀ ਦਲ ਦਿੱਲੀ ਅਗਲੀ ਰਣਨੀਤੀ ਬਣਾਈ ਜਾਵੇਗੀ। ਇਸ ਦੋ ਮੈਂਬਰੀ ਵਫਦ ਨੇ ਸਿਕਲੀਗਰ ਸਿੱਖਾਂ ਦੀ ਮਹਾਂ ਪੰਚਾਇਤ ਵਿੱਚ ਵੀ ਭਾਗ ਲਿਆ। ਸਿਕਲੀਗਰ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀ ਛੱਡੀ ਜਾਵੇਗੀ। ਜੇਕਰ ਗਲਤੀ ਕਿਸੇ ਇੱਕ ਕੋਲੋ ਹੋਈ ਹੈ ਤਾਂ ਉਸ ਦੀ ਆੜ ਹੇਠ ਸਮੁੱਚੇ ਭਾਈਚਾਰੇ ਨੂੰ ਦੋਸ਼ੀ ਕਿਵੇ ਠਹਿਰਾਇਆ ਜਾਣਾ ਕਿਸੇ ਵੀ ਸੂਰਤ ਵਿੱਚ ਜਾਇਜ ਨਹੀ ਹੈ। ਉਹਨਾਂ ਕਿਹਾ ਕਿ ਇਹ ਸਿੱਖਾਂ ਤੇ ਸਿੱਖੀ ਤੇ ਵੱਡਾ ਹਮਲਾ ਹੈ ਤੇ ਜੇਕਰ ਇਸ ਨੂੰ ਤੁਰੰਤ ਰੋਕਿਆ ਨਾ ਗਿਆ ਤਾਂ ਸਿੱਖ ਵਿਰੋਧੀ ਤਾਕਤਾਂ ਹੋਰਨਾਂ ਸੂਬਿਆ ਵਿੱਚ ਵੱਸਦੇ ਸਿੱਖਾਂ ਤੇ ਵੀ ਹਮਲੇ ਕਰ ਸਕਦੀਆ ਹਨ ਜਿਸ ਤੋ ਸਿੱਖ ਆਗੂਆ ਨੂੰ ਸੁਚੇਤ ਹੋਣ ਦੀ ਲੋੜ ਹੈ।

Leave a Reply

Your email address will not be published. Required fields are marked *