ਅਕਾਲੀ ਦਲ ਵੱਲੋਂ ਆਤਮ ਮੰਥਨ ਲਈ ਸੱਦੀ ਮੀਟਿੰਗ ਤੌਹਮਤਬਾਜ਼ੀ ਦੀ ਭੇਂਟ ਚੜ੍ਹੀ
ਸ਼ਹਿਰ ਦੇ ਵਾਰਡਾਂ ‘ਚ ਵਿਕਾਸ ਨਾ ਕੀਤੇ ਜਾਣ ਦੇ ਕੌਂਸਲਰਾਂ ਨੇ ਲਾਏ ਦੋਸ਼
ਢੀਂਡਸਾ ਨੇ ਕੋਹਲੀ ਨੂੰ ਲਗਾਈ ਫਿਟਕਾਰ, ਕਿਹਾ ਧੱਕੇ ਨਾਲ ਨਾ ਬੁਲਵਾਓ
ਹਾਰ ਦੇ ਕਾਰਨਾਂ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ ਰਿਪੋਰਟ ਹਾਈਕਮਾਂਡ ਨੂੰ ਸੌਂਪਾਗਾਂ : ਜੇ.ਜੇ.ਸਿੰਘ
ਪਟਿਆਲਾ 22 ਮਈ (ਕੰਵਰ ਬੇਦੀ)
ਵਿਧਾਨ ਸਭਾ ਚੋਣਾਂ ‘ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਮਿਲੀ ਹਾਰ ਦੇ ਕਾਰਨਾਂ ਦੀ ਸਮੀਖਿਆ ਕਰਨ ਅਤੇ ਪਾਰਟੀ ਆਗੂਆਂ-ਵਰਕਰਾਂ ਦੇ ਵਿਚਾਰ ਸੁਣਨ ਲਈ ਰੱਖੀ ਮੀਟਿੰਗ ‘ਚ ਪੁੱਜੇ ਅਬਜ਼ਰਵਰ ਪਰਮਿੰਦਰ ਸਿੰਘ ਢੀਂਡਸਾ, ਵਿਧਾਇਕ ਐਨ.ਕੇ. ਸ਼ਰਮਾ ਅਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਸਾਹਮਣੇ ਕੋਹਲੀ ਧੜੇ ਨਾਲ ਸਬੰਧਤ ਅਤੇ ਹਾਕਮ ਧਿਰ ਦੇ ਕੌਂਸਲਰਾਂ ਵੱਲੋਂ ਆਪਣਿਆਂ ਖਿਲਾਫ਼ ਮੋਰਖਾ ਖੋਲ੍ਹਣ ਨਾਲ ਆਤਮ ਮੰਥਨ ਲਈ ਸੱਦੀ ਮੀਟਿੰਗ ਤੌਹਮਤਬਾਜ਼ੀ ਦੇ ਭੇਂਟ ਚੜ੍ਹਦੀ ਵਿਖਾਈ ਦਿੱਤੀ।
ਮੀਟਿੰਗ ਦੀ ਸ਼ੁਰੂਆਤ ਕਰਦਿਆਂ ਸ਼ਹਿਰੀ ਅਕਾਲੀ ਜਥਾ ਦੇ ਪ੍ਰਧਾਨ ਸੁਰਜੀਤ ਸਿੰਘ ਕੋਹਲੀ ਨੇ ਆਗੂਆਂ ਤੇ ਵਰਕਰਾਂ ਨੂੰ ਜ਼ਾਬਤੇ ‘ਚ ਰਹਿਣ ਅਤੇ ਅਨੁਸ਼ਾਸਨ ‘ਚ ਰਹਿ ਕੇ ਆਪੋ-ਆਪਣੀ ਗੱਲ ਰੱਖਣ ਲਈ ਕਿਹਾ, ਪ੍ਰੰਤੂ ਜਿਵੇਂ ਹੀ ਉਨ੍ਹਾਂ ਵਿਉਂਤਬੰਦੀ ਨਾਲ ਆਪਣੇ ਧੜੇ ਨਾਲ ਸਬੰਧਤ ਕੌਂਸਲਰਾਂ ਨੂੰ ਬੁਲਾਉਣ ਦੀ ਸ਼ੁਰੂਆਤ ਕੀਤੀ ਤਾਂ ਪਰਮਿੰਦਰ ਸਿੰਘ ਢੀਂਡਸਾ ਨੇ ਕੋਹਲੀ ਨੂੰ ਫਿਟਕਾਰ ਲਗਾਉਂਦਿਆਂ ਕਿਹਾ ਆਗੂਆਂ ਤੋਂ ਧੱਕੇ ਨਾਲ ਨਾ ਬੁਲਵਾਓ, ਜੋ ਵਰਕਰ ਵਿਚਾਰ ਰੱਖਣਾ ਚਾਹੁੰਦਾ ਆਪਣੇ ਨਾਮ ਦੇ ਸਕਦੇ ਹਨ। ਇਸ ਉਪਰੰਤ ਕੋਹਲੀ ਧੜੇ ਨਾਲ ਸਬੰਧਤ ਜੋਗਿੰਦਰ ਸਿੰਘ ਛਾਂਗਾ, ਵਾਰਡ ਨੰ: 35 ਤੋਂ ਬਾਬੂ ਸਿੰਘ ਆਦਿ ਨੇ ਵਾਰਡਾਂ ‘ਚ ਵਿਕਾਸ ਕੰਮ ਨਾ ਹੋਣ ਦੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਵਾਰਡ ‘ਚ ਜਿਨ੍ਹਾਂ ਲੋਕਾਂ ਤੋਂ ਵੋਟ ਮਿਲਣੇ ਸਨ, ਜੇ ਉਨ੍ਹਾਂ ਦੇ ਕੰਮ ਹੀ ਨਹੀਂ ਹੋਣੇ ਤਾਂ ਵੋਟ ਕਿਥੋਂ ਮਿਲਣੇ ਸਨ। ਉਨ੍ਹਾਂ ਅਸਿੱਧੇ ਢੰਗ ਨਾਲ ਮੇਅਰ ‘ਤੇ ਵੀ ਦੋਸ਼ ਮੜ੍ਹਦਿਆਂ ਕਿਹਾ ਕਿ ਵਿਕਾਸ ਕੰਮਾਂ ਸਬੰਧੀ ਉਨ੍ਹਾਂ ਕਈ ਵਾਰ ਮਾਮਲਾ ਜਨਰਲ ਹਾਊਸ ‘ਚ ਉਠਾਇਆ, ਪ੍ਰੰਤੂ ਮਤੇ ਪੈਣ ਦੇ ਬਾਵਜੂਦ ਵੀ ਵਿਕਾਸ ਕੰਮ ਨਹੀਂ ਹੋਏ। ਇਸ ਦੌਰਾਨ ਕੌਂਸਲਰ ਜੌਨੀ ਕੋਹਲੀ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਸ਼ਹਿਰ ਦੇ ਵਿਕਾਸ ਲਈ ਕੋਈ ਕਸਰ ਨਹੀਂ ਛੱਡੀ ਗਈ ਅਤੇ ਹਰਪਾਲ ਜੁਨੇਜਾ ਦੀ ਅਗਵਾਈ ‘ਚ ਵਿਕਾਸ ਕੰਮਾਂ ਨੂੰ ਪਾਰਦਰਸ਼ਤਾ ਨਾਲ ਨੇਪਰੇ ਚਾੜਿਆ ਗਿਆ।
ਮੀਟਿੰਗ ਦੌਰਾਨ ਕਮੇਟੀ ਸਾਹਮਣੇ ਜਦੋਂ ਭੜਾਸ ਕੱਢਣ ਦਾ ਸਿਲਸਿਲਾ ਸ਼ੁਰੂ ਹੋਇਆ ਤਾਂ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਤੌਹਮਤਬਾਜ਼ੀ ਕਰਨ ਦੀ ਬਜਾਏ ਅਨੁਸਾਸਨ ਨੂੰ ਕਾਇਮ ਰੱਖਿਆ ਜਾਵੇ ਅਤੇ ਭਵਿੱਖ ‘ਚ ਅਕਾਲੀ ਦਲ ਨੂੰ ਮਜ਼ਬੂਤ ਸਥਿਤੀ ‘ਚ ਲਿਆਉਣ ਲਈ ਹੀ ਵਿਚਾਰ ਦਿੱਤੇ ਜਾਣ।
ਇਸ ਉਪਰੰਤ ਮੇਅਰ ਅਮਰਿੰਦਰ ਸਿੰਘ ਬਜਾਜ ਨੇ ਕਮੇਟੀ ਸਾਹਮਣੇ ਵਿਚਾਰ ਰੱਖਦਿਆਂ ਕਿਹਾ ਕਿ ਸੀ.ਐਮ. ਸਿਟੀ ਦਾ ਸ਼ਹਿਰ ਹੋਣ ਕਾਰਨ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ, ਜਿਸ ਤੋਂ ਅਸੀਂ ਵਾਕਫ ਹਾਂ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਅਕਾਲੀ ਦਲ ਪ੍ਰਤੀ ਜੋ ਕੂੜ ਪ੍ਰਚਾਰ ਹੋਇਆ ਉਸ ਨੂੰ ਰੋਕਣ ‘ਚ ਅਸੀਂ ਸਫਲ ਨਹੀਂ ਹੋ ਸਕੇ। ਉਨ੍ਹਾਂ ਪੰਥਕ ਮੁੱਦੇ ਤੋਂ ਥਿੜਕਣ ਦੀ ਗੱਲ ਵੀ ਕਬੂਲੀ। ਉਨ੍ਹਾਂ ਕਿਹਾ ਕਿ ਸਾਨੂੰ ਆਪਸ ‘ਚ ਮਿਲ ਬੈਠਕੇ ਸਵੈ ਪੜਚੋਲ ਕਰਨੀ ਹੋਵੇਗੀ ਅਤੇ ਅਕਾਲੀ ਦਲ ਨੂੰ ਮਜ਼ਬੂਤ ਸਥਿਤੀ ‘ਚ ਲਿਆਉਣ ਲਈ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਸਖਤ ਮਿਹਨਤ ਨਾਲ ਅੱਗੇ ਵੱਧਣਾ ਹੋਵੇਗਾ।
ਇਸ ਦੌਰਾਨ ਕੌਂਸਲਰ ਹਰਪਾਲ ਜੁਨੇਜਾ ਨੇ ਕਿਹਾ ਕਿ ਵਾਰਡ ‘ਚ ਕੀਤੇ ਗਏ ਕੰਮਾਂ ਦੀ ਪੜਚੋਲ ਹੋਣੀ ਚਾਹੀਦੀ ਹੈ, ਜਿਸ ਨਾਲ ਸਾਰੀ ਸਥਿਤੀ ਸਪੱਸ਼ਟ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਦੂਰ ਅੰਦੇਸ਼ੀ ਸੋਚ ਨਾਲ ਸੂਬੇ ਦਾ ਬਹੁਪੱਖੀ ਵਿਕਾਸ ਹੋਇਆ, ਜਿਸ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਇਕ-ਦੂਜੇ ‘ਤੇ ਦੂਸ਼ਣਬਾਜ਼ੀ ਕਰਨ ਦੀ ਬਜਾਏ ਅਕਾਲੀ ਦਲ ਨੂੰ ਮੁੜ ਸੱਤਾ ‘ਚ ਲਿਆਉਣ ਲਈ ਹੁਣ ਤੋਂ ਸਖਤ ਮਿਹਨਤ ਕਰਨੀ ਹੋਵੇਗੀ।
ਕਮੇਟੀ ਸਾਹਮਣੇ ਸਾਬਕਾ ਮੇਅਰ ਅਜੀਤਪਾਲ ਸਿੰਘ ਕੋਹਲੀ ਨੇ ਅੰਦਰਝਾਤ ਮਾਰਨ ਦੀ ਲੋੜ ਹੈ ਕਿਉਂਕਿ ਪਾਰਟੀ ਵੱਲੋਂ ਲੀਡਰ ਜ਼ਿਆਦਾ ਬਣਾ ਦਿੱਤੇ ਗਏ ਹਨ ਅਤੇ ਜ਼ਮੀਨੀ ਪੱਧਰ ‘ਤੇ ਕੰਮ ਕਰਨ ਵਾਲੇ ਵਰਕਰਾਂ ਦੀ ਕਮੀ ਵੱਡੇ ਪੱਧਰ ‘ਤੇ ਰੜਕ ਰਹੀ ਹੈ। ਉਨ੍ਹਾਂ ਕਿਹਾ ਕਿ ਸਟੇਜ ‘ਤੇ ਚੜ੍ਹਨ ਵਾਲਿਆਂ ਦੀ ਭੀੜ ਜ਼ਿਆਦਾ ਵੱਧ ਗਈ ਅਤੇ ਆਗੂ ਅਤੇ ਵਰਕਰ ਫਲੈਕਸ ਬੋਰਡਾਂ ਰਾਹੀਂ ਰਾਜਨੀਤੀ ਕਰਨ ਨੂੰ ਤਰਜੀਹ ਦੇ ਰਹੇ ਹਨ। ਉਨ੍ਹਾਂ ਕਿਹਾ ਕਮੇਟੀ ਨੂੰ ਵਿਚਾਰ ਦਿੰਦਿਆਂ ਕਿਹਾ ਕਿ ਪਾਰਟੀ ਪ੍ਰਧਾਨ ਨੂੰ ਚਾਹੀਦਾ ਹੈ ਕਿ ਸ਼ਹਿਰੀ ਲੀਡਰਸ਼ਿਪ ਦੀ ਅਗਵਾਈ ਕਰਨ ਵਾਲੇ ਆਗੂ ਦੀ ਚੋਣ ਕੀਤੀ ਜਾਵੇ, ਜਿਸ ਤੋਂ ਸਾਰੀ ਰਿਪੋਰਟ ਲਈ ਜਾ ਸਕੇ। ਉਨ੍ਹਾਂ ਕਿਹਾ ਕਿ ਜੇ ਫਿਰ ਵੀ ਕਮੀ ਰੜਕੇ ਤਾਂ ਪਾਰਟੀ ਵੱਲੋਂ ਅਨੁਸ਼ਾਸਨ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਅਸੀਂ ਛੋਟੇ ਫਾਇਦੇ ਲਈ ਵੱਡਾ ਨੁਕਸਾਨ ਕਰਵਾ ਬੈਠਦੇ ਹਾਂ, ਜਿਸ ‘ਚ ਨੁਕਸਾਨ ਆਗੂ ਜਾਂ ਵਰਕਰ ਦਾ ਨਹੀਂ ਸਗੋਂ ਪਾਰਟੀ ਦਾ ਹੁੰਦਾ ਹੈ।
ਇਸ ਮੌਕੇ ਅਕਾਲੀ ਦਲ ਦੇ ਉਮੀਦਵਾਰ ਰਹੇ ਜਨਰਲ ਜੇ.ਜੇ ਸਿੰਘ ਨੇ ਕਿਹਾ ਕਿ ਹਾਰ ਦੇ ਕਾਰਨਾਂ ਦੀ ਸਾਰੀ ਸਥਿਤੀ ਬਾਰੇ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਇਸ ਕਰਕੇ ਰਿਪੋਰਟ ਪਾਰਟੀ ਪ੍ਰਧਾਨ ਨੂੰ ਸੌਪਾਂਗਾ। ਉਨ੍ਹਾਂ ਕਿਹਾ ਕਿ ਸਾਨੂੰ ਪਿਛੇ ਮੁੜ ਕੇ ਵੇਖਣ ਦੀ ਬਜਾਏ ‘ਨਿਸ਼ਚੇ ਕਰ ਆਪਣੀ ਜੀਤ ਕਰੂ’ ਦੇ ਮਿਸ਼ਨ ਵੱਲ ਵੱਧਣਾ ਚਾਹੀਦਾ ਹੈ। ਉਨ੍ਹਾਂ ਆਗੂਆਂ ਤੇ ਵਰਕਰਾਂ ਨੂੰ ਹੌਂਸਲਾ, ਦਲੇਰੀ ਤੇ ਮਨੋਬਲ ਬਣਾ ਕੇ ਰੱਖਣ ਲਈ ਪ੍ਰੇਰਿਆ ਤੇ ਦਿੱਲੀ ਵੱਲ ਰਵਾਨਾ ਹੋ ਗਏ।
ਕਮੇਟੀ ਸਾਹਮਣੇ ਕਈ ਵਰਕਰਾਂ ਨੇ ਆਪਣੇ ਵਿਚਾਰ ਰੱਖਣ ਦੀ ਕੋਸ਼ਿਸ਼ ਕੀਤੀ, ਪ੍ਰੰਤੂ ਕੋਹਲੀ ਧੜੇ ਨੇ ਵਿਉਂਤਬੰਦੀ ਨਾਲ ਆਪਣੇ ਸਮਰਥਕਾਂ ਤੋਂ ਉਹੀ ਬੁਲਵਾਇਆ, ਜੋ ਉਹ ਚਾਹੁੰਦੇ ਸਨ। ਇਸ ਮੌਕੇ ਕਮੇਟੀ ਸਾਹਮਣੇ ਵਿਚਾਰ ਰੱਖਣ ਵਾਲੇ ਵਰਕਰਾਂ ਨੇ ਭੜਾਸ ਕੱਢਣੀ ਚਾਹੀਦੀ, ਪ੍ਰੰਤੂ ਉਨ੍ਹਾਂ ਦੀ ਇਹ ਮਨਸ਼ਾ ਪੂਰੀ ਨਾ ਹੋ ਸਕੀ।

