ਦਲਿਤਾਂ ਨਾਲ ਲਗਾਤਾਰ ਗੈਰ-ਬਰਾਬਰੀ ਅਤੇ ਬੇਇਨਸਾਫੀ ਭਰਿਆ ਸਲੂਕ ਜਾਰੀ : ਡਾ. ਗਾਂਧੀ
‘ਏਕ ਭਾਰਤ-ਸ਼੍ਰੇਸ਼ਠ ਭਾਰਤ’ ਦੀ ਨਿਕਲ ਰਹੀ ਫੂਕ
ਪਟਿਆਲਾ 24 ਮਈ (ਕੰਵਰ ਬੇਦੀ/ਮਧੂਸਾਰ ਬਿਊਰੋ) ਡਾ. ਧਰਮਵੀਰ ਗਾਂਧੀ, ਐਮ.ਪੀ. ਪਟਿਆਲਾ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਮੌਜੂਦਾ ਕੇਂਦਰੀ ਸਰਕਾਰ ਦੀ ਸਾਜਸ਼ਾਨਾ ਚੁੱਪ ਤੇ ਅਣਕਹੀ ਸਹਿਮਤੀ ਤੇ ਚੱਲਦਿਆਂ ਸਾਰੇ ਦੇਸ਼ ਅੰਦਰ ਦਲਿਤਾਂ ਅਤੇ ਘੱਟ ਗਿਣਤੀ ਦੇ ਖਿਲਾਫ ਇੱਕ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਕਾਰਨ ਕਈ ਫਾਸ਼ੀਵਾਦੀ ਹਿੰਦੂ ਸੰਗਠਨ, ਦਲਿਤਾਂ ਅਤੇ ਘੱਟ ਗਿਣਤੀਆਂ ਦੇ ਲੋਕਾਂ ਉੱਤੇ ਹਮਲੇ ਕਰ ਰਹੇ ਹਨ, ਜੋ ਕਿ ਭਾਰਤੀ ਸੰਵਿਧਾਨ ਤੇ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਹੈ।
ਵੈਸੇ ਤਾਂ ਪਿਛਲੇ 70 ਸਾਲਾਂ ਤੋਂ ਘੱਟ ਗਿਣਤੀਆਂ, ਅਲੱਗ-ਅਲੱਗ ਕੌਮੀਅਤਾਂ ਅਤੇ ਦਲਿਤਾਂ ਨਾਲ ਲਗਾਤਾਰ ਗੈਰ-ਬਰਾਬਰੀ ਅਤੇ ਬੇਇਨਸਾਫੀ ਭਰਿਆ ਸਲੂਕ ਜਾਰੀ ਹੈ, ਪਰ ਪਿੱਛਲੇ 3 ਸਾਲਾਂ ਦੌਰਾਨ ਕੇਂਦਰ ਵਿੱਚ ਬੀ.ਜੇ.ਪੀ. ਦੇ ਸੱਤਾ ਵਿੱਚ ਆਉਣ ਤੋਂ ਬਾਅਦ ਇਸ ਵਰਤਾਰੇ ਵਿੱਚ ਅਣਕਿਆਸੀ ਤੇਜੀ ਆਈ ਹੈ ਜੋ ਕਿ ਭਾਰਤੀ ਸਮਾਜ ਤੇ ਲੋਕਾਂ ਦੀ ਏਕਤਾ ਅਤੇ ਮਨੁੱਖਤਾ ਦੇ ਭਵਿੱਖ ਲਈ ਇਕ ਖਤਰਨਾਕ ਰੁਝਾਨ ਹੈ।
ਉਨ੍ਹਾਂ ਕਿਹਾ ਕਿ ਭਾਰਤੀ ਸੰਵਿਧਾਨ ਦਾ ਮੂਲ ਮੰਤਰ ”ਏਕਤਾ ਵਿੱਚ ਅਨੇਕਤਾ ਹੈ“ ਅਤੇ ਜਦੋਂ ਤੱਕ ਅਨੇਕਤਾ ਨੂੰ ਖੁੱਲੇ ਅਸਮਾਨ ਵਿੱਚ ਉਡਾਰੀ ਮਾਰਨ ਅਤੇ ਵੱਧਣ-ਫੁੱਲਣ ਦੇ ਮੌਕੇ ਮੁਹੱਈਆ ਨਹੀਂ ਕੀਤੇ ਜਾਂਦੇ ਤਾਂ ਇਹ ਏਕਤਾ ਬੇਮਾਨੀ ਹੋ ਕੇ ਰਹਿ ਜਾਂਦੀ ਹੈ।ਉਨ੍ਹਾਂ ਕਿਹਾ ਕਿ ਮਿਰਚਪਰ, ਊਨਾ, ਮੁਜੱਫਰਪੁਰ, ਝਲੂਰ, ਭਗਾਣਾ ਅਤੇ ਹੁਣ ਸਹਾਰਨਪੁਰ ਵਿਖੇ ਦਲਿਤਾਂ ਤੇ ਮੁਸਲਮਾਨਾਂ ਖਿਲਾਫ਼ ਕੀਤੀ ਗਈ ਬਰਾਬਰਤਾ ਨੂੰ ਕੋਈ ਵੀ ਇਨਸਾਫ ਤੇ ਜਮਹੂਰੀਅਤ ਪਸੰਦ ਵਿਅਕਤੀ ਬਰਦਾਸ਼ਤ ਨਹੀਂ ਕਰ ਸਕਦਾ।
ਡਾ. ਧਰਮਵੀਰ ਗਾਂਧੀ ਨੇ ਭਾਜਪਾ ਦੀ ਛਤਰ-ਛਾਇਆ ਹੇਠ ਪਣਪ ਰਹੇ ਕੁੱਝ ਹਿੰਦੂਵਾਦੀ ਸੰਗਠਨਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਸੋਚ ਤੇ ਕਾਰਨਾਮਿਆਂ ਨਾਲ, ਭਾਜਪਾ ਵੱਲੋਂ ਜ਼ੋਰ-ਸ਼ੋਰ ਨਾਲ ਪ੍ਰਚਾਰੇ ਜਾ ਰਹੇ, ‘ਏਕ ਭਾਰਤ-ਸ਼੍ਰੇਸ਼ਠ ਭਾਰਤ’ ਦੀ ਫੂਕ ਨਿਕਲ ਰਹੀ ਹੈ ਅਤੇ ਦਲਿਤਾਂ ਤੇ ਘੱਟ ਗਿਣਤੀਆਂ ਨਾਲ ਕੀਤੇ ਜਾ ਰਹੇ ਅਨਿਆਪੂਰਨ ਦੁਰਵਿਵਹਾਰ ਨੇ ਨਾਂ ਤਾਂ ਭਾਰਤ ਨੂੰ ਇਕ ਰਹਿਣ ਦੇਣਾ ਹੈ ਤੇ ਨਾਂ ਹੀ ਇਸ ਨੂੰ ਸ਼੍ਰੇਸ਼ਟ ਬਣਨ ਦਾ ਕੋਈ ਮੌਕਾ ਬਾਕੀ ਛੱਡਣਾ ਹੈ।
ਪਟਿਆਲਾ ਐਮ.ਪੀ. ਨੇ ਕਿਹਾ ਕਿ ਭਾਰਤ ਨੂੰ ‘ਇਕ ਰੱਖਣ ਤੇ ਸ਼੍ਰੇਸ਼ਠ ਬਣਾਉਣ’ ਦਾ ਇੱਕੋ-ਇੱਕ ਰਸਤਾ, ਹਕੀਕੀ ‘ਫੈਡਰਲ ਭਾਰਤ’ ਤੇ 21ਵੀਂ ਸਦੀ ਦੀ ਸੋਚ ਨਾਲ ਮੇਲ ਖਾਂਦੇ ਜਮਹੂਰੀ ਰਾਜਾਂ ਦੀ ਸਿਰਜਣਾ ਰਾਹੀਂ ਹੀ ਨਿਕਲਣਾ ਹੈ, ਜਿਸਦੀ ਪ੍ਰਾਪਤੀ ਲਈ ਸਾਰੇ ਇਨਸਾਫ ਤੇ ਜਮਹੂਰੀ ਪਸੰਦ ਲੋਕਾਂ ਨੂੰ ਵੱਖ-ਵੱਖ ਕੌਮੀਅਤਾਂ, ਘੱਟ ਗਿਣਤੀਆਂ, ਦਲਿਤਾਂ ਤੇ ਪੀੜਤ ਅੋਰਤ ਸਮਾਜ ਦਾ ਵਿਸ਼ਾਲਤਮ ਏਕਾ ਉਸਾਰਨਾ ਪਵੇਗਾ ਤਾਂ ਜੋ ਏਕਤਾ ਵਿੱਚ ਅਨੇਕਤਾ ਦੇ ਸੰਵਿਧਾਨਕ ਸੁਨਹਿਰੀ ਅਸੂਲ ਮੁਤਾਬਕ ਦੇਸ਼ ਦੀਆਂ ਅਲੱਗ-ਅਲੱਗ ਪਹਿਚਾਣਾਂ ਨੂੰ ਇੱਕੋ ਖੁੱਲੇ ਅਸਮਾਨ ਥੱਲੇ ਵੱਧਣ-ਫੁੱਲਣ ਦੇ ਬਰਾਬਰ ਦੇ ਮੌਕੇ ਮੁਹੱਈਆ ਹੋ ਸਕਣ।

