ਪੰਜਾਬਪਟਿਆਲਾ

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਨੂੰ ਸੰਗਤਾਂ ਸ਼ਰਧਾ ਅਤੇ ਸਤਿਕਾਰ ਨਾਲ ਮਨਾਉਣ : ਪ੍ਰੋ. ਬਡੂੰਗਰ

ਪਟਿਆਲਾ 27 ਮਈ (ਕੰਵਰ ਬੇਦੀ/ਮਧੂਸਾਰ ਬਿਊਰੋ)
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਤੇ ਬਿਰਾਜਮਾਨ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਭ ਤੋਂ ਪਹਿਲਾਂ ਸ਼ਹੀਦੀ ਪਾਕੇ ਭਾਰਤ ਵਿਚ ਸ਼ਹੀਦੀ ਪਰੰਪਰਾ ਦਾ ਮੁੱਢ ਬੰਨ੍ਹਿਆ।

ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਭਾਰਤ ਵਿਚ ਸ਼ਹੀਦੀ ਦੀ ਕੋਈ ਮਿਸਾਲ ਨਹੀਂ ਮਿਲਦੀ, ਜਾਨਵਰਾਂ ਦੀ ਬਲੀ ਦੇਣ ਦੀ ਜਾਂ ਇਸਤਰੀਆਂ ਨੂੰ ਸਤੀ ਕਰਨ ਦਾ ਵਰਣਨ ਤਾਂ ਮਿਲਦਾ ਹੈ ਪਰ ਸ਼ਹੀਦੀ ਤਥਾ ਬਲੀਦਾਨ ਦਾ ਇਤਿਹਾਸ ਵਿਚ ਕੋਈ ਜ਼ਿਕਰ ਨਹੀਂ ਹੈ। ਪ੍ਰੋ. ਬਡੂੰਗਰ ਅੱਜ ਇਤਿਹਾਸਕ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਸਬੰਧੀ ਅਰੰਭ ਕੀਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਅਰਦਾਸ ਵਿਚ ਸ਼ਾਮਲ ਹੋਣ ਆਏ ਸਨ। ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਵੱਖ-ਵੱਖ ਸੇਵਾ ਸੁਸਾਇਟੀਆਂ ਅਤੇ ਸਮੂੰਹ ਸੰਗਤਾਂ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਸਮਾਗਮਾਂ ਵਿਚ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਆਖਿਆ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰਗੱਦੀ ‘ਤੇ ਬਿਰਾਜਮਾਨ ਹੋਕੇ ਅਨੇਕਾਂ ਸਦੀਵੀ ਮਹੱਤਤਾ ਦੇ ਕਾਰਜ ਕਰਵਾਏ ਜੋ ਸਿੱਖ ਧਰਮ ਲਈ ਹੀ ਨਹੀਂ ਸਗੋਂ ਸਮੁੱਚੀ ਮਨੁੱਖਤਾ ਲਈ ਵਡਮੁੱਲੀਆਂ ਦਾਤਾਂ ਹਨ। ਉਨ੍ਹਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਸਰੋਵਰ ਪੱਕਾ ਕਰਵਾ ਕੇ ਸ੍ਰੀ ਦਰਬਾਰ ਸਾਹਿਬ ਦੀ ਨੀਂਹ ਮੁਸਲਮਾਨ ਫਕੀਰ ਸਾਂਈ ਮੀਆਂ ਮੀਰ ਤੋਂ ਰਖਵਾ ਕੇ ਇਕ ਨਵੀਂ ਇਨਕਲਾਬੀ ਪਿਰਤ ਪਾਈ। ਪ੍ਰੋ. ਬਡੂੰਗਰ ਨੇ ਕਿਹਾ ਕਿ ਗੁਰੂ ਅਰਜਨ ਦੇਵ ਜੀ ਨੇ ਸੱਚੀ ਬਾਣੀ ਨੂੰ ਕੱਚੀ ਬਾਣੀ ਤੋਂ ਨਖੇੜਨ ਲਈ ਅਤੇ ਸਿੱਖ ਸਿਧਾਤਾਂ ਨੂੰ ਉਜਾਗਰ ਕਰਨ ਲਈ ਸਾਰੀ ਬਾਣੀ ਦਾ ਇਕ ਪਵਿੱਤਰ ਗੰ੍ਰਥ ਤਿਆਰ ਕਰਵਾਇਆ। ਪ੍ਰੋ. ਬਡੂੰਗਰ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਮਰਿਆਦਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪ ਕਾਇਮ ਕੀਤੀ ਸੀ।
ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਅਰੰਭਤਾ ਦੀ ਅਰਦਾਸ ਉਪਰੰਤ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਦੇ ਮੈਨੇਜਰ ਅਮਰਜੀਤ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਸ਼ਰਧਾ ਅਤੇ ਸਤਿਕਾਰ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ 29 ਮਈ ਨੂੰ ਸਵੇਰੇ ਪਾਏ ਜਾਣਗੇ। ਭੋਗ ਉਪਰੰਤ ਦੀਵਾਨ ਸਜਾਏ ਜਾਣਗੇ ਜਿਸ ਵਿਚ ਵੱਖ-ਵੱਖ ਰਾਗੀ, ਢਾਡੀ, ਪ੍ਰਚਾਰਕ ਅਤੇ ਕੀਰਤਨੀ ਜਥੇ ਸੰਗਤਾਂ ਨੂੰ ਹਰ ਜਸ ਸੁਣਾਕੇ ਨਿਹਾਲ ਕਰਨਗੇ। ਸ੍ਰੀ ਅਖੰਡ ਪਾਠ ਸਾਹਿਬ ਦੀ ਅਰੰਭਤਾ ਦੀ ਅਰਦਾਸ ਹੈੱਡ ਗ੍ਰੰਥੀ ਗਿਆਨੀ ਪ੍ਰਨਾਮ ਸਿੰਘ ਨੇ ਕੀਤੀ। ਇਸ ਮੌਕੇ ਅੰਤ੍ਰਿੰਗ ਕਮੇਟੀ ਮੈਂਬਰ ਜਥੇਦਾਰ ਬਲਵਿੰਦਰ ਸਿੰਘ, ਜਥੇਦਾਰ ਅਮਰਜੀਤ ਸਿੰਘ, ਜਥੇਦਾਰ ਲਾਭ ਸਿੰਘ ਦੇਵੀਨਗਰ, ਡਾ. ਪਰਮਜੀਤ ਸਿੰਘ ਸਰੋਆ, ਜਥੇਦਾਰ ਸਵਿੰਦਰ ਸਿੰਘ ਸਭਰਵਾਲ, ਸੁਖਦਰਸ਼ਨ ਸਿੰਘ ਮਿਹੌਣ ਡਾਇਰੈਕਟਰ ਮਿਲਕਫੈਡ ਪਟਿਆਲਾ, ਮੈਨੇਜਰ ਅਮਰਜੀਤ ਸਿੰਘ ਤੋਂ ਇਲਾਵਾ ਸੰਗਤਾਂ ਹਾਜ਼ਰ ਸਨ।

Leave a Reply

Your email address will not be published. Required fields are marked *