ਨੌਜਵਾਨ ਨਸ਼ਾ ਤਿਆਗ ਕੇ ਸਮਾਜ ਦੀ ਮੁੱਖ ਧਾਰਾ ਵਿਚ ਵਾਪਿਸ ਆਉਣ- ਡਾ. ਰੂਪਮ ਗਿਲ
ਨਸ਼ਾ ਕਰਨ ਵਾਲੇ ਨੂੰ ਸਮਾਜ ਗਲਤ ਨਜ਼ਰੀਏ ਨਾਲ ਦੇਖਦਾ ਹੈ- ਡਾ. ਗਿਲ
ਨਸ਼ਾ ਕਰਨਾ ਇਕ ਮਾਨਸਿਕ ਬਿਮਾਰੀ, ਇਸਦਾ ਇਲਾਜ ਹੋਰਨਾਂ ਬਿਮਾਰੀਆਂ ਵਾਂਗ ਸੰਭਵ- ਡਾ.ਰੂਪਮ
ਅੰਮ੍ਰਿਤਸਰ, 28 ਮਈ (ਸੋਨੁੰ ਨਰੂਲਾ/ਮਧੂਸਾਰ ਬਿਊਰੋ ) ਸਥਾਨਕ ਰਣਜੀਤ ਐਵਨਿਊ ਵੈਲਫੇਅਰ ਸੁਸਾਇਟੀ ਵਲੋਂ ਨਸ਼ਿਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਅਤੇ ਨਸ਼ਾ ਛੱਡਣ ਵਾਲਿਆਂ ਦੀ ਮੱਦਦ ਦੇ ਲਈ ਇਕ ਮੁਫਤ ਨਸ਼ਾ ਛੁਡਾਊ ਕੈਂਪ ਡਾ. ਹਰਜੋਤ ਸਿੰਘ ਨਿਊਰੋਸਾਇਕੇਟਰੀ ਸੈਂਟਰ ਰਣਜੀਤ ਐਵਨਿਊ ਬੀ- ਬਲਾਕ ਵਿਖੇ ਲਗਾਇਆ ਗਿਆ।
ਇਸ ਮੌਕੇ ਅੰਮ੍ਰਿਤਸਰ ਦੇ ਉਘੇ ਨਿਊਰੋਸਾਇਕੇਟਰਿਸਟ ਡਾ. ਹਰਜੋਤ ਸਿੰਘ, ਡਾ. ਰੂਪਮ ਗਿਲ ਮੈਡੀਕਲ ਸੁਪਰਡੈਂਟ, ਡਾ. ਸਾਨੀਆ ਗੁਪਤਾ, ਡਾ. ਰਿਧਿਮ ਸਚਦੇਵਾ ਅਤੇ ਡਾ. ਗੁਰਪ੍ਰਿਆ ਆਨੰਦ ਨੇ ਨਸ਼ਾ ਛੱਡਣ ਦੇ ਚਾਹਵਾਨ ਲੋਕਾਂ ਦੀ ਕੌਂਸਲਿੰਗ ਕਰਕੇ ਉਨਾਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕੀਤਾ ਅਤੇ ਉਨਾਂ ਦਾ ਚੈਕਅਪ ਕਰਕੇ ਦਵਾਈਆਂ ਦਿੱਤੀਆਂ। ਇਸ ਮੌਕੇ ਸੈਂਟਰ ਦੀ ਮੈਡੀਕਲ ਸੁਪਰਡੈਂਟ ਡਾ. ਰੂਪਮ ਗਿਲ ਨੇ ਕਿਹਾ ਕਿ ਬਲਾਕ ਪੱਧਰ ਤੇ ਨਸ਼ਾ ਛੁਡਾਊ ਕੈਂਪ ਲਗਾਏ ਜਾਣਗੇ ਅਤੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵਲੋਂ ਜਿਹੜੀ ਨਸ਼ਾ ਮੁਕਤ ਪੰਜਾਬ ਕਰਨ ਦੀ ਮੁਹਿੰਮ ਆਰੰਭੀ ਗਈ ਹੈ ਉਸ ਵਿਚ ਪੂਰਾ ਸਹਿਯੋਗ ਦਿੱਤਾ ਜਾਵੇਗਾ। ਉਨਾਂ ਨਸ਼ਿਆਂ ਦੀ ਦਲਦਲ ਵਿਚ ਫਸੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਦਾ ਤਿਆਗ ਕਰਕੇ ਸਮਾਜ ਦੀ ਮੁੱਖ ਧਾਰਾ ਵਿਚ ਵਾਪਿਸ ਆਉਣ ਅਤੇ ਆਪਣੇ ਪਰਿਵਾਰ ਨਾਲ ਨਵੀਂ ਜਿੰਦਗੀ ਸ਼ੁਰੂ ਕਰਨ। ਡਾ. ਰੂਪਮ ਗਿਲ ਨੇ ਕਿਹਾ ਕਿ ਨਸ਼ੇ ਜਿੱਥੇ ਸ਼ਰੀਰ ਨੂੰ ਖੋਖਲਾ ਕਰਦੇ ਹਨ ਉਥੇ ਹੀ ਸਮਾਜਿਕ ਤੌਰ ਤੇ ਵੀ ਆਦਮੀ ਦਾ ਅਕਸ ਖਰਾਬ ਕਰ ਦਿੰਦੇ ਹਨ ਅਤੇ ਸਮਾਜ ਉਨਾਂ ਨੂੰ ਗਲਤ ਨਜ਼ਰੀਏ ਨਾਲ ਦੇਖਦਾ ਹੈ ਜਦਕਿ ਨਸ਼ਾ ਕਰਨਾ ਇਕ ਮਾਨਸਿਕ ਬਿਮਾਰੀ ਹੈ ਜਿਸ ਦਾ ਇਲਾਜ ਹੋਰਨਾਂ ਬਿਮਾਰੀਆਂ ਵਾਂਗ ਹੀ ਸੰਭਵ ਹੈ। ਇਸ ਮੌਕੇ ਹਰਪਿੰਦਰ ਸਿੰਘ ਗਾਂਧੀ, ਵਿਨੋਦ ਸ਼ਰਮਾ, ਇਮਰਾਨ ਖਾਨ, ਇਸ਼ਾਨ ਸ਼੍ਰੀਵਾਸਤਵ, ਨਵਪ੍ਰੀਤ ਸਿੰਘ, ਇਸ਼ਾਨ ਕੁਮਾਰ ਆਦਿ ਹਾਜ਼ਰ ਸਨ।

