‘ਆਤਮ-ਮੰਥਨ’ ਬਨਾਮ ‘ਬਗਾਵਤੀ ਸੁਰਾਂ’
‘ਹਾਰ’ ਲਈ ਅਕਾਲੀ ਦਲ ‘ਚ ‘ਧੜੇਬੰਦੀ’ ਰਹੀਂ ਭਾਰੂ
ਕੰਵਰ ਬੇਦੀ
ਪਟਿਆਲਾ : ਜ਼ਿਲ੍ਹੇ ਦੇ 8 ਹਲਕਿਆਂ ਪਟਿਆਲਾ, ਨਾਭਾ, ਫਤਿਹਗੜ੍ਹ ਸਾਹਿਬ, ਅਮਲੋਹ, ਸਮਾਣਾ, ਪਾਤੜਾਂ, ਰਾਜਪੁਰਾ ‘ਚ ਹਾਰ ਦੇ ਕਾਰਨਾਂ ਦਾ ‘ਆਤਮ ਮੰਥਨ’ ਕਰ ਰਹੀ ਕਮੇਟੀ ‘ਚ ਸ਼ਾਮਲ ਕੀਤੇ ਪਰਮਿੰਦਰ ਸਿੰਘ ਢੀਂਡਸਾ, ਐਨ.ਕੇ. ਸ਼ਰਮਾ ਤੇ ਗੋਬਿੰਦ ਸਿੰਘ ਲੌਂਗੋਵਾਲ ਦੇ ਸਾਹਮਣੇ ‘ਅਕਾਲੀ ਦਲ’ ਖਿਲਾਫ਼ ਉਠੀਆਂ ‘ਬਗਾਵਤੀ ਸੁਰਾਂ’ ਅਤੇ ‘ਧੜੇਬੰਦੀ’ ਦਾ ‘ਧੂੰਆਂ’ ਉਠਣ ਨਾਲ ਅਕਾਲੀ ਦਲ ਦੇ ਪ੍ਰਧਾਨ ਸਾਹਮਣੇ ‘ਆਗੂ’ ਅਤੇ ‘ਵਰਕਰ’ ਚੁਣੌਤੀ ਦੇ ਰੂਪ ‘ਚ ਉਭਰੇ ਹਨ।
ਕਮੇਟੀ ਸਾਹਮਣੇ ‘ਚ ਅਕਾਲੀ ਆਗੂ ਅਤੇ ਵਰਕਰ ‘ਹਾਰ’ ਦੇ ਕਾਰਨਾਂ ਦੀ ਸਵੈ-ਪੜਚੋਲ ਕਰਨ ਦੀ ਬਜਾਏ ‘ਹਿੱਕ’ ਤਾਣੀ ਇਕ ਦੂਜੇ ਖਿਲਾਫ਼ ਭੜਾਸ ਕੱਢ ਰਹੇ ਹਨ। ਚੋਣ ਕਮੇਟੀ ਸਾਹਮਣੇ ਅਕਾਲੀ ਆਗੂਆਂ ਦਾ ਨਾਂ ਲੈ ਕੇ ਖੁੱਲ੍ਹਮ-ਖੁੱਲ੍ਹਾ ਕੀਤੇ ਜਾ ਰਹੇ ਵਿਰੋਧ ਨਾਲ ‘ਹਾਰ’ ਦਾ ਸਬਕ ਮਿਲਣ ਤੋਂ ਬਾਅਦ ਵੀ ‘ਧੜੇਬੰਦੀ’ ਘੱਟ ਹੁੰਦੀ ਨਜ਼ਰ ਨਹੀਂ ਆ ਰਹੀ, ਜਿਸ ਨਾਲ ਭਵਿੱਖ ‘ਚ ‘ਅਕਾਲੀ ਦਲ’ ਜੱਕੋ-ਤੱਕੋ ਵਾਲੀ ਸਥਿਤੀ ‘ਚ ਘਿਰਦਾ ਜਾ ਰਿਹਾ ਹੈ।
ਅਕਾਲੀ ਆਗੂਆਂ ਨੇ ਪਾਰਟੀ ਪ੍ਰਧਾਨ ‘ਤੇ ਵੀ ਦੋਸ਼ ਮੜ੍ਹਦਿਆਂ ਕਿਹਾ ਕਿ ‘ਪ੍ਰਧਾਨ’ ਨੇ ‘ਅਕਾਲੀ ਦਲ’ ਦੇ ਅਸਲ ਵਜੂਦ ਨੂੰ ਵੀ ਸੱਟ ਮਾਰੀ ਹੈ, ਜਿਸ ਕਾਰਨ ‘ਅਕਾਲੀ ਦਲ’ ‘ਲੀਹ’ ਤੋਂ ਉਤਰਿਆ। ਇਹ ਵੀ ਗੱਲ ਉਭਰ ਕੇ ਸਾਹਮਣੇ ਆਈ ਕਿ ‘ਅਕਾਲੀ ਦਲ’ ਹਮੇਸ਼ਾ ‘ਕਿਸਾਨੀ’ ਅਤੇ ‘ਪੰਥਕ’ ਏਜੰਡੇ ਨੂੰ ਲੈ ਕੇ ਸੱਤਾ ਹਾਸਲ ਕਰਦਾ ਰਿਹਾ, ਪ੍ਰੰਤੂ ਲੰਮੇ ਸਮੇਂ ਤੋਂ ਏਨਾ ‘ਮੁੱਦਿਆਂ’ ਤੋਂ ਥਿੜ ਜਾਣ ਕਾਰਨ ਅਕਾਲੀ ਦਲ ਨੂੰ ਹਾਰ ਦੇ ਮੁਖਾਤਬ ਹੋਣਾ ਪਿਆ। ਅਕਾਲੀ ਦਲ ‘ਚ ਟਕਸਾਲੀ ਆਗੂਆਂ ਨੂੰ ‘ਖੁੰਡੇ’ ਲਗਾ ਕੇ ਨਵਿਆਂ ਦਾ ‘ਉਭਾਰ’ ਕਰਨ ਵੱਲ ਧਿਆਨ ਦਿੱਤਾ ਗਿਆ। ਉਨ੍ਹਾਂ ਲੋਕਾਂ ਨੂੰ ਅਹੁਦੇਦਾਰੀਆਂ, ਚੇਅਰਮੈਨੀਆਂ ਦੇ ਦਿੱਤੀਆਂ ਗਈਆਂ, ਜਿਨ੍ਹਾਂ ਦਾ ਅਕਾਲੀ ਦਲ ਨਾਲ ਵਾਹ-ਵਾਸਤਾ ਤੱਕ ਨਹੀਂ ਸੀ ਅਤੇ ਨਾ ਹੀ ਉਹ ਖ਼ੁਦ ‘ਅਕਾਲੀ’ ਸਨ। ਆਗੂਆਂ ਨੇ ਇਹ ਵੀ ਗੱਲ ਰੱਖੀ ਕਿ ‘ਵੋਟ’ ਹਾਸਲ ਕਰਨ ਲਈ ‘ਅਕਾਲੀ ਦਲ’ ਨੇ ਚਿਰਾਂ ਤੋਂ ਸਥਿਰ ਚੱਲਦੀ ਆ ਰਹੀ ‘ਵੋਟ’ ਨੂੰ ਪੱਕਾ ਕਰਨ ਦੀ ਬਜਾਏ ਉਨ੍ਹਾਂ ਲੋਕਾਂ ਤੋਂ ਵੋਟ ਹਾਸਲ ਕਰਨੇ ਚਾਹੇ, ਜਿਨ੍ਹਾਂ ਕੋਲ ਪਾਰਟੀ ਵੱਲੋਂ ਦਿੱਤੇ ਅਹੁਦੇ ਤਾਂ ਸਨ, ਪ੍ਰੰਤੂ ਨਾ ਤਾਂ ਉਨ੍ਹਾਂ ਕੋਲ ‘ਕੇਡਰ’ ਸਨ ਅਤੇ ਨਾ ਹੀ ‘ਵੋਟ ਬੈਂਕ’, ਜਿਨ੍ਹਾਂ ਦਾ ਮਕਸਦ ਸਿਰਫ ਅਕਾਲੀ ਦਲ ਦੀ ਸਰਕਾਰ ‘ਚ ਸੱਤਾ ਦਾ ਸੁੱਖ, ਆਪਣੇ ‘ਮਨੋਰਥ’ ਨੂੰ ਹਾਸਲ ਕਰਨਾ ਰਿਹਾ, ਪ੍ਰੰਤੂ ਉਨ੍ਹਾਂ ਨੇ ‘ਅਕਾਲੀ ਦਲ’ ਦੀ ਮਜ਼ਬੂਤੀ, ਪ੍ਰਚਾਰ ਤੇ ਪਸਾਰ ਲਈ ਕਦੇ ਵੀ ਜ਼ਮੀਨੀ ਤੌਰ ‘ਤੇ ਕੰਮ ਨਾ ਕੀਤਾ।
ਅਕਾਲੀ ਦਲ ਨੇ ਐਸ.ਸੀ./ਬੀ.ਸੀ. ਭਾਈਚਾਰਾ, ਪੱਛੜੀਆਂ ਸ਼੍ਰੇਣੀਆਂ, ਮੁਸਲਿਮ ਵਰਗ ਤੋਂ ਇਲਾਵਾ ਵੱਖ-ਵੱਖ ਖੇਤਰਾਂ ਦੇ ਲੋਕਾਂ ਨੂੰ ‘ਲੀਡਰ’ ਬਣਾ ਕੇ ਪਾਰਟੀ ਦਾ ਅਹਿਮ ਅੰਗ ਤਾਂ ਬਣਾਇਆ, ਪ੍ਰੰਤੂ ਏਨਾ ਲੋਕਾਂ ਦੀ ‘ਨਿਗੂਣੀ’ ਵੋਟ ਵੀ ਅਕਾਲੀ ਦਲ ਨੂੰ ਨਾ ਭੁਗਤੀ। ‘ਅਕਾਲੀ ਦਲ’ ਵੱਲੋਂ ਘਰ-ਘਰ ਜਿਲ੍ਹਾ ਪ੍ਰਧਾਨ, ਮੀਤ ਪ੍ਰਧਾਨ, ਐਡਵਾਈਜ਼ਰੀ ਕਮੇਟੀ ਮੈਂਬਰ ਅਤੇ ਹੋਰ ਕਈ ਅਹੁਦੇ ਵੰਡੇ ਗਏ, ਜੋ ਸਿਰਫ ਆਪਣੇ-ਆਪ ਨੂੰ ‘ਫਲੈਕਸ ਬੋਰਡ’ ਰਾਹੀਂ ਰਾਜਨੀਤੀ ਕਰਨ ਨੂੰ ਤਰਜੀਹ ਦੇ ਰਹੇ ਸਨ। ਚੋਣਾਂ ਤੋਂ ਪਹਿਲਾਂ ‘ਅਕਾਲੀ ਦਲ’ ਦੇ ਪ੍ਰਧਾਨ ਪਾਰਟੀ ‘ਚ ਬਣੀ ਹੋਈ ‘ਧੜੇਬੰਦੀ’ ਤੋਂ ਵਾਕਿਫ ਸਨ, ਪ੍ਰੰਤੂ ਕਦੇ ਉਨ੍ਹਾਂ ਇਸ ਧੜੇਬੰਦੀ ਨੂੰ ਘਟ ਕਰਨ ਲਈ ਕੋਈ ਉਸਾਰੂ ਕਦਮ ਨਾ ਚੁੱਕਿਆ ਗਿਆ, ਜਿਸ ਦਾ ਖਮਿਆਜ਼ਾ ਅਕਾਲੀ ਦਲ ਸੱਤਾ ਤੋਂ ਬਾਹਰ ਰਹਿ ਕੇ ਭੁਗਤ ਰਿਹਾ ਹੈ। ਅਕਾਲੀ ਦਲ ਨੇ ‘ਯੂਥ’ ਨੂੰ ਪਾਰਟੀ ਦੀ ਰੀੜ ਦਾ ਹੱਡੀ ਮੰਨਿਆ, ਪ੍ਰੰਤੂ ‘ਯੂਥ’ ਵੋਟਾਂ ਵੀ ਉਸ ਤਰੀਕੇ ਨਾਲ ਨਾ ਭੁਗਤੀਆਂ, ਜਿਸ ਦੀ ਉਮੀਦ ਅਕਾਲੀ ਦਲ ਨੂੰ ਸੀ। ਅਕਾਲੀ ਦਲ ਵੱਲੋਂ ਹਰ ਜ਼ਿਲ੍ਹੇ ‘ਚ ਸਿਫਾਰਸ਼ੀ ਯੂਥ ਪ੍ਰਧਾਨਾਂ ਦੀ ਚੋਣ ਕੀਤੀ ਗਈ, ਜੋ ਸਿਰਫ ਇਕੱਠਾਂ ਰਾਹੀਂ ਸ਼ਕਤੀ ਪ੍ਰਦਰਸ਼ਨ ਤਾਂ ਵਿਖਾਉਂਦੇ ਰਹੇ, ਪ੍ਰੰਤੂ ਚੋਣਾਂ ਸਮੇਂ ਉਨ੍ਹਾਂ ਦੀ ‘ਯੂਥ ਸ਼ਕਤੀ’ ਦਮ ਭਰਦੀ ਨਜ਼ਰ ਆਈ, ਜੋ ਵੋਟਾਂ ਵਾਲੇ ਦਿਨ ਇਧਰ-ਉਧਰ ਰਿੰਡ-ਪੁੰਡ ਗਈ। ਪਾਰਟੀ ਪ੍ਰਧਾਨ ਵੱਲੋਂ ਹਰ ਜ਼ਿਲ੍ਹੇ ‘ਚ ਕਈ ਆਗੂਆਂ ਹੱਥ ਸੌਂਪੀ ਗਈ ਵਾਗਢੋਰ ਅਕਾਲੀ ਦਲ ਨੂੰ ਲੈ ਬੈਠੀ ਕਿਉਂਕਿ ਭਾਵੇਂ ਅਕਾਲੀ ਦਲ ਨਾਲ ਸਾਰੇ ਜੁੜਕੇ ਕੰਮ ਕਰ ਰਹੇ ਸਨ, ਪ੍ਰੰਤੂ ਉਨ੍ਹਾਂ ਆਪਸੀ ਧੜੇਬੰਦੀ ਦੇ ਚੱਲਦਿਆਂ ਇਕ-ਦੂਜੇ ਦਾ ਨੁਕਸਾਨ ਕਰਨ ਦੀ ਬਜਾਏ ‘ਅਕਾਲੀ ਦਲ’ ਦਾ ਵੱਡਾ ਨੁਕਸਾਨ ਕਰ ਦਿੱਤਾ।
ਪਟਿਆਲਾ ਜ਼ਿਲ੍ਹੇ ਦੇ 9 ਹਲਕਿਆਂ ‘ਚ ਹਲਕਾ ਸਨੌਰ ਦੀ ਸੀਟ ਛੱਡ ਕੇ ਅਕਾਲੀ ਦਲ ਨੂੰ ਸਾਰੀਆਂ ਸੀਟਾਂ ਤੋਂ ਹਾਰ ਆਪਸੀ ਧੜੇਬੰਦੀ ਕਾਰਨ ਸਹਿਣੀ ਪਈ ਹੈ, ਕਿਉਂਕਿ ਪਾਰਟੀ ਪ੍ਰਧਾਨ ਧੜੇਬੰਦੀ ਬਾਰੇ ਜਾਣੂੰ ਹੋਣ ਦੇ ਬਾਵਜੂਦ ਵੀ ਗੰਭੀਰਤਾ ਨਾ ਵਿਖਾ ਸਕੇ। ਕਮੇਟੀ ਸਾਹਮਣੇ ਅਕਾਲੀ ਆਗੂ ਤੇ ਵਰਕਰ ਹਾਰ ਦੇ ਕਾਰਨਾਂ ਦੀ ਜ਼ਿੰਮੇਵਾਰੀ ਲੈਣ ਦੀ ਬਜਾਏ ‘ਕੂੜ ਪ੍ਰਚਾਰ’ ਨੂੰ ਰੋਕਣ ‘ਚ ਅਸਫਲਤਾ ਦੀ ਗੱਲ ਨੂੰ ਉਭਾਰਦੇ ਰਹੇ, ਜਦਕਿ ਅਕਾਲੀ ਦਲ ਦੇ ਹਾਰ ਦੇ ਲਈ ‘ਧੜੇਬੰਦੀ’ ਅਹਿਮ ਕਾਰਨ ਬਣੀ। ਕਮੇਟੀ ਸਾਹਮਣੇ ਅਕਾਲੀ ਆਗੂਆਂ ਤੇ ਵਰਕਰਾਂ ਵੱਲੋਂ ਭੜਾਸ ਕੱਢੇ ਜਾਣ ਤੋਂ ਬਾਅਦ ਇਹ ਗੱਲ ਵੀ ਮੰਨੀ ਗਈ ਕਿ ‘ਸਰਕਾਰ’ ‘ਅਕਾਲੀ ਦਲ’ ‘ਤੇ ਹਾਵੀ ਰਹੀ, ਜਿਸ ਦਾ ਖਮਿਆਜ਼ਾ ‘ਅਕਾਲੀ ਦਲ’ ਭੁਗਤ ਰਿਹਾ ਹੈ।
ਆਤਮ ਮੰਥਨ ਮੀਟਿੰਗਾਂ ਤੋਂ ਬਾਅਦ ਜੇ ਭਵਿੱਖ ‘ਚ ਅਜੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਨੇ ‘ਧੜੇਬੰਦੀ’ ਨੂੰ ਖ਼ਤਮ ਕਰਨ,ਪਾਰਟੀ ਨੂੰ ਪੈਰਾਂ ਭਾਰ ਕਰਨ ਅਤੇ ਜ਼ਮੀਨੀ ਤੌਰ ‘ਤੇ ਕੰਮ ਕਰਨ ਵਾਲੇ ਅਕਾਲੀ ਆਗੂਆਂ ਤੇ ਵਰਕਰਾਂ ਦੀ ਪਹਿਚਾਣ ਨਾ ਕੀਤੀ ਤਾਂ ਭਵਿੱਖ ‘ਚ ‘ਅਕਾਲੀ ਦਲ’ ਦੀ ਹੋਂਦ ਵੀ ਖ਼ਤਰੇ ‘ਚ ਪੈ ਸਕਦੀ ਹੈ।

