ਜ਼ਿਲ੍ਹੇ ਦਾ ਸਪੋਰਟਸ ਕੈਲੰਡਰ ਛੇਤੀ ਹੀ, ਜਨਵਰੀ ‘ਚ ਖੇਡਿਆਂ ਜਾਵੇਗਾ ਪਟਿਆਲਾ ਪ੍ਰੀਮੀਅਰ ਲੀਗ
8-10 ਪਿੰਡਾਂ ਦਾ ਬਣੇਗਾ ਕਲਸਟਰ, ਫੇਰ ਬਲਾਕ ਪੱਧਰ ‘ਤੇ ਹੋਣਗੀਆਂ ਖੇਡਾਂ
ਨੈਸ਼ਨਲ ਸਟਾਇਲ ਕਬੱਡੀ, ਵਾਲੀਵਾਲ ਅਤੇ ਐਥਲੈਟਿਕਸ ਦੇ ਟੂਰਨਾਮੈਂਟ ਅਕਤੂਬਰ ਮਹੀਨੇ ‘ਚ ਹੋਣਗੇ
ਪਟਿਆਲਾ, 6 ਜੂਨ (ਕੰਵਰ ਬੇਦੀ/ਮਧੂਸਾਰ ਬਿਊਰੋ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਜ਼ਿਲ੍ਹੇ ਪਟਿਆਲਾ ਦਾ ਸਪੋਰਟਸ ਕੈਲੰਡਰ ਛੇਤੀ ਹੀ ਜਾਰੀ ਕੀਤਾ ਜਾਵੇਗਾ। ਮਿੰਨੀ ਸਕੱਤਰੇਤ ਵਿਖੇ ਖੇਡ ਵਿਭਾਗ, ਪੇਂਡੂ ਵਿਕਾਸ ਵਿਭਾਗ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਹੋਈ ਮੀਟਿੰਗ ਤੋਂ ਬਾਅਦ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਇਹ ਜਾਣਕਾਰੀ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਤੰਦਰੁਸਤੀ ਵੱਲ ਲੈ ਕੇ ਜਾਣ ਲਈ ਸਰਕਾਰ ਪੇਂਡੂ ਪੱਧਰ ਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਨਵੀਂ ਯੋਜਨਾ ਲਾਗੂ ਕਰਨ ਜਾ ਰਹੀ ਹੈ। ਇਸ ਅਨੁਸਾਰ ਜਿਹੜੀਆਂ ਖੇਡਾਂ ਪਿੰਡਾਂ ਵਿੱਚ ਜਿਆਦਾ ਖੇਡੀਆਂ ਜਾਂਦੀਆਂ ਹਨ ਅਤੇ ਜਿਨਾਂ ਦਾ ਢਾਂਚਾ ਵੀ ਮੌਜੂਦ ਹੈ ਸਭ ਤੋਂ ਪਹਿਲਾਂ ਉਨ੍ਹਾਂ ਖੇਡਾਂ ਦੇ ਟੂਰਨਾਮੈਂਟ ਪਿੰਡ ਪੱਧਰ ਤੇ ਸ਼ੁਰੂ ਕਰਵਾਏ ਜਾ ਰਹੇ ਹਨ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 1568 ਕਲੱਬ ਹਨ ਅਤੇ ਪਟਿਆਲਾ ਜ਼ਿਲ੍ਹੇ ਦੇ ਪਿੰਡਾਂ ਚ ਕਬੱਡੀ ਵਾਲੀਵਾਲ ਅਤੇ ਐਥਲੈਟਿਕਸ ਵੱਲ ਲੋਕਾਂ ਦਾ ਜ਼ਿਆਦਾ ਰੁਝਾਨ ਹੈ ਉਨ੍ਹਾਂ ਕਿਹਾ ਕਿ ਅਗਲੇ ਸਾਲ ਜਨਵਰੀ ਜਾਂ ਫਰਵਰੀ ਮਹੀਨੇ ਵਿੱਚ ਪਟਿਆਲਾ ਪ੍ਰੀਮੀਅਰ ਲੀਗ ਆਯੋਜਿਤ ਕੀਤਾ ਜਾਵੇਗਾ ਇਸ ਵਿੱਚ 8 ਟੀਮਾਂ ਭਾਗ ਲੈਣਗੀਆਂ ਇਹ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਦੀਆਂ ਹੋਣਗੀਆਂ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੇਂਡੂ ਪੱਧਰ ਤੇ ਹਰ ਯੋਗ ਖਿਡਾਰੀ ਨੂੰ ਮੌਕਾ ਮਿਲੇ ਇਸ ਲਈ ਹਰ 8-10 ਪਿੰਡਾਂ ਦਾ ਇਕ ਕਲਸਟਰ ਬਣਾਇਆ ਜਾਵੇਗਾ ਜਿਸ ਵਿੱਚ ਵਧੀਆਂ ਖਿਡਾਰੀਆਂ ਦੀ ਟੀਮ ਚੁਣ ਕੇ ਫੇਰ ਬਲਾਕ ਪੱਧਰ ‘ਤੇ ਇਨ੍ਹਾਂ ਖੇਡਾਂ ਦਾ ਟੂਰਨਾਮੈਂਟ ਆਯੋਜਿਤ ਕੀਤਾ ਜਾਵੇਗਾ। ਜਿਸ ਉਪਰੰਤ ਚੁਣੇ ਗਏ ਖਿਡਾਰੀਆਂ ਨੂੰ ਅੱਗੇ ਪਟਿਆਲਾ ਪ੍ਰੀਮੀਅਰ ਲੀਗ ਵਿੱਚ ਖੇਡਣ ਦਾ ਮੌਕਾ ਮਿਲੇਗਾ।
ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਬਲਾਕ ਪੱਧਰ ਤੇ ਨੈਸ਼ਨਲ ਸਟਾਇਲ ਕਬੱਡੀ, ਬਾਲੀਵਾਲ ਅਤੇ ਐਥਲੈਟਿਕਸ ਦੇ ਟੂਰਨਾਮੈਂਟ ਅਕਤੂਬਰ ਮਹੀਨੇ ‘ਚ ਹੋਣਗੇ। ਉਨ੍ਹਾਂ ਕਿਹਾ ਕਿ ਨੈਸ਼ਨਲ ਸਟਾਇਲ ਕਬੱਡੀ ਨੂੰ ਏਸ਼ੀਆਡ ਅਤੇ ਕੌਮੀ ਪੱਧਰ ਤੇ ਹੋਣ ਵਾਲੇ ਪ੍ਰੀਮੀਅਰ ਲੀਗ ਅਤੇ ਨੈਸ਼ਨਲ ਖੇਡਾਂ ਨੂੰ ਧਿਆਨ ਵਿੱਚ ਰੱਖਿਆ ਜਾ ਰਿਹਾ ਹੈ। ਇਨ੍ਹਾਂ ਖੇਡਾਂ ਵਿੱਚ ਸਕੂਲਾਂ ਦੇ ਖੇਡ ਮੈਦਾਨਾਂ ਦੀ ਵਰਤੋਂ ਕੀਤੀ ਜਾਵੇਗੀ ਅਤੇ ਸਿੱਖਿਆ ਵਿਭਾਗ ਦੇ ਪੀ.ਟੀ.ਆਈ. ਅਤੇ ਖੇਡ ਵਿਭਾਗ ਦੇ ਮਾਹਿਰਾਂ ਦਾ ਸਹਿਯੋਗ ਲਿਆ ਜਾਵੇਗਾ ਅਤੇ ਨੌਜਵਾਨਾਂ ‘ਚ ਮੁਕਾਬਲੇ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਇਨ੍ਹਾਂ ਖੇਡਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ, ਜ਼ਿਲ੍ਹਾ ਖੇਡ ਅਧਿਕਾਰੀ ਅਤੇ ਬਾਕਸਿੰਗ ਦ ਵਿਕਾਸ ਅੰਤਰ ਰਾਸ਼ਟਰੀ ਕੋਚ ਸ੍ਰੀ ਹਰਪ੍ਰੀਤ ਸਿੰਘ ਸੰਧੂ, ਡਾਇਰੈਕਟਰ ਯੂਥ ਵੈਲਫੇਅਰ ਡਾ. ਮਲਕੀਤ ਸਿੰਘ ਮਾਨ, ਜ਼ਿਲ੍ਹਾ ਸਿੱਖਿਆ ਅਧਿਕਾਰੀ ਸ੍ਰੀ ਸੰਜੀਵ ਸ਼ਰਮਾ ਅਤੇ ਸਮੂਹ ਬੀ.ਡੀ ਓਜ ਵੀ ਮੌਜੂਦ ਸਨ।

