ਪਟਿਆਲਾ

ਐਸ.ਸੀ/ਬੀ.ਸੀ ਭਾਈਚਾਰੇ ਨੇ ਡਾ. ਗੁਰਜੰਟ ਨਾਲ ਧੱਕੇਸ਼ਾਹੀ ਦਾ ਮਾਮਲਾ ਰੱਖਿਆ ਨਵੇਂ ਵੀ.ਸੀ. ਕੋਲ

ਪਟਿਆਲਾ 4 ਜੁਲਾਈ (ਕੰਵਰ ਬੇਦੀ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਦੇ ਕਾਰਜਕਾਰੀ ਵਾਈਸ ਚਾਂਸਲਰ ਸੀਨੀਅਰ ਆਈ.ਏ.ਐਸ. ਅਧਿਕਾਰੀ ਸ. ਐਸ.ਕੇ.ਸੰਧੂ ਦਾ ਪੰਜਾਬੀ ਯੂਨੀਵਰਸਿਟੀ ਕੈਂਪਸ ਵਿਖੇ ਆਉਣ ‘ਤੇ ਐਸ.ਸੀ/ਬੀ.ਸੀ ਇੰਪਲਾਈਜ਼ ਫੈਡਰੇਸ਼ਨ, ਪੰਜਾਬੀ ਯੂਨੀਵਰਸਿਟੀ ਦੇ ਪ੍ਰਧਾਨ ਜਤਿੰਦਰ ਸਿੰਘ ਮੱਟੂ ਦੀ ਅਗਵਾਈ ਵਿਚ ਸਮੁੱਚੇ ਭਾਈਚਾਰੇ ਦੇ ਕਰਮਚਾਰੀਆਂ ਅਤੇ ਵਿਦਿਆਰਥੀਆਂ ਵਲੋਂ ਫੁੱਲਾਂ ਦੇ ਬੁਕਿਆਂ ਨਾਲ ਭਰਵਾਂ ਸੁਆਗਤ ਕੀਤਾ।

ਇਸ ਮੌਕੇ ਪ੍ਰਧਾਨ ਜਤਿੰਦਰ ਸਿੰਘ ਮੱਟੂ ਨੇ ਕਿਹਾ ਹੈ ਕਿ ਸਾਨੂੰ ਪੂਰਣ ਆਸ ਹੈ ਕਿ ਨਵੇਂ ਕਾਰਜਕਾਰੀ ਵਾਈਸ ਚਾਂਸਲਰ ਯੂਨੀਵਰਸਿਟੀ ਦੇ ਚੱਲ ਰਹੇ ਹਾਲਾਤਾਂ ਵਿਚ ਸੁਧਾਰ ਲਿਆਉਣਗੇ ਅਤੇ ਕਿਸੇ ਵੀ ਕਰਮਚਾਰੀ ਨਾਲ ਧੱਕੇਸ਼ਾਹੀ ਨਹੀਂ ਹੋਣ ਦੇਣਗੇ। ਇਸ ਮੌਕੇ ਜਤਿੰਦਰ ਸਿੰਘ ਮੱਟੂ ਨੇ ਨਵੇਂ ਕਾਰਜਕਾਰੀ ਵਾਈਸ ਚਾਂਸਲਰ ਸ. ਐਸ.ਕੇ.ਸੰਧੂ ਦੇ ਸਾਹਮਣੇ ਪੰਜਾਬੀ ਵਿਭਾਗ ਵਿਚ ਬਤੌਰ ਅਸਿਸਟੈਂਟ ਪ੍ਰੋਫੈਸਰ ਵਜੋਂ ਕਾਰਜ ਕਰ ਰਹੇ ਡਾ. ਗੁਰਜੰਟ ਸਿੰਘ ਦਾ ਮਸਲਾ ਰੱਖਿਆ। ਫੈਡਰੇਸ਼ਨ ਪ੍ਰਧਾਨ ਨੇ ਕਿਹਾ ਕਿ 4 ਫਰਵਰੀ 2016 ਤੋਂ ਡਾ. ਗੁਰਜੰਟ ਸਿੰਘ ਦੀ ਬਦਲੀ ਪੰਜਾਬੀ ਵਿਭਾਗ ਵਿਖੇ ਕੀਤੀ ਹੋਈ ਹੈ ਪਰ ਵਿਭਾਗ ਦੇ ਮੁੱਖੀ ਵਲੋਂ ਅਜੇ ਤੱਕ ਨਾ ਤਾਂ ਡਾ. ਗੁਰਜੰਟ ਸਿੰਘ ਨੂੰ ਕਲਾਸਾਂ ਦਾ ਵਰਕ ਲੋਡ ਦਿੱਤਾ ਗਿਆ ਹੈ ਅਤੇ ਨਾ ਹੀ ਅਧਿਆਪਕ ਨੂੰ ਬੈਠਣ ਲਈ ਕੋਈ ਕਮਰਾ। ਜਿਸ ਕਾਰਣ ਇਸ ਅਧਿਆਪਕ ਨੂੰ ਆਪਣੇ ਖੋਜਾਰਥੀਆਂ ਨੂੰ ਯੂਨੀਵਰਸਿਟੀ ਦੇ ਪਾਰਕਾਂ ਵਿਚ ਦਰੱਖਤਾਂ ਦੇ ਥੱਲੇ ਹੀ ਖੋਜ ਕਾਰਜ ਕਰਵਾਉਣਾ ਪੈ ਰਿਹਾ ਹੈ। ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਇਹ ਸਰਾਸਰ ਨਾ ਇਨਸਾਫੀ ਹੈ ਅਤੇ ਮਨੁੱਖੀ ਹੱਕਾਂ ਦਾ ਘਾਣ ਹੈ। ਇਸ ਲਈ ਡਾ. ਗੁਰਜੰਟ ਸਿੰਘ ਨੂੰ ਉਸਦੇ ਬਣਦੇ ਹੱਕ ਦਿਵਾਏ ਜਾਣ। ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਹੁਣ ਤੱਕ ਫੈਡਰੇਸ਼ਨ ਯੂਨੀਵਰਸਿਟੀ ਅਥਾਰਿਟੀ ਵੱਲ ਦੇਖ ਰਹੀ ਸੀ ਕਿ ਕਦੋਂ ਇਸ ਅਧਿਆਪਕ ਨੂੰ ਇਨਸਾਫ ਮਿਲੇਗਾ। ਇਸ ਮੌਕੇ ਡਾ. ਗੁਰਜੰਟ ਸਿੰਘ ਵਲੋਂ ਨਵੇਂ ਵਾਈਸ ਚਾਂਸਲਰ ਪਾਸੋਂ ਇਨਸਾਫ ਲਈ ਇਕ ਮੰਗ ਪੱਤਰ ਵੀ ਉਨਾਂ ਨੂੰ ਸੌਂਪਿਆ ਗਿਆ। ਇਸ ਮੌਕੇ ਕਾਰਜਕਾਰੀ ਵਾਈਸ ਚਾਂਸਲਰ ਨੇ ਇੰਪਲਾਈਜ਼ ਫੈਡਰੇਸ਼ਨ ਨੂੰ ਵਿਸ਼ਵਾਸ਼ ਦਿਵਾਇਆ ਕਿ ਸਬੰਧਤ ਅਧਿਆਪਕ ਵਾਲਾ ਮਾਮਲਾ ਜਲਦ ਹੱਲ ਕਰ ਲਿਆ ਜਾਵੇਗਾ। ਇਸ ਮੌਕੇ ਹਾਜਰ ਫੈਡਰੇਸ਼ਨ ਨੁਮਾਇੰਦਿਆਂ ਵਿਚ ਡਿਪਟੀ ਰਜਿਸਟਰਾਰ ਮੈਡਮ ਸ਼ਾਂਤਾ ਦੇਵੀ, ਸਹਾਇਕ ਰਜਿਸਟਰਾਰ ਸ. ਸੇਵਾ ਸਿੰਘ, ਡਿਪਟੀ ਲਾਇਬਰੇਰੀਅਨ ਡਾ. ਗਿਆਨ ਸਿੰਘ, ਡਾ. ਓਂਕਾਰ ਸਿੰਘ, ਡਾ. ਗੁਰਜੰਟ ਸਿੰਘ, ਸੁਪਰਡੈਂਟ ਦੇਵਕੀ ਰਾਣੀ, ਬਲਬੀਰ ਸਿੰਘ, ਅੰਮ੍ਰਿਤਪਾਲ ਸਿੰਘ, ਗੁਰਪ੍ਰੀਤ ਸਿੰਘ, ਮਨੀ, ਸੁਪਰਡੈਂਟ ਸ਼ਮਸ਼ੇਰ ਸਿੰਘ, ਸੁਖਵਿੰਦਰ ਸਿੰਘ, ਨੰਦ ਲਾਲ, ਕੁਲਵਿੰਦਰ ਸਿੰਘ, ਰਿਸਰਚ ਸਕਾਲਰ ਰਵੀ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਰਮਚਾਰੀ ਅਤੇ ਵਿਦਿਆਰਥੀ ਹਾਜਰ ਸਨ।

Leave a Reply

Your email address will not be published. Required fields are marked *