ਦੂਜੇ ਪੜਾਅ ਵਜੋਂ 31 ਜੁਲਾਈ ਨੂੰ ਦੁਆਬਾ ਜ਼ੋਨ ‘ਚ ਆਰੰਭ ਹੋਵੇਗੀ ਧਰਮ ਪ੍ਰਚਾਰ ਲਹਿਰ -ਪ੍ਰੋ: ਬਡੂੰਗਰ
ਤਿਆਰੀਆਂ ਸਬੰਧੀ 17 ਜੁਲਾਈ ਨੂੰ ਬੁਲਾਈ ਦੁਆਬੇ ਦੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਇਕੱਤਰਤਾ
ਅੰਮ੍ਰਿਤਸਰ, 11 ਜੁਲਾਈ (ਸੁਖਬੀਰ ਸਿੰਘ/ਮਧੂਸਾਰ ਬਿਊਰੋ)
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਰੰਭੀ ਗਈ ਧਰਮ ਪ੍ਰਚਾਰ ਲਹਿਰ ਤਹਿਤ ਦੁਆਬਾ ਜ਼ੋਨ ਵਿਚ ਇਸ ਦੀ ਸ਼ੁਰੂਆਤ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ 31 ਜੁਲਾਈ 2017 ਨੂੰ ਇੱਕ ਮਹਾਨ ਗੁਰਮਤਿ ਸਮਾਗਮ ਰਾਹੀਂ ਕੀਤੀ ਜਾਵੇਗੀ, ਜਿਸ ਦੀਆਂ ਤਿਆਰੀਆਂ ਸਬੰਧੀ ਦੁਆਬੇ ਨਾਲ ਸਬੰਧਤ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਵਿਸ਼ੇਸ਼ ਇਕੱਤਰਤਾ 17 ਜੁਲਾਈ ਨੂੰ ਤਖਤ ਸਾਹਿਬ ਵਿਖੇ ਬੁਲਾਈ ਗਈ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਦੱਸਿਆ ਕਿ ਸੰਗਤਾਂ ਨੂੰ ਗੁਰਮਤਿ ਫਲਸਫੇ, ਗੁਰਬਾਣੀ, ਸਿੱਖ ਇਤਿਹਾਸ ਅਤੇ ਗੁਰਮਤਿ ਰਹਿਣੀ ਨਾਲ ਜੋੜਨ ਲਈ ਵੱਡੇ ਪੱਧਰ ‘ਤੇ ਉਪਰਾਲੇ ਆਰੰਭੇ ਗਏ ਹਨ। ਉਨ੍ਹਾਂ ਦੱਸਿਆ ਕਿ ਧਰਮ ਪ੍ਰਚਾਰ ਲਹਿਰ ਦੀ ਆਰੰਭਤਾ ਮਾਲਵੇ ਤੋਂ ਕੀਤੀ ਜਾ ਚੁੱਕੀ ਹੈ ਅਤੇ ਤਖਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਵਿਖੇ ਆਰੰਭਤਾ ਸਮਾਗਮ ਵਿਚ ਸਿੱਖ ਕੌਮ ਦੀਆਂ ਧਾਰਮਿਕ ਸ਼ਖਸੀਅਤਾਂ ਨੇ ਭਰਵੀਂ ਸ਼ਮੂਲੀਅਤ ਕਰਕੇ ਪ੍ਰਚਾਰ ਲਹਿਰ ਵਿਚ ਯੋਗਦਾਨ ਪਾਉਣ ਦੀ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ ਹੈ। ਪ੍ਰੋ: ਬਡੂੰਗਰ ਨੇ ਕਿਹਾ ਕਿ ਹੁਣ ਇਸਦੇ ਅਗਲੇ ਪੜਾਅ ਤਹਿਤ ਦੁਆਬੇ ਦੇ ਪਿੰਡਾਂ ਵਿਚ ਧਰਮ ਪ੍ਰਚਾਰ ਕਰਨ ਲਈ ਸਮਾਗਮ ਆਯੋਜਿਤ ਕੀਤੇ ਜਾਣਗੇ। ਦੁਆਬਾ ਜ਼ੋਨ ਦੇ ਸਮਾਗਮਾਂ ਦੀ ਆਰੰਭਤਾ 31 ਜੁਲਾਈ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵਿਸ਼ਾਲ ਗੁਰਮਤਿ ਸਮਾਗਮ ਰਾਹੀਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਦੁਆਬਾ ਜ਼ੋਨ ਦੇ ਸਮਾਗਮ ਦੀਆਂ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਹਨ ਅਤੇ ਇਸੇ ਸਬੰਧ ਵਿਚ 17 ਜੁਲਾਈ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨਾਲ ਵਿਚਾਰ-ਵਟਾਂਦਰਾ ਕਰਨ ਲਈ ਤਖਤ ਸਾਹਿਬ ਵਿਖੇ ਇਕੱਤਰਤਾ ਬੁਲਾਈ ਗਈ ਹੈ।
ਉਨ੍ਹਾਂ ਕਿਹਾ ਕਿ ਧਰਮ ਪ੍ਰਚਾਰ ਲਹਿਰ ਵਿਚ ਹਰ ਵਰਗ ਦਾ ਸਾਥ ਲਿਆ ਜਾਵੇਗਾ ਅਤੇ ਗੁਰਮਤਿ ਪ੍ਰਚਾਰ ਲਈ ਆਰੰਭੇ ਯਤਨਾਂ ਤਹਿਤ ਪੰਜਾਬ ਤੋਂ ਇਲਾਵਾ ਦੇਸ਼ ਦੇ ਹੋਰਨਾਂ ਸੂਬਿਆਂ ਵਿਚ ਵੀ ਸਮਾਗਮ ਆਯੋਜਿਤ ਕੀਤੇ ਜਾਣਗੇ। ਉਨ੍ਹਾਂ ਸੰਗਤ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੇ ਮਹਾਨ ਵਿਰਸੇ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਆਰੰਭ ਕੀਤੀ ਗਈ ਇਸ ਪ੍ਰਚਾਰ ਲਹਿਰ ਦਾ ਹਿੱਸਾ ਬਣਕੇ ਆਪਣੀ ਜ਼ਿੰਮੇਵਾਰੀ ਨਿਭਾਈਏ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ, ਅੰਤ੍ਰਿੰਗ ਕਮੇਟੀ ਮੈਂਬਰ ਭਾਈ ਰਾਮ ਸਿੰਘ, ਮੈਂਬਰ ਭਾਈ ਮਨਜੀਤ ਸਿੰਘ ਤੇ ਸ. ਅਜੈਬ ਸਿੰਘ ਅਭਿਆਸੀ ਹਾਜ਼ਰ ਸਨ।

