ਸਿਹਤ ਵਿਭਾਗ ਨੇ ਜਨਤਕ ਥਾਵਾਂ ‘ਤੇ ਤੰਬਾਕੂ ਨੋਸ਼ੀ ਕਰਨ ਵਾਲੇ 8,077 ਦੋਸ਼ੀਆਂ ਦੇ ਚਲਾਨ ਕੱਟੇ
ਸਿੱਧੇ ਅਤੇ ਅਸਿੱਧੇ ਤੌਰ ‘ਤੇ ਤੰਬਾਕੂ ਦੀ ਵਰਤਂੋ ਕਰਨਾ ਸਿਹਤ ਲਈ ਹਾਨੀਕਾਰਕ : ਸਿਹਤ ਮੰਤਰੀ
ਹਰੇਕ ਸਿਗਰੇਟ ਵਿਚ 4000 ਤੋਂ ਵੱਧ ਵੱਖਰੇ ਪਦਾਰਥ, ਜਿਨ੍ਹਾਂ ਵਿਚੋਂ 40 ਪਦਾਰਥ ਜਾਨਲੇਵਾ ਬਿਮਾਰੀਆਂ ਕਰਨ ਵਾਲੇ
ਚੰਡੀਗੜ੍ਹ, 20 ਜੁਲਾਈ (ਮਧੂਸਾਰ ਬਿਊਰੋ) ਜਨਤਕ ਸਥਾਨਾਂ ‘ਤੇ ਸਿਗਰਟਨੋਸ਼ੀ ਅਤੇ ਤੰਬਾਕੂ ਚਬਾਉਣ ‘ਤੇ ਰੋਕ ਲਗਾਉਣ ਲਈ, ਸਿਹਤ ਵਿਭਾਗ ਨੇ ਅਪ੍ਰੈਲ, ਮਈ ਅਤੇ ਜੁਲਾਈ 2017 ਮਹੀਨੇ ਦੌਰਾਨ “ਸਿਗਰੇਟਸ ਐਂਡ ਅਦਰ ਤੰਬਾਕੂ ਪਰੋਡਕਟ ਐਕਟ, 2003” ਦੇ ਤਹਿਤ ਜਨਤਕ ਥਾਵਾਂ ‘ਤੇ ਤੰਬਾਕੂ ਦੀ ਵਰਤੋਂ ਕਰਨ ਵਾਲੇ ਦੋਸ਼ੀਆਂ ਦੇ 8,077 ਚਲਾਨ ਕੱਟੇ ਅਤੇ ਜੁਰਮਾਨੇ ਵਜੋਂ 480,965 ਰੁਪਏ ਦੀ ਰਾਸ਼ੀ ਵੀ ਇਕੱਠੀ ਕੀਤੀ ।
ਜਾਣਕਾਰੀ ਦਿੰਦਿਆਂ ਅੱਜ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਰਾਜ ਸਰਕਾਰ ਨੇ ਸਾਰੇ ਜਿਲ੍ਹਾ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਹਨ ਕਿ ਜੇਕਰ ਕੋਈ ਜਨਤਕ ਥਾਵਾਂ ‘ਤੇ ਤੰਬਾਕੂ ਦੀ ਵਰਤੋਂ ਸਿਗਰਟ ਨੋਸ਼ੀ ਜਾਂ ਸੁਪਾਰੀ, ਪਾਨ-ਮਸਾਲਾ ਵਜੋਂ ਕਰਦਾ ਹੈ ਤਾਂ ਉਸ ਦੋਸ਼ੀ ਵਿਰੁੱਧ ਆਈ.ਪੀ.ਸੀ. ਦੀ ਧਾਰਾ 268 ਅਤੇ 269 ਤਹਿਤ ਵੀ ਮਾਮਲਾ ਦਰਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਿੱਧੇ ਜਾਂ ਅਸਿੱਧੇ ਤੌਰ ‘ਤੇ ਤੰਬਾਕੂ ਦੀ ਵਰਤੋਂ ਕਰਨਾ ਇਨਸਾਨਾਂ ਅਤੇ ਜਾਨਵਰਾਂ ਲਈ ਸਮਾਨ ਰੂਪ ਵਿਚ ਹਾਨੀਕਾਰਕ ਹੈ ਅਤੇ ਇਹ ਇਕ ਗੰਭੀਰ ਵਿਸ਼ਾ ਹੈ ਜੋ ਸੂਬੇ ਦੇ ਲੋਕਾਂ ਦੀ ਸਿਹਤ ਨਾਲ ਜੁੜਿਆ ਹੋਇਆ ਹੈ।
ਸਿਹਤ ਮੰਤਰੀ ਨੇ ਤੰਬਾਕੂ ਦੇ ਪ੍ਰਭਾਵਾਂ ਬਾਰੇ ਵੇਰਵੇ ਦਿੰਦਿਆਂ ਕਿਹਾ ਕਿ ਹਰੇਕ ਸਿਗਰੇਟ ਵਿਚ 4000 ਤੋਂ ਵੱਧ ਪਦਾਰਥ ਹਨ, ਜਿਨ੍ਹਾਂ ਵਿਚੋਂ 40 ਪਦਾਰਥ ਸਿਹਤ ਲਈ ਬਹੁਤ ਖ਼ਤਰਨਾਕ ਸਾਬਿਤ ਹੋਏ ਹਨ। ਇਨਾਂ੍ਹ ਪਦਾਰਥਾਂ ਦੁਆਰਾ ਤੰਬਾਕੂ ਨੋਸ਼ੀ ਕਰਨ ਵਾਲੇ ਅਤੇ ਹੋਰ ਆਸ-ਪਾਸ ਦੇ ਲੋਕ, ਪਰਿਵਾਰਿਕ ਮੈਂਬਰ ਜਾਂ ਜਾਨਵਰਾਂ ਨੂੰ ਵੀ ਦਿਲ ਦੀਆਂ ਬਿਮਾਰੀਆਂ, ਖੂਨ ਦੀਆਂ ਨਾੜੀਆਂ ਨੂੰ ਨੁਕਸਾਨ ਪਹੁੰਚਣਾ, ਖੂਨ ਪਲੇਟਲੇਟ ਵਿਚ ਕਲਾਟ ਵੱਧਣਾ ਅਤੇ ਦਿਲ ਦਾ ਦੌਰਾ ਪੈਣ ਦਾ ਖਤਰਾ ਕਾਫੀ ਹੱਦ ਤੱਕ ਵੱਧ ਜਾਂਦਾ ਹੈ।ਉਨ੍ਹਾਂ ਕਿਹਾ ਕਿ ”ਇਥੇ ਇਹ ਵੀ ਦੱਸਣਾ ਅਤੀ ਜਰੂਰੀ ਹੈ ਕਿ ਤੰਬਾਕੂ ਦੀ ਵਰਤੋਂ ਕਾਰਨ ਲਗਪਗ 12.5 ਲੱਖ ਭਾਰਤੀ ਸਾਲਾਨਾ ਮਰ ਜਾਂਦੇ ਹਨ, ਜੋ ਏਡਜ਼, ਟੀ.ਬੀ. ਅਤੇ ਮਲੇਰੀਆ ਨਾਲੋਂ ਕਿਤੇ ਵੱਧ ਹੈ। ਇਹ ਅੰਕੜਾ 2020 ਤੱਕ 10 ਮਿਲੀਅਨ ਤੱਕ ਵੱਧ ਜਾਵੇਗਾ, ਜਿਸਦਾ ਮਤਲਬ ਹੈ ਕਿ ਹਰ ਤਿੰਨ ਸੈਕਿੰਡ ਵਿੱਚ ਇਕ ਵਿਅਕਤੀ ਦੀ ਮੌਤ ਤੰਬਾਕੂ ਦੀ ਵਰਤੋਂ ਦੇ ਕਾਰਨ ਦਰਜ ਕੀਤੀ ਜਾਵੇਗੀ।
ਸ੍ਰੀ ਮਹਿੰਦਰਾ ਨੇ ਅੱਗੇ ਕਿਹਾ ਕਿ ਜਨਤਕ ਥਾਵਾਂ ‘ਤੇ ਕਿਸੇ ਵੀ ਕਿਸਮ ਦਾ ਖਾਣ ਵਾਲਾ ਤੰਬਾਕੂ (ਧੂੰਆਂ ਰਹਿਤ) ਦਾ ਇਸਤੇਮਾਲ ਕਰਨਾ ਵੀ ਸਿਹਤ ਲਈ ਵੱਡਾ ਖਤਰਾ ਹੈ, ਜੋ ਕਿ ਟੀ.ਬੀ. ਸਵਾਈਨ ਫਲੂ, ਏਵੀਅਨ ਫਲੂ, ਨਮੂਨੀਆ ਅਤੇ ਮੌਖਿਕ ਕੈਂਸਰ ਵਰਗੀਆਂ ਬੀਮਾਰੀਆਂ ਹੋਣ ਦਾ ਮੁੱਖ ਕਾਰਨ ਹੈ।ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੇ ਰਿਕਾਰਡ ਅਨੁਸਾਰ ਦੇਸ਼ ਵਿੱਚ ਮੂੰਹ ਦੇ ਕੈਂਸਰ ਦੇ ਕਰੀਬ 90 ਫੀਸਦੀ ਲੋਕ ਤੰਬਾਕੂ-ਉਪਭੋਗਤਾ ਹਨ।
ਮੰਤਰੀ ਨੇ ਅੱਗੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਵੱਲੋਂ ਕਰਵਾਏ ਗਏ ਸਰਵੇਖਣ ਅਨੁਸਾਰ ਜਨਤਕ ਥਾਵਾਂ ‘ਤੇ ਤੰਬਾਕੂ ਚਬਾਉਣਾ ਅਤੇ ਸਿਗਰਟਨੋਸ਼ੀ ਦੀ ਵਰਤੋਂ ਕਾਰਨ ਸਫਾਈ ਅਤੇ ਜਨ ਸਿਹਤ ਨੂੰ ਵੱਡੇ ਪੱਧਰ’ ਤੇ ਪ੍ਰਭਾਵਿਤ ਕਰਦਾ ਹੈ।ਉਨ੍ਹਾਂ ਨੇ ਕਿਹਾ ਕਿ ਭਾਰਤੀ ਦੰਡ ਵਿਧਾਨ ਦੀ ਧਾਰਾ 269, ਕਿਸੇ ਵੀ ਲਾਪਰਵਾਹੀ ਨੂੰ ਰੋਕਦੀ ਹੈ ਜਿਸ ਨਾਲ ਕਿਸੇ ਬਿਮਾਰੀ ਦੇ ਫੈਲਣ ਦਾ ਖਤਰਾ ਪੈਦਾ ਹੁੰਦਾ ਹੈ।ਉਨ੍ਹਾਂ ਕਿਹਾ ਕਿ ਸਬੰਧਤ ਵਿਭਾਗਾਂ ਨੂੰ ਹੁਕਮ ਦਿੱਤਾ ਗਿਆ ਹੈ ਕਿ ਜਨਤਕ ਥਾਵਾਂ ‘ਤੇ ਤੰਬਾਕੂ ਦੀ ਵਰਤੋਂ ਨੂੰ ਕਾਬੂ ਕਰਨ ਲਈ ਉਕਤ ਐਕਟਾਂ ਅਧੀਨ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।

