ਪੰਜਾਬ

ਰਾਹੁਲ ਗਾਂਧੀ ਤੇ ਔਜਲਾ ਨੂੰ ਪੰਜਾਬ ਦੇ ਕਿਸਾਨਾਂ ਦੀ ਪੀੜ ਕਿਉਂ ਨਹੀਂ ਦਿਸਦੀ: ਅਕਾਲੀ ਦਲ

ਮਜੀਠੀਆ ਨੇ ਕਿਹਾ ਕਿ ਕਿਸਾਨਾਂ ਵੱਲੋਂ ਖੁਦਕੁਸ਼ੀ ਨੋਟਾਂ ਵਿਚ ਆਪਣੀ ਮੌਤ ਲਈ ਕਾਂਗਰਸ
ਚੰਡੀਗੜ੍ਹ/10 ਅਗਸਤ/ਮਧੂਸਾਰ ਬਿਊਰੋ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਉਪ-ਪ੍ਰਧਾਨ ਰਾਹੁਲ ਗਾਂਧੀ ਅਤੇ ਅੰਮ੍ਰਿਤਸਰ ਦੇ ਸਾਂਸਦ ਗੁਰਜੀਤ ਸਿੰਘ ਔਜਲਾ ਨੂੰ ਕਿਹਾ ਹੈ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਉਹ ਪੰਜਾਬ ਖੁਦਕੁਸ਼ੀ ਕਰ ਚੁੱਕੇ ਕਿਸਾਨਾਂ ਦੇ ਪਰਿਵਾਰਾਂ ਨੂੰ ਕਿਉਂ ਨਹੀ ਮਿਲ ਰਹੇ ਜਦਕਿ ਉਹ ਤਾਮਿਲਨਾਡੂ ਦੇ ਕਿਸਾਨਾਂ ਨਾਲ ਫੋਟੋ ਸੈਸ਼ਨ ਕਰਵਾ ਰਹੇ ਹਨ।

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਰਾਹੁਲ ਗਾਂਧੀ ਨੂੰ ਪੁੱਛਿਆ ਕਿ ਉੁਸ ਨੇ ਪੰਜਾਬ ਵਿਚ ਉਹਨਾਂ 200 ਕਿਸਾਨ ਪਰਿਵਾਰਾਂ ਨਾਲ ਹਮਦਰਦੀ ਕਿਉਂ ਨਹੀਂ ਜਤਾਈ ਜਿਹਨਾਂ ਦੇ ਰੋਟੀ ਕਮਾਉਣ ਵਾਲੇ ਖੁਦਕੁਸ਼ੀਆਂ ਕਰ ਚੁੱਕੇ ਹਨ। ਉਹਨਾਂ ਕਿਹਾ ਕਿ ਤੁਹਾਡੇ ਕੋਲ ਜੰਤਰ ਮੰਤਰ ਉੱਤੇ ਧਰਨਾ ਦੇ ਰਹੇ ਤਾਮਿਲਨਾਡੂ ਦੇ ਕਿਸਾਨਾਂ ਨਾਲ ਹਮਦਰਦੀ ਜ਼ਾਹਿਰ ਕਰਨ ਲਈ ਸਮਾਂ ਹੈ, ਪਰ ਪੰਜਾਬ ਦੇ ਉਹਨਾਂ ਕਿਸਾਨਾਂ ਨਾਲ ਦੁੱਖ ਸਾਂਝਾ ਕਰਨ ਦੀ ਵਿਹਲ ਜਾਂ ਇੱਛਾ ਨਹੀਂ ਹੈ, ਜਿਹੜੇ ਇਸ ਲਈ ਖੁਦਕੁਸ਼ੀਆਂ ਕਰ ਰਹੇ ਹਨ, ਕਿਉਂਕਿ ਤੁਹਾਡੀ ਸਰਕਾਰ ਉਹਨਾਂ ਨਾਲ ਕੀਤਾ ਮੁਕੰਮਲ ਕਰਜ਼ਾ ਮੁਆਫੀ ਦਾ ਵਾਅਦਾ ਪੂਰਾ ਨਹੀਂ ਕਰ ਰਹੀ ਹੈ। ਕੀ ਪੰਜਾਬ ਦੇ ਕਿਸਾਨਾਂ ਦੀ ਪੀੜ ਅਤੇ ਦੁੱਖ ਦਾ ਤੁਹਾਡੇ ਉੱਤੇ ਕੋਈ ਅਸਰ ਨਹੀਂ ਹੁੰਦਾ?
ਸਰਦਾਰ ਮਜੀਠੀਆ ਨੇ ਕਿਹਾ ਕਿ ਇਹ ਗੱਲ ਬਹੁਤ ਹੀ ਦੁੱਖਦਾਇਕ ਅਤੇ ਸ਼ਰਮਨਾਕ ਹੈ ਕਿ ਅੰਮ੍ਰਿਤਸਰ ਦਾ ਸਾਂਸਦ ਗੁਰਜੀਤ ਔਜਲਾ ਤਾਮਿਲਨਾਡੂ ਦੇ ਕਿਸਾਨਾਂ ਨਾਲ ਫੋਟੋਆਂ ਖਿਚਵਾ ਰਿਹਾ ਹੈ, ਪਰ ਉਹ ਪਿਛਲੇ ਮਹੀਨੇ ਉਸ ਦੇ ਹਲਕੇ ਵਿਚ ਖੁਦਕੁਸ਼ੀ ਕਰਨ ਵਾਲੇ ਕਿਸਾਨ ਮੇਜਰ ਸਿੰਘ ਅਜਨਾਲਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵੀ ਨਹੀਂ ਸੀ ਗਿਆ। ਉਹਨਾਂ ਕਿਹਾ ਕਿ ਮੇਜਰ ਆਪਣੇ ਪਿੱਛੇ ਇੱਕ ਖੁਦਕੁਸ਼ੀ ਨੋਟ ਲਿਖ ਕੇ ਗਿਆ ਸੀ ਕਿ ਉਸ ਨੇ ਕਾਂਗਰਸ ਨੂੰ ਵੋਟ ਪਾਈ ਸੀ, ਪਰ ਹੁਣ ਇਸ ਲਈ ਖੁਦਕੁਸ਼ੀ ਕਰ ਰਿਹਾ ਹੈ, ਕਿਉਂਕਿ ਕਾਂਗਰਸ ਨੇ ਆਪਣਾ ਮੁਕੰਮਲ ਕਰਜ਼ਾ ਮੁਆਫੀ ਦਾ ਵਾਅਦਾ ਪੂਰਾ ਨਹੀਂ ਕੀਤਾ।
ਰਾਹੁਲ ਗਾਂਧੀ ਅਤੇ ਸਮੁੱਚੀ ਕਾਂਗਰਸ ਨੂੰ ਪੁੱਛਦਿਆਂ ਕਿ ਹੋਰ ਕਿੰਨੇ ਕਿਸਾਨਾਂ ਦੀ ਬਲੀ ਲੈ ਕੇ ਉਹਨਾਂ ਦੀਆਂ ਅੱਖਾਂ ਖੁੱਲ੍ਹਣਗੀਆਂ ਅਤੇ ਉਹ ਕਰਜ਼ਾ ਮੁਆਫੀ ਸਕੀਮ ਨੁੰ ਲਾਗੂ ਕਰਨਗੇ, ਸਰਦਾਰ ਮਜੀਠੀਆ ਨੇ ਕਿਹਾ ਕਿ ਮੇਜਰ ਸਿੰਘ ਤੋਂ ਮਗਰੋ ਇੱਕ ਬਠਿੰਡੇ ਦੇ ਇੱਕ ਹੋਰ ਕਿਸਾਨ ਟੇਕ ਸਿੰਘ ਨੇ ਕੱਲ੍ਹ ਇੱਕ ਖੁਦਕੁਸ਼ੀ ਨੋਟ ਵਿਚ ਇਹ ਲਿਖ ਕੇ ਆਪਣੀ ਜਾਨ ਦੇ ਦਿੱਤੀ ਕਿ ਕਾਂਗਰਸ ਸਰਕਾਰ ਕਿਸਾਨਾਂ ਨੂੰ ਆਤਮ ਹੱਿਤਆਵਾਂ ਕਰਨ ਲਈ ਮਜ਼ਬੂਰ ਕਰ ਰਹੀ ਹੈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਖਤਰਨਾਕ ਰੁਝਾਣ ਹੈ ਅਤੇ ਜੇਕਰ ਇਸ ਨੂੰ ਤੁਰੰਤ ਨਾ ਰੋਕਿਆ ਗਿਆ ਤਾਂ ਸੂਬੇ ਅੰਦਰ ਮਨੁੱਖੀ ਜ਼ਿੰਦਗੀਆਂ ਦਾ ਵੱਡਾ ਘਾਣ ਹੋ ਸਕਦਾ ਹੈ।
ਕਾਂਗਰਸ ਸਰਕਾਰ ਅਤੇ ਇਸ ਦੇ ਘੂਕ ਸੁੱਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਨੀਂਦ ‘ਚੋਂ ਜਾਗਣ ਦੀ ਤਾਕੀਦ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਸੂਬੇ ਅੰਦਰ ਕਿਸਾਨਾਂ ਦੇ ਅਜਿਹੇ ਭਿਆਨਕ ਅੰਤ ਲਈ ਪੂਰੀ ਤਰ੍ਹਾਂ ਮਨਪ੍ਰੀਤ ਬਾਦਲ ਜ਼ਿੰਮੇਵਾਰ ਹੈ।ਮਨਪ੍ਰੀਤ ਬਾਦਲ ਨੇ ਸਭ ਤੋਂ ਪਹਿਲਾਂ ਕਰਜ਼ਾ ਮੁਆਫੀ ਨੂੰ ਕਾਂਗਰਸੀ ਚੋਣ ਮਨੋਰਥ ਪੱਤਰ ਦੀ ਆਧਾਰਸ਼ਿਲਾ ਬਣਾਇਆ ਅਤੇ ਫਿਰ ਉਸ ਨੇ ਮਾਮੂਲੀ ਜਿਹੀ ਫਸਲੀ ਕਰਜ਼ਾ ਮੁਆਫੀ ਦਾ ਐਲਾਨ ਕਰਕੇ ਨਾ ਸਿਰਫ ਆਪਣੇ ਮੁੱਖ ਮੰਤਰੀ ਦੇ ਹੁਕਮ ਦੀ ਅਵੱਗਿਆ ਕੀਤੀ , ਸਗੋਂ ਸਮੁੱਚੀ ਕਿਸਾਨੀ ਨਾਲ ਵੀ ਵਿਸਵਾਸ਼ਘਾਤ ਕੀਤਾ। ਹੁਣ ਉਹ ਇਸ ਮਾਮੂਲੀ ਕਰਜ਼ਾ ਮੁਆਫੀ ਨੂੰ ਵੀ ਲਾਗੂ ਕਰਨ ਲਈ ਤਰ੍ਹਾਂ ਤਰ੍ਹਾਂ ਦੇ ਬਹਾਨੇ ਘੜ ਰਿਹਾ ਹੈ। ਅਜਿਹੇ ਕਦਮਾਂ ਕਰਕੇ ਹੀ ਕਿਸਾਨੀ ਨੇ ਮਹਿਸੂਸ ਕਰ ਲਿਆ ਹੈ ਕਿ ਕਾਂਗਰਸ ਸਰਕਾਰ ਕਰਜ਼ਾ ਮੁਆਫੀ ਨੂੰ ਲਾਗੂ ਨਹੀਂ ਕਰੇਗੀ ਅਤੇ ਨਿਰਾਸ਼ ਹੋ ਕੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ।
ਰਾਹੁਲ ਗਾਂਧੀ ਨੂੰ ਕਿਸਾਨਾਂ ਨਾਲ ਫੋਟੋਆਂ ਖਿਚਵਾਉਣ ਦੇ ਡਰਾਮੇ ਬੰਦ ਕਰਨ ਦੀ ਤਾਕੀਦ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਜ਼ਿੰਦਗੀ ਵਿਚ ਇੱਕ ਵਾਰ ਤੁਹਾਨੂੰ ਪੰਜਾਬ ਦੇ ਉਹਨਾਂ ਲੱਖਾਂ ਕਿਸਾਨਾਂ ਦੀ ਜ਼ਿੰਦਗੀ ਬਦਲਣ ਦਾ ਮੌਕਾ ਮਿਲਿਆ ਹੈ, ਜਿਹੜੇ ਗਲੇ ਤੀਕ ਕਰਜ਼ੇ ਵਿਚ ਡੁੱਬੇ ਹੋਏ ਹਨ। ਸੂਬੇ ਵਿਚ ਤੁਹਾਡੀ ਆਪਣੀ ਸਰਕਾਰ ਹੈ। ਕਿਰਪਾ ਕਰਕੇ ਇਸ ਤੁਰੰਤ ਕਰਜ਼ਾ ਮੁਆਫੀ ਨੂੰ ਲਾਗੂ ਕਰਨ ਦਾ ਨਿਰਦੇਸ਼ ਦਿਓ ਤਾਂ ਕਿ ਕਿਸਾਨਾਂ ਨੂੰ ਖੁਦਕੁਸ਼ੀਆਂ ਦੀ ਦਲਦਲ ਵਿਚੋ ਡਿੱਗਣ ਤੋਂ ਬਚਾਇਆ ਜਾ ਸਕੇ, ਨਹੀਂ ਤਾਂ ਫਿਰ ਇਸ ਤੋਂ ਬਾਅਦ ਆਉਣ ਵਾਲੀ ਆਫਤ ਦੀ ਜ਼ਿੰਮੇਵਾਰੀ ਚੁੱਕਣ ਲਈ ਤਿਆਰ ਹੋ ਜਾਓ।

Leave a Reply

Your email address will not be published. Required fields are marked *